ਮੁੱਖਮੰਤਰੀ ਵਜੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਖੁਦ ਸਿਫਾਰਸ਼ ਕਰਨ ਬਾਅਦ ਹੁਣ ਪ੍ਰਧਾਨ ਮੰਤਰੀ ਬਣ ਕੇ ਕਮੇਟੀ ਬਣਾਉਣ ਦੀ ਰੱਟ ਕਿਉਂ ? ਕਿਸਾਨ ਆਗੂ
* ਸਰਕਾਰ ਦੀਆਂ ਹੱਥਠੋਕਾ ਜਥੇਬੰਦੀਆਂ ਦੇ ਆਗੂਆਂ ਤੇ ਮਾਹਰਾਂ ਵੱਲੋਂ ਐਮਐਸਪੀ ਨੂੰ ਦੇਸ਼-ਵਿਰੋਧੀ ਕਹਿਣਾ ਬਹੁਤ ਚਿੰਤਾਜਨਕ ;ਚੌਕਸ ਰਹਿਣ ਦੀ ਜਰੂਰਤ: ਆਗੂ
ਬੀਜੇਪੀ ਸਮਰਥਕ ਕਾਨੂੰਨ ਰੱਦ ਹੋਣ ਨੂੰ ਨਿੱਜੀ ਹਾਰ ਨਾ ਸਮਝਣ ਅਤੇ ਕਾਨੂੰਨ ਦੁਬਾਰਾ ਬਣਨ ਵਰਗੀਆਂ ਊਲ ਜਲੂਲ ਪੋਸਟਾਂ ਨਾ ਪਾਉਣ: ਕਿਸਾਨ
ਪਰਦੀਪ ਕਸਬਾ ,ਬਰਨਾਲਾ: 23ਨਵੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 419 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕਿਹਾ ਕਿ ਸਾਡੇ ਮੌਜੂਦਾ ਪ੍ਰਧਾਨਮੰਤਰੀ ਨੇ ਸੰਨ 2011 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੋਣ ਵਜੋਂ ਇੱਕ ਕੇਂਦਰੀ ਕਮੇਟੀ ਦੀ ਸਦਾਰਤ ਕਰਦਿਆਂ ਤਦਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਿਫਾਰਸ਼ ਕੀਤੀ ਸੀ ਕਿ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਬਣਾਇਆ ਜਾਵੇ।
ਹੁਣ ਪ੍ਰਧਾਨ ਮੰਤਰੀ ਬਣਨ ਬਾਅਦ ਖੁਦ ਆਪਣੀ ਹੀ ਸਿਫਾਰਸ਼ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਹੁਣ ਐਮਐਸਪੀ ਦੇ ਕਾਨੂੰਨ ਬਾਰੇ ਕਮੇਟੀ ਬਣਾ ਕੇ ਇਸ ਤਜਵੀਜ਼ ਨੂੰ ਠੰਢੇ ਬਸਤੇ ‘ਚ ਪਾਉਣ ਦੀ ਚਾਲ ਚੱਲੀ ਜਾ ਰਹੀ ਹੈ। ਸਰਕਾਰ ਗਰੰਟੀ ਕਾਨੂੰਨ ਵਾਲੀ ਅਤੇ ਬਾਕੀ ਮੰਗਾਂ ਮੰਨ ਕੇ ਕਿਸਾਨਾਂ ਦੇ ਘਰ ਮੁੜਨ ਦਾ ਰਾਹ ਪੱਧਰਾ ਕਰੇ।
ਅੱਜ ਬੁਲਾਰਿਆਂ ਨੇ ਕੁੱਝ ਸਰਕਾਰੀ ਹੱਥਠੋਕਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਥਿਤ ਮਾਹਰਾਂ ਦੇ ਐਮਐਸਪੀ ਬਾਰੇ ਕਾਨੂੰਨ ਨੂੰ ਦੇਸ਼ ਲਈ ਘਾਤਕ ਦੱਸਣ ਵਾਲੇ ਬਿਆਨਾਂ ਦਾ ਗੰਭੀਰ ਨੋਟਿਸ ਲਿਆ। ਇਹ ਕਥਿਤ ਮਾਹਰ ਕਾਰਪੋਰੇਟਾਂ ਦੀ ਬੋਲੀ ਬੋਲ ਰਹੇ ਹਨ। ਕਿਸਾਨ ਆਗੂਆਂ ਨੇ ਅੰਕੜਿਆਂ ਰਾਹੀਂ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਐਮਐਸਪੀ ਦੀ ਤਜਵੀਜ਼ ਵਿਵਹਾਰਕ , ਆਰਥਿਕ ਪੱਖੋਂ ਪਰਪੱਕ,ਤਾਰਕਕ ਅਤੇ ਦੇਸ਼ ਦੇ ਸਮੁੱਚੇ ਲੋਕਾਂ ਦੇ ਭਲੇ ਵਿੱਚ ਹੈ। ਸਰਕਾਰ ਇਨ੍ਹਾਂ ਕਥਿਤ ਕਿਸਾਨ ਆਗੂਆਂ ਤੇ ਮਾਹਰਾਂ ਦੀ ਗੱਲਾਂ ਵੱਲ ਧਿਆਨ ਨਾ ਦਿੰਦੇ ਹੋਏ ਐਮਐਸਪੀ ਕਾਨੂੰਨ ਬਣਾਏ।
ਅੱਜ ਗੁਰਦੇਵ ਸਿੰਘ ਮਾਂਗੇਵਾਲ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਬਲਵਿੰਦਰ ਸਿੰਘ ਪੱਤੀ ਰੋਡ,ਅਮਰਜੀਤ ਕੌਰ, ਨਛੱਤਰ ਸਿੰਘ ਸਾਹੌਰ, ਹਰਚਰਨ ਸਿੰਘ ਚੰਨਾ, ਪ੍ਰਮਿੰਦਰ ਹੰਢਿਆਇਆ, ਜਸਵਿੰਦਰ ਸਿੰਘ ਮੰਡੇਰ, ਪਰਮਜੀਤ ਸਿੰਘ ਸੰਘੇੜਾ, ਕਮਲਜੀਤ ਕੌਰ ਪੱਤੀ ,ਗੁਰਜੰਟ ਸਿੰਘ ਹਮੀਦੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਚਲਦਾ ਹੈ ਕਿ ਬੀਜੇਪੀ ਦੇ ਕੱਟੜ ਸਮਰਥਕ ਖੇਤੀ ਕਾਨੂੰਨ ਰੱਦ ਹੋਣ ਨੂੰ ਆਪਣੀ ਨਿੱਜੀ ਹਾਰ ਵਜੋਂ ਲੈ ਰਹੇ ਹਨ।
ਉਹ ਅਜਿਹੀਆਂ ਊਲ ਜਲੂਲ ਅਤੇ ਕਾਨੂੰਨ ਦੁਬਾਰਾ ਤੋਂ ਬਣਨ ਦੀਆਂ ਗੱਲਾਂ ਕਰ ਰਹੇ ਹਨ। ਇਹ ਕਿਸੇ ਦੀ ਨਿੱਜੀ ਜਿੱਤ ਹਾਰ ਦਾ ਮਸਲਾ ਨਹੀਂ ਹੈ।ਇਹ ਕਾਨੂੰਨ ਸਾਰੇ ਦੇਸ਼ਵਾਸੀਆਂ ਲਈ ਖਤਰਨਾਕ ਹਨ। ਇਸ ਲਈ ਸਭ ਨੂੰ ਇਨ੍ਹਾਂ ਦੇ ਰੱਦ ਹੋਣ ਦਾ ਸਵਾਗਤ ਕਰਨਾ ਚਾਹੀਦਾ ਹੈ।
ਅੱਜ ਨਹਿਰੂ ਚੌਕ ਵਿੱਚ ਹੈਲਥ ਵਰਕਰਾਂ ਦੇ ਅਰਥੀ-ਫੂਕ ਧਰਨੇ ਵਿੱਚ ਸੰਕੇਤਕ ਤੌਰ ‘ਤੇ ਸ਼ਾਮਲ ਹੋ ਕੇ ਐਨਐਚਐਮ ਹੈਲਥ ਵਰਕਰਾਂ ਦੇ ਘੋਲ ਨਾਲ ਇੱਕਜੁੱਟਤਾ ਪ੍ਰਗਟਾਈ ਗਈ।
ਅੱਜ ਕੈਨੇਡੀਅਨ ਐਨਆਰਆਈ ਪਰਮਜੀਤ ਸਿੰਘ ਸੰਘੇੜਾ ਨੇ ਧਰਨੇ ਨੂੰ 10000 ਰੁਪਏ ਆਰਥਿਕ ਸਹਾਇਤਾ ਦਿੱਤੀ। ਸੰਚਾਲਨ ਕਮੇਟੀ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਅੱਜ ਰਾਜਵਿੰਦਰ ਸਿੰਘ ਮੱਲੀ ਨੇ ਬੀਰਰਸੀ ਕਵੀਸ਼ਰੀ ਗਾਇਣ ਰਾਹੀਂ ਪੰਡਾਲ ‘ਚ ਜੋਸ਼ ਭਰਿਆ। ਰਘੁਬੀਰ ਸਿੰਘ ਕੱਟੂ ਨੇ ਇਨਕਲਾਬੀ ਬੋਲੀਆਂ ਸੁਣਾਈਆਂ।