ਮਹਿਲਾ ਸਮੇਤ 11 ਜਣਿਆਂ ਦੀ 11 ਦਿਨ ਤੱਕ ਪੁਲਿਸ ਕਰੇਗੀ ਪੁੱਛਗਿੱਛ : ਐਸ.ਐਸ.ਪੀ.
ਰਾਜੇਸ਼ ਗੌਤਮ ਪਟਿਆਲਾ, 13 ਅਪ੍ਰੈਲ 2020
ਪੁਲਿਸ ਮੁਲਾਜ਼ਮਾਂ ‘ਤੇ ਸਬਜ਼ੀ ਮੰਡੀ ਸਨੌਰ ਵਿਖੇ ਕੀਤੇ ਜਾਨਲੇਵਾ ਹਮਲੇ ਵਾਲੇ ਵਿਅਕਤੀਆਂ ਨੂੰ ਅੱਜ ਪਟਿਆਲਾ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਭੱਜੇ ਵਿਅਕਤੀਆਂ ਨੂੰ ਬਲਬੇੜਾ ਨੇੜੇ ਇਕ ਡੇਰੇ ਵਿਚੋਂ ਕਾਬੂ ਕੀਤਾ ਗਿਆ ਸੀ ਇਨ੍ਹਾਂ ਵਿੱਚ 1 ਮਹਿਲਾ ਸਮੇਤ 11 ਵਿਅਕਤੀ ਸ਼ਾਮਲ ਸਨ।
ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਇਨ੍ਹਾਂ 11 ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਪਾਸੋਂ ਇੰਨਾਂ ਦਾ 24 ਅਪ੍ਰੈਲ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 11 ਦਿਨਾਂ ਦੇ ਮਿਲੇ ਇਸ ਪੁਲਿਸ ਰਿਮਾਂਡ ‘ਚ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੱਲ ਗ੍ਰਿਫ਼ਤਾਰ ਕੀਤੇ ਗਏ ਡੇਰਾ ਮੁਖੀ ਬਲਵਿੰਦਰ ਸਿੰਘ, ਨਿਰਭੈ ਸਿੰਘ, ਬੰਤ ਸਿੰਘ ਕਾਲਾ, ਜਗਮੀਤ ਸਿੰਘ, ਗੁਰਦੀਪ ਸਿੰਘ, ਨੰਨਾ, ਜੰਗੀਰ ਸਿੰਘ, ਮਨਿੰਦਰ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਸੁਖਪ੍ਰੀਤ ਕੌਰ ਵਿਰੁੱਧ ਥਾਣਾ ਪਸਿਆਣਾ ਵਿਖੇ ਐਫ.ਆਈ.ਆਰ. ਨੰਬਰ 45 ਮਿਤੀ 12 ਅਪ੍ਰੈਲ 2020, ਆਈ.ਪੀ.ਸੀ. ਦੀਆਂ ਧਾਰਾਵਾਂ 188, 307, 353, 186, 269, 270, 148, 149, ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 (ਏ)(ਬੀ), 54, ਐਕਸਪਲੋਸਿਵ ਐਕਟ ਦੀ ਧਾਰਾ 3, 4, ਯੂ.ਏ.ਪੀ.ਏ. ਐਕਟ 1967 ਦੀਆਂ ਧਾਰਾਵਾਂ 13, 16, 18, 20 ਅਤੇ ਆਰਮਜ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਸਬਜ਼ੀ ਮੰਡੀ ਵਿਖੇ ਪੁਲਿਸ ਪਾਰਟੀ ‘ਤੇ ਹਮਲਾ ਕਰਨ ਸਬੰਧੀਂ ਥਾਣਾਂ ਸਦਰ ਪਟਿਆਲਾ ਵਿਖੇ ਐਫ.ਆਈ.ਆਰ. ਨੰਬਰ 70 ਮਿਤੀ 12 ਅਪ੍ਰੈਲ 2020 ਆਈ.ਪੀ.ਸੀ. ਦੀਆਂ ਧਾਰਵਾਂ 307, 323, 324, 326, 353, 186, 332, 335, 148, 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।