ਕਿਸਾਨ ਯੂਨੀਅਨ ਦੇ ਆਗੂ ਮੇਜ਼ਰ ਸਿੰਘ ਸੰਘੇੜਾ ਨੇ ਦਰਜ਼ ਕਰਵਾਈ ਸੀ ਐਫ.ਆਈ.ਆਰ. ਨੰਬਰ- 439
ਹਰਿੰਦਰ ਨਿੱਕਾ ,ਬਰਨਾਲਾ , 24 ਨਵੰਬਰ 2021
ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਸੰਘੇੜਾ ਇਕਾਈ ਦੇ ਪ੍ਰਧਾਨ ਮੇਜ਼ਰ ਸਿੰਘ ਵੱਲੋਂ ਆਪਣੇ ਹੀ ਗੁਆਂਢੀ ਖਿਲਾਫ ਦਰਜ਼ ਕਰਵਾਈ ਐਫ.ਆਈ.ਆਰ. ਦੀ ਹਕੀਕਤ ਦੇਰ ਨਾਲ ਹੀ ਸਹੀ। ਸਭ ਦੇ ਸਾਹਮਣੇ ਆ ਹੀ ਗਈ। ਮੇਜ਼ਰ ਸਿੰਘ ਨੇ ਪੁਲਿਸ ਕੋਲ ਦੁਬਾਰਾ ਬਿਆਨ ਦਰਜ਼ ਕਰਵਾਉਂਦਿਆਂ ਕਿਹਾ ਹੈ ਕਿ ਉਸ ਨੇ ਆਪਣੇ ਗੁਆਂਢੀ ਨੀਟਾ ਸਿੰਘ ਦੇ ਖਿਲਾਫ ਸ਼ੱਕ ਦੇ ਅਧਾਰ ਪਰ ਹੀ, ਗਲਤ ਕੇਸ ਦਰਜ਼ ਕਰਵਾ ਦਿੱਤੀ ਸੀ। ਜਿਸ ਸਬੰਧੀ ਉਹ ਹੁਣ ਕੇਸ ਨੂੰ ਅੱਗੇ ਚਲਾਉਣ ਦੀ ਬਜਾਏ, ਕੈਂਸਲ ਕਰਵਾਉਣਾ ਚਾਹੁੰਦਾ ਹੈ। ਮੇਜ਼ਰ ਸਿੰਘ ਨੇ ਲਿਖਤੀ ਬਿਆਨ ਵਿੱਚ ਇਹ ਵੀ ਮੰਨਿਆ ਹੈ ਕਿ ਨੀਟਾ ਸਿੰਘ ਦੇ ਖਿਲਾਫ ਦਰਜ਼ ਕਰਵਾਈ, ਐਫ.ਆਈ.ਆਰ ਗਲਤ ਸੀ। ਉਹ ਅੱਗੇ ਤੋਂ ਭਾਵਿੱਖ ਵਿੱਚ ਕਦੇ ਵੀ ਅਜਿਹੀ ਗਲਤੀ ਨਹੀਂ ਕਰੇਗਾ ਅਤੇ ਨਾ ਹੀ ਉਸ ਦੀ ਹੁਣ ਕੋਈ ਰੰਜਿਸ਼ ਹੈ। ਜਿਕਰਯੋਗ ਹੈ ਕਿ ਕਿਸਾਨ ਆਗੂ ਮੇਜ਼ਰ ਸਿੰਘ ਪੁਲਿਸ ਕੋਲ ਦਰਜ਼ ਕਰਵਾਈ ਐਫ.ਆਈ.ਆਰ. ਵਿੱਚ ਕਿਹਾ ਸੀ ਕਿ ਉਹ ਦਿਨ ਰਾਤ ਹਰ ਸਮੇਂ ਵੀਆਰਸੀ ਮਾਲ , ਨੇੜੇ ਸਬਜ਼ੀ ਮੰਡੀ ਬਰਨਾਲਾ ਵਿਖੇ ਚੱਲ ਰਹੇ ਧਰਨੇ ਪਰ ਹੀ ਰਹਿੰਦਾ ਹੈ। ਉਸ ਨੂੰ 30 ਅਗਸਤ ਦੀ ਰਾਤ ਵਖਤ ਕਰੀਬ ਸਾਢੇ 10/11 ਵਜੇ ਉਸ ਦੇ ਗੁਆਂਢੀ ਨੀਟਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸੰਘੇੜਾ ਨੇ ਆਪਣੇ 3 ਹੋਰ ਅਣਪਛਾਤੇ ਵਿਅਕਤੀਆਂ ਨੇ ਰਾਹ ਵਿੱਚ ਘੇਰ ਕੇ ਬੇਰਹਿਮੀ ਨਾਲ ਕੁੱਟਿਆ। ਜਿਸ ਕਾਰਣ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਅਦਾ ਸੱਟਾਂ ਲੱਗਣ ਕਾਰਣ , ਉਸਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।
ਮੇਜ਼ਰ ਸਿੰਘ ਨੇ ਲੜਾਈ ਦੀ ਵਜ੍ਹਾ ਰੰਜਿਸ਼ ‘ਚ ਦੋਸ਼ ਲਾਇਆ ਸੀ ਕਿ ਉਸ ਦੇ ਘਰ ਦੀ ਕੰਧ ਕਾਫੀ ਨੀਵੀਂ ਹੈ ਅਤੇ ਨੀਟਾ ਸਿੰਘ ਉਹ ਦੇ ਘਰ ਵੱਲ ਮੂੰਹ ਕਰਕੇ ਨਹਾਉਂਦਾ ਰਹਿੰਦਾ ਹੈ। ਅਜਿਹਾ ਨਾ ਕਰਨ ਲਈ, ਉਸਨੇ ਨੀਟੇ ਨੂੰ ਰੋਕਿਆ ਸੀ। ਉਲਾਭੇਂ ਅਤੇ ਰੋਕਣ ਤੋਂ ਖਫਾ ਹੋ ਕੇ ਉਸਨੇ ਆਪਣੇ ਸਾਥੀਆਂ ਸਣੇ, ਉਸ ਦੀ ਕੁੱਟਮਾਰ ਕੀਤੀ। ਮੇਜ਼ਰ ਸਿੰਘ ਦੇ ਅਜਿਹੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਕੇਸ ਦਰਜ਼ ਕੀਤਾ ਸੀ। ਪਰੰਤੂ ਕੇਸ ਦਰਜ਼ ਹੋਣ ਤੋਂ ਬਾਅਦ 2 ਕਿਸਾਨ ਯੂਨੀਅਨਾਂ, ਬੀਕੇਯੂ ਡਕੌਦਾ ਅਤੇ ਬੀਕੇਯੂ ਉਗਰਾਹਾਂ ਦੇ ਆਗੂ ਆਹਮੋ-ਸਾਹਮਣੇ ਆ ਗਏ ਸੀ। ਡਕੌਦਾ ਦੇ ਆਗੂ ਜ਼ੁਰਮ ਵਿੱਚ ਵਾਧਾ ਕਰਵਾਉਣ ਅਤੇ ਉਗਰਾਹਾਂ ਵਾਲੀ ਧਿਰ ਝੂਠਾ ਦਰਜ਼ ਕਰਵਾਇਆ ਕੇਸ ਕੈਂਸਲ ਕਰਵਾਉਣ ਲਈ ਪ੍ਰਸ਼ਾਸ਼ਨ ਤੇ ਦਬਾਅ ਬਣਾ ਰਹੇ ਸਨ। ਆਖਿਰ ਦੋਵਾਂ ਧਿਰਾਂ ਦਰਮਿਆਨ ਪੁਲਿਸ ਨੇ ਸਮਝੌਤਾ ਕਰਵਾ ਦਿੱਤਾ। ਹੁਣ ਪੁਲਿਸ ਨੇ ਕੇਸ ਦੀ ਕੈਂਸਲੇਸ਼ਨ ਭਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।