ਹਰਿੰਦਰ ਨਿੱਕਾ, ਬਰਨਾਲਾ , 12 ਅਕਤੂਬਰ 2021
ਚੋਰੀਆਂ ਹੀ ਚੋਰੀਆਂ , ਕਿਸੇ ਦੇ ਘਰ ਅੰਦਰ ਵੜ੍ਹ ਕੇ ਅਣਪਛਾਤੇ ਚੋਰ ਨਗਦੀ, ਸੋਨਾ ਜਾਂ ਹੋਰ ਸਮਾਨ ਚੁਰਾ ਕੇ ਲੈ ਗਏ, ਕਿੱਧਰੇ ਕਿਸੇ ਥਾਂ ਤੇ ਖੜ੍ਹਾ ਮੋਟਰ ਸਾਈਕਲ ਖਿਸਕਾ ਕੇ ਚੋਰ ਫੁਰਰ ਹੋ ਗਏ। ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਹੁਣ ਆਮ ਹੋ ਚੁੱਕੀਆਂ ਹਨ। ਪਿੰਡਾਂ ਅੰਦਰ ਠੀਕਰੇ ਪਹਰਿਆਂ ਦੇ ” ਜਾਗਦੇ ਰਹੋ ” ਜਾਗਦੇ ਰਹੋ ਜਿਹੇ ਲਲਕਾਰੇ, ਲੋਕਾਂ ਨੂੰ ਤਾਂ ਜਗਾ ਕੇ ਰੱਖਦੇ ਹਨ, ਪਰੰਤੂ ਚੋਰ ਬੇਖੌਫ ਆਪਣਾ ਕੰਮ ਜ਼ਾਰੀ ਰੱਖ ਹੀ ਰਹੇ ਹਨ। ਪੁਲਿਸ ਵੀ ਚੋਰਾਂ ਅੱਗੇ ਬੇਵੱਸ ਹੋਈ ਨਜ਼ਰ ਆ ਰਹੀ ਹੈ, ਬਹੁਤੀਆਂ ਚੋਰੀ ਦੀਆਂ ਵਾਰਦਾਤਾਂ ਪੁਲਿਸ ਦੇ ਰਿਕਾਰਡ ਵਿੱਚ ਦਰਜ਼ ਨਹੀਂ ਹੁੰਦੀਆਂ, ਜੋ ਦਰਜ਼ ਹੋ ਜਾਂਦੀਆਂ ਹਨ , ਉਹ ਵੀ ਅਣਪਛਾਤਿਆਂ ਦੇ ਖਿਲਾਫ ਹੀ ਹੁੰਦੀਆਂ ਨੇ, ਜਦੋਂਕਿ ਚੋਰੀ ਦੀਆਂ ਘਟਨਾਵਾਂ ਦੇ ਟਰੇਸ ਯਾਨੀ ਚੋਰਾਂ ਨੂੰ ਫੜ੍ਹਕੇ, ਉਨਾਂ ਤੋਂ ਚੋਰੀ ਕੀਤਾ ਸਮਾਨ ਬਰਾਮਦ ਹੋਣ ਦਾ ਅੰਕੜਾ ਪ੍ਰਤੀਸ਼ਤ ਦੀ ਬਜਾਏ ਸੰਖਿਆ ਤੱਕ ਹੀ ਸੀਮਤ ਰਹਿ ਜਾਂਦਾ ਹੈ। ਜਿਸ ਕਾਰਣ, ਲੋਕਾਂ ਅੰਦਰ ਚੋਰਾਂ ਦਾ ਭੈਅ ਅਤੇ ਚੋਰਾਂ ਨੂੰ ਕੇਸ ਅਨਟਰੇਸ ਰਹਿ ਜਾਣ ਦਾ ਫਾਇਦਾ ਅਕਸਰ ਮਿਲਦਾ ਹੀ ਰਹਿੰਦਾ ਹੈ।
ਲੰਘੀ ਕੱਲ੍ਹ ਵੀ ਚੋਰਾਂ ਨੇ ਦੋ ਵੱਖ ਵੱਖ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਹਿਣੇ ਦੇ ਮੇਲੇ ਤੋਂ ਇੱਕ ਮੋਟਰ ਸਾਈਕਲ ਚੋਰੀ ਕਰ ਲਿਆ ਅਤੇ ਧਨੌਲਾ ਦੇ ਇੱਕ ਘਰ ਅੰਦਰ ਵੜ੍ਹ ਕੇ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰ ਲਈ। ਪੁਲਿਸ ਨੇ ਵੀ ਦੋਵਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰ ਲਏ ਹਨ। ਬਲਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਧਨੌਲਾ ਨੇ ਪੁਲਿਸ ਨੂੰ ਤਹਿਰੀਰ ਕਰਵਾਏ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਕਾਰ ਲਈ ਬਰਨਾਲਾ ਵਿਖੇ ਗਈ ਹੋਈ ਸੀ ਤਾਂ ਜਦੋਂ ਉਸ ਨੇ ਵਕਤ ਕਰੀਬ 05:30 ਵਜੇ ਸਾਮ ਨੂੰ ਆਪਣੇ ਘਰ ਆ ਕੇ ਦੇਖਿਆ ਤਾਂ ਕੋਈ ਨਾਮਲੂਮ ਚੋਰ, ਉਸ ਦੇ ਘਰੋਂ ਸੋਨੇ ਦੀਆਂ 4 ਛਾਪਾਂ ਅਤੇ 20-25 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ।
ਬਲਜੀਤ ਕੌਰ ਅਨੁਸਾਰ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਕਰੀਬ 90 ਹਜ਼ਾਰ ਰੁਪਏ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸ਼ੇਰ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ, ਚੋਰਾਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉੱਧਰ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਸ਼ਹਿਣਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਮੋਟਰ ਸਾਈਕਲ ਤੇ ਬੀਬੜੀਆਂ ਮਾਈਆ ਦੇ ਮੇਲੇ ਵਿੱਚ ਮੱਥਾ ਟੇਕਣ ਗਿਆ ਸੀ। ਮੱਥਾ ਟੇਕਣ ਸਮੇਂ ਉਹ ਆਪਣਾ ਮੋਟਰਸਾਈਕਲ ਨੰਬਰ ਪੀ.ਬੀ 07-ਬੀਏ-7528 ਸਪੱਲੈਂਡਰ ਬਾਹਰ ਖੜ੍ਹਾ ਕਰਕੇ ਗਿਆ । ਪਰੰਤੂ ਜਦੋਂ ਮੰਦਿਰ ਵਿਖੇ ਮੱਥਾ ਟੇਕ ਕੇ ਵਾਪਿਸ ਆਇਆ ਤਾਂ ਮੋਟਰ ਸਈਕਲ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਸ਼ਕਾਇਤ ਤੇ ਅਧਾਰ ਤੇ ਅਣਪਛਾਤੇ ਚੋਰ ਵਿਰੁੱਧ ਕੇਸ ਦਰਜ਼ ਕਰਕੇ,ਉਸਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।