80 ਚੋਂ 72 ਦੀ ਰਿਪੋਰਟ ਨੈਗੇਟਿਵ, 7 ਦੀ ਰਿਪੋਰਟ ਪੈਂਡਿਗ, 1 ਦੇ ਅੱਜ ਭੇਜ਼ੇ ਸੈਂਪਲ
ਸਿਹਤ ਵਿਭਾਗ ਦੀ ਨਵੀਂ ਨੀਤੀ- 74 ਬੰਦੇ ਘਰਾਂ ਚ, ਹੀ ਕੋਆਰੰਟੀਨ, ਹੁਣ ਕਿਸੇ ਵੀ ਸ਼ੱਕੀ ਨੂੰ ਨਹੀਂ ਕੀਤਾ ਜਾਵੇਗਾ ਹਸਪਤਾਲ ਚ, ਭਰਤੀ
ਹਰਿੰਦਰ ਨਿੱਕਾ ਬਰਨਾਲਾ 16 ਅਪ੍ਰੈਲ 2020
ਹੁਣ ਜਿਲ੍ਹੇ ਚ, ਕੋਰੋਨਾ ਦਾ ਕੋਈ ਵੀ ਪੌਜੇਟਿਵ ਮਰੀਜ਼ ਨਾ ਹੋਣ ਕਰਕੇ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੁਆਰਾ ਨਵੀਂ ਨੀਤੀ ਤਿਆਰ ਕਰਕੇ ਉਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਬਰਨਾਲਾ-ਖੁੱਡੀ ਕਲਾਂ ਲਿੰਕ ਰੋਡ ਤੇ ਪੈਂਦੇ ਸੋਹਲ ਪੱਤੀ ਖੇਤਰ ਚ, ਕਾਇਮ ਕੀਤਾ ਗਿਆ ਅਸਥਾਈ ਆਈਸੋਲੇਟ ਕੇਂਦਰ ਵੀ ਵਿਹਲਾ ਕਰ ਦਿੱਤਾ ਗਿਆ ਹੈ। ਇੱਥੇ ਆਈਸੋਲੇਟ ਕੀਤੇ ਸਾਰੇ ਸ਼ੱਕੀ ਮਰੀਜ਼ਾਂ ਦੀ ਹਾਲਤ ਠੀਕ ਹੋਣ ਤੇ ਉਨ੍ਹਾਂ ਨੂੰ ਘਰਾਂ ਚ, ਹੀ ਕੁਆਰੰਟੀਨ ਕਰ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਬਰਨਾਲਾ ਜਿਲ੍ਹੇ ਚ, ਹੁਣ ਤੱਕ ਕੁੱਲ 80 ਸ਼ੱਕੀ ਮਰੀਜ਼ਾਂ ਦੇ ਸੈਂਪਲ ਜ਼ਾਂਚ ਲਈ ਭੇਜ਼ੇ ਗਏ ਸਨ। ਇਹਨਾਂ ਚੋਂ, 72 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਕਿ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਜਾਂਚ ਲਈ ਭੇਜ਼ੇ 7 ਸ਼ੱਕੀ ਮਰੀਜਾਂ ਦੀ ਰਿਪੋਰਟ ਹਾਲੇ ਪ੍ਰਾਪਤ ਨਹੀਂ ਹੋਈ, ਪਰੰਤੂ ਬਰਨਾਲਾ ਦੇ ਇੱਕ ਹੋਰ ਸ਼ੱਕੀ ਮਰੀਜ ਦਾ ਸੈਂਪਲ ਲੈ ਕੇ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ, ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਕੋਈ ਨਵਾਂ ਸ਼ੱਕੀ ਮਰੀਜ ਸਾਹਮਣੇ ਨਹੀਂ ਆਇਆ ਸੀ। ਅੱਜ ਬਰਨਾਲਾ ਦੇ ਜਿਸ ਬੰਦੇ ਦੇ ਸੈਂਪਲ ਲੈ ਕੇ ਭੇਜ਼ੇ ਗਏ ਹਨ, ਉਸ ਵਿੱਚ ਕੋਰੋਨਾ ਦੇ ਕੋਈ ਜਿਆਦਾ ਵਿਸ਼ੇਸ਼ ਲੱਛਣ ਨਹੀਂ ਸਨ। ਫਿਰ ਵੀ ਸ਼ੱਕ ਦੂਰ ਕਰਨ ਲਈ ਉਸ ਦਾ ਸੈਂਪਲ ਭੇਜ਼ਿਆ ਗਿਆ ਹੈ। ਪਰੰਤੂ ਉਸ ਦੀ ਹਾਲਤ ਨਾਰਮਲ ਹੋਣ ਕਰਕੇ ਉਸਨੂੰ ਘਰ ਅੰਦਰ ਹੀ ਏਕਾਂਤਵਾਸ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੁਣ ਨਵੀਂ ਤੈਅ ਨੀਤੀ ਤਹਿਤ ਉਹ ਸਾਰੇ ਸ਼ੱਕੀ ਮਰੀਜ਼ਾਂ ਨੂੰ ਘਰੋ-ਘਰੀਂ ਹੀ ਏਕਾਂਤਵਾਸ ਰੱਖਿਆ ਜਾਵੇਗਾ, ਜਿਨ੍ਹਾਂ ਦੀ ਹਾਲਤ ਠੀਕ ਹੈ, ਪਰ ਉਹ ਕਿਸੇ ਦੇ ਸੰਪਰਕ ਕਾਰਣ ਜਾਂ ਫਿਰ ਬਾਹਰੀ ਇਲਾਕੇ ਚੋਂ ਆਏ ਹੋਣ ਕਾਰਣ ਹੀ ਸ਼ੱਕੀ ਸਮਝੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਇਸ ਕਾਰਣ ਕੀਤਾ ਗਿਆ ਹੈ ਕਿ ਸਾਰਿਆਂ ਨੂੰ ਇਕੱਠਿਆਂ ਰੱਖਣ ਸਮੇਂ, ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਵਧ ਸਕਦੀ ਹੈ। ਜੇਕਰ ਕੋਈ ਗੰਭੀਰ ਹਾਲਤ ਦਾ ਮਰੀਜ਼ ਆਇਆ ਤਾਂ ਉਸ ਨੂੰ ਹਸਪਤਾਲ ਚ, ਆਈਸੋਲੇਟ ਕਰਕੇ ਉਸ ਦਾ ਇਲਾਜ਼ ਕੀਤੇ ਜਾਣ ਦੇ ਸਾਰੇ ਪ੍ਰਬੰਧ ਹਸਪਤਾਲ ਵਿੱਚ ਮੌਜੂਦ ਹਨ।
-ਜਿਲ੍ਹੇ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਚ, ਕੁੱਲ 74 ਜਣਿਆਂ ਨੂੰ ਘਰਾਂ ਚ, ਏਕਾਂਤਵਾਸ ਰੱਖਿਆ ਹੋਇਆ ਹੈ। ਸਾਰੇ ਸ਼ੱਕੀ ਵਿਅਕਤੀਆਂ ਦੀ ਹਾਲਤ ਠੀਕ ਹੈ।