ਕੇਂਦਰੀ ਫੰਡ ਮਿਲਣ ਦੇ ਬਾਵਜੂਦ ਰਾਸ਼ਨ ਨਾਂ ਮਿਲਣ ਦੀ ਸਾਬਕਾ ਮੇਅਰ ਨਾਥ ਨੇ ਦਿੱਤੀ ਦੁਹਾਈ
ਅਸ਼ੋਕ ਵਰਮਾ ਬਠਿੰਡਾ, 13ਅਪੈ੍ਰਲ 2020
ਨਗਰ ਨਿਗਮ ਬਠਿੰਡਾ ਦੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਕੇਂਦਰ ਸਰਕਾਰ ਤੋਂ ਰਾਹਤ ਫੰਡ ਮਿਲਣ ਦੇ ਬਾਵਜੂਦ ਬਠਿੰਡਾ ਦੇ ਗਰੀਬਾਂ ਨੂੰ ਰਾਸ਼ਨ ਨਾਂ ਮਿਲਣ ਦੀ ਦੁਹਾਈ ਦਿੱਤੀ ਹੈ। ਉਨ੍ਹਾਂ ਚਿਤਾਵਨਂ ਦਿੱਤੀ ਕਿ ਲੋਕ ਭੁੱਖ ਅਤੇ ਬਿਮਾਰੀ ਨਾਲ ਇਕੱਠਿਆਂ ਨਹੀਂ ਲੜ ਸਕਦੇ ਇਸ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਪੰਜਾਬ ਨੂੰ ਦਿੱਤੀ ਗਈ 885.75 ਕਰੋੜ ਰੁਪਏ ਦੀ ਰਾਹਤ ਰਾਸ਼ੀ ਨਾਲ ਗਰੀਬਾਂ ਅਤੇ ਲੋੜਵਂੰਦਾਂ ਲਈ ਰਾਸ਼ਨ ਅਤੇ ਦਵਾਈਆਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿਚ ਸਿਆਸਤ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਾਰੇ ਲੋੜਵੰਦਾਂ ਦੀ ਬਿਨਾਂ ਕਿਸੇ ਵਿਤਕਰੇ ਤੋਂ ਮੱਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਰਾਹਤ ਫੰਡ ਮਗਰੋਂ ਵੀ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਹੈ।
ਸ੍ਰੀ ਨਾਥ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਖ਼ਿਲਾਫ ਲੜਾਈ ਲਈ ਵੱਖ ਵੱਖ ਸਕੀਮਾਂ ਤਹਿਤ 1.75 ਲੱਖ ਕਰੋੜ ਰੁਪਏ ਦੀ ਰਾਹਤ ਦਿੱਤੀ ਜਾ ਚੁੱਕੀ ਹੈ। ਉਹਨਾਂ ਦੱਸਿਆਂ ਕਿ ਇਹ ਸਾਰਾ ਪੈਸਾ ਸਿਹਤ ਸਹੂਲਤਾਂ ਵਿਚ ਵਾਧਾ ਕਰਨ, ਡਾਕਟਰਾਂ, ਨਰਸਾਂ ਸਮੇਤ ਸਾਰੇ ਸਿਹਤ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਗਰੀਬਾਂ ਅਤੇ ਲੋੜਵੰਦਾਂ ਲਈ ਰਾਸ਼ਨ ਅਤੇ ਦਵਾਈਆਂ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਦਾ ਬੰਦੋਬਸਤ ਕਰਨ ਵਾਸਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਸ਼ਹਿਰ ਦੇ ਸਾਰੇ ਲੋੜਵੰਦਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ ਹੈ, ਜਿਸ ਕਰਕੇ ਉਹਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋਈ ਪਈ ਹੈ।
ਸਾਰੇ ਗਰੀਬਾਂ ਨੂੰ ਬਿਨਾਂ ਕੋਈ ਸਿਆਸੀ ਵਿਤਕਰਾ ਕੀਤੇ ਰਾਸ਼ਨ ਦੇਣ ਦੀ ਅਪੀਲ ਕਰਦਿਆਂ ਸਾਬਕਾ ਮੇਅਰ ਨੇ ਕਿਹਾ ਕਿ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਉਹਨਾਂ ਨੂੰ ਲੋੜ ਅਨੁਸਾਰ ਰਾਸ਼ਨ ਅਤੇ ਦਵਾਈਆਂ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਰਾਹਤ ਫੰਡ ਦੇ ਦਿੱਤਾ ਹੈ ਤਾਂ ਫਿਰ ਇਸ ਨੂੰ ਅੱਗੇ ਗਰੀਬਾਂ ਵਾਸਤੇ ਇਸਤੇਮਾਲ ਕਰਨ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ?
ਕੁੱਝ ਲੋਕਾਂ ਕੋਲ ਰਾਸ਼ਨ ਕਾਰਡ ਨਾ ਹੋਣ ਦੀ ਸਮੱਸਿਆ ਬਾਰੇ ਸ੍ਰੀ ਨਾਥ ਨੇ ਕਿਹਾ ਕਿ ਕੁੱਝ ਛੋਟੇ ਮੋਟੇ ਧੰਦੇ ਕਰਨ ਵਾਲੇ ਲੋਕ ਰਾਸ਼ਨ ਕਾਰਡ ਨਹੀਂ ਬਣਵਾ ਪਾਏ ਹਨ, ਜਿਸ ਕਰਕੇ ਉਹਨਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈਣ ਵਿਚ ਵੱਡੀ ਸਮੱਸਿਆ ਆ ਰਹੀ ਹੈ। ਉਹਨਾਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਿਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹਨ, ਉਹਨਾਂ ਨੂੰ ਵੀ ਆਟਾ ਦਾਲ ਸਕੀਮ ਦਾ ਲਾਭ ਦਿੱਤਾ ਜਾਵੇ। ਉਹਨਾਂ ਕਿਹਾ ਕਿ ਲੋਕ ਬੀਮਾਰੀ ਅਤੇ ਭੁੱਖ ਨਾਲ ਇਕੱਠੇਂ ਨਹੀਂ ਲੜ ਸਕਦੇ ਇਸ ਲਈ ਪੰਜਾਬ ਸਰਕਾਰ ਯਕੀਨੀ ਬਣਾਏ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।