ਘਰ ਅੰਦਰ ਪਿਆ ਸਮਾਨ ਸੜ੍ਹਕੇ ਹੋਇਆ ਰਾਖ, ਮਾਂ ਨੇ ਦਰਜ਼ ਕਰਵਾਇਆ ਕੇਸ
ਹਰਿੰਦਰ ਨਿੱਕਾ , ਬਰਨਾਲਾ 12 ਅਕਤੂਬਰ 2021
ਬੱਸ ਸਟੈਂਡ ਪੁਲਿਸ ਚੌਂਕੀ ਦੇ ਖੇਤਰ ਵਿੱਚ ਪੈਂਦੇ ਗੁਰੂ ਨਾਨਕ ਨਗਰ ਵਿਖੇ ਰਹਿੰਦੇ ਇੱਕ ਨੌਜਵਾਨ ਨੇ ਆਪਣੇ ਭਰਾ ਨਾਲ ਹੀ ਲੜਾਈ ਕਰਕੇ, ਘਰ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਣ ਘਰ ਦਾ ਸਮਾਨ ਸੜਕੇ ਸੁਆਹ ਹੋ ਗਿਆ। ਦੋ ਸਕੇ ਭਰਾਵਾਂ ਦੀ ਲੜਾਈ ਵਿੱਚ ਦੋ ਪੁੜਾਂ ਦਰਮਿਆਨ ਪਿਸ ਰਹੀ ਮਾਂ ਨੇ ਆਖਿਰ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਕੇ ਆਪਣੇ ਪੁੱਤਰ ਦੇ ਖਿਲਾਫ ਹੀ ਕੇਸ ਦਰਜ਼ ਕਰਵਾ ਦਿੱਤਾ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਮਰਜੀਤ ਕੌਰ ਪਤਨੀ ਆਲੂ ਸਿੰਘ ਵਾਸੀ ਗੁਰੂ ਨਾਨਕ ਨਗਰ , ਸੈਂਸੀ ਬਸਤੀ ਬਰਨਾਲਾ ਨੇ ਦੱਸਿਆ ਕਿ ਉਸ ਦਾ ਵੱਡਾ ਲੜਕਾ ਮਨਪ੍ਰੀਤ ਸਿੰਘ ਆਪਣੇ ਛੋਟੇ ਭਰਾ ਨਾਲ ਲੜ ਪਿਆ। ਜਦੋਂ ਦੋਵਾਂ ਦਰਮਿਆਨ ਹੋ ਰਹੀ ਲੜਾਈ ਰੋਕਣ ਲਈ ਮੁਦਈ ਨੇ ਕੋਸ਼ਿਸ਼ ਕੀਤੀ ਤਾਂ ਫਿਰ ਉਸ ਦੇ ਵੱਡੇ ਲੜਕੇ ਮਨਪ੍ਰੀਤ ਸਿੰਘ ਨੇ ਘਰ ਵਿੱਚ ਅੱਗ ਲਗਾ ਦਿੱਤੀ। ਅੱਗ ਨਾਲ ਘਰ ਦਾ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ ਅਧੀਨ ਜ਼ੁਰਮ 436 ਆਈ.ਪੀ.ਸੀ. ਤਹਿਤ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਬਲਦੇਵ ਸਿੰਘ ਨੂੰ ਸੌਂਪ ਦਿੱਤੀ। ਉਨਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।