ਹਰਿੰਦਰ ਨਿੱਕਾ ,ਬਰਨਾਲਾ , 24 ਨਵੰਬਰ 2021
ਸ੍ਰੀ ਗੁਰੂ ਰਵਿਦਾਸ ਚੌਂਕ ਨੇੜੇ ਬਾਬਾ ਗਾਂਧਾ ਸਿੰਘ ਸਕੂਲ ਦੀ ਬਿਲਡਿੰਗ ‘ਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ. ਨੂੰ ਕਾਰ ਸਵਾਰ ਚੋਰਾਂ ਨੇ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ। ਜਿਸ ਕਾਰਣ ਵੱਡੀ ਚੋਰੀ ਦੀ ਵਾਰਦਾਤ ਤੋਂ ਬਚਾਅ ਰਹਿ ਗਿਆ। ਬੈਂਕ ਦੇ ਸੀਸੀਟੀਵੀ ਕੈਮਰਿਆਂ ਨੇ ਚੋਰਾਂ ਦੀ ਹਰ ਹਰਕਤ ਕੈਦ ਕਰ ਲਈ। ਪੁਲਿਸ ਨੇ ਬੈਂਕ ਦੀ ਬਰਾਂਚ ਦੇ ਮੈਨੇਜ਼ਰ ਦੀ ਸ਼ਕਾਇਤ ਪਰ ਤਿੰਨ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਬਰਾਂਚ ਮੈਨੇਜਰ ਅਮਿਤ ਆਨੰਦ ਨੇ ਦੱਸਿਆ ਕਿ ਪਹੁ ਫੁੱਟਣ ਤੋਂ ਪਹਿਲਾਂ ਵਖਤ ਕਰੀਬ ਸਵੇਰੇ 3:40 ਵਜੇ ਤਿੰਨ ਅਣਪਛਾਤੇ ਵਿਅਕਤੀ ਬਿਨਾਂ ਨੰਬਰੀ ਆਲਟੋ ਕਾਰ ਰੰਗ ਚਿੱਟਾ ਵਿੱਚ ਸਵਾਰ ਹੋ ਕੇ ਬੈਂਕ ਦੇ ਬਾਹਰ ਲੱਗੇ ਏ.ਟੀ.ਐਮ. ਤੇ ਪਹੁੰਚੇ ਜਿੰਨਾਂ ਦੇ ਮੂੰਹ ਬੰਨ੍ਹੇ ਹੋਏ ਸੀ, ਉਨਾਂ ਨੇ ਗੈਸ ਕਟਰ ਦੀ ਮੱਦਦ ਨਾਲ ਏ.ਟੀ.ਐਮ. ਤੋੜਨ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀਆਂ ਤੋਂ ਸ਼ਟਰ ਚੁੱਕਿਆ ਨਹੀਂ ਗਿਆ। ਫਿਰ ਉਨ੍ਹਾਂ ਗੈਸ ਕਟਰ ਨਾਲ ਸ਼ਟਰ ਨੂੰ ਵਿਚਾਲਿਉਂ ਕੱਟਣ ਦੀ ਕੋਸ਼ਿਸ਼ ਕੀਤੀ। ਪਰੰਤੂ ਚੋਰੀ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਕਾਰ ਸਵਾਰ ਚੋਰ ਮੌਕਾ ਵਾਰਦਾਤ ਤੋਂ ਫਰਾਰ ਹੋ ਗਏ।
ਬੈਂਕ ਮੈਨੇਜਰ ਅਮਿਤ ਆਨੰਦ ਨੇ ਦੱਸਿਆ ਕਿ ਘਟਨਾ ਦੀ ਸ਼ਕਾਇਤ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੂੰ ਦੇ ਦਿੱਤੀ ਗਈ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਬੈਂਕ ਮੈਨੇਜਰ ਦੀ ਸ਼ਕਾਇਤ ਪਰ 3 ਅਣਪਛਾਤੇ ਚੋਰਾਂ ਖਿਲਾਫ ਅਧੀਨ ਜੁਰਮ 457/380/511 ਆਈਪੀਸੀ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਗੁਰਮੇਲ ਸਿੰਘ ਨੂੰ ਸੌਂਪ ਦਿੱਤੀ ਹੈ। ਡੀਐਸਪੀ ਟਿਵਾਣਾ ਨੇ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਸੀਸੀਟੀਵੀ ਫੁਟੇਜ ਤੋਂ ਚੋਰਾਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।