-ਕਰਫਿਊ/ਲੌਕਡਾਊਨ ਵਿੱਚ ਵਾਧੇ ਕਾਰਨ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਪਾਸ ਵੈਲਿਡ ਰਹਿਣਗੇ
–ਕੁੱਲ 734 ਨਮੂਨਿਆਂ ਵਿੱਚੋਂ 617 ਨੈਗੇਟਿਵ, 13 ਪਾਜ਼ੀਟਿਵ
-ਖਰੀਦ ਪ੍ਰਬੰਧ ਮੁਕੰਮਲ, ਦੁੱਗਣੇ ਖਰੀਦ ਕੇਂਦਰ ਅਤੇ ਸੀਜ਼ਨ ਦੇ ਦਿਨਾਂ ਵਿੱਚ ਵਾਧਾ
ਦਵਿੰਦਰ ਡੀ.ਕੇ. ਲੁਧਿਆਣਾ, 13 ਅਪ੍ਰੈਲ 2020
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਉਨਾਂ ਨੇ ਅੱਜ ਸ਼ਹਿਰ ਨਾਲ ਸੰਬੰਧਤ ਕਈ ਸਨਅਤੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿੱਚ ਪਤਾ ਲੱਗਾ ਹੈ ਕਿ ਸਨਅਤਕਾਰਾਂ ਵੱਲੋਂ ਆਪਣੀ ਲੇਬਰ ਦਾ ਚੰਗੇ ਤਰੀਕੇ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਉਨਾਂ ਕਿਹਾ ਕਿ ਜਥੇਬੰਦੀਆਂ ਨੇ ਉਨਾਂ ਵੱਲੋਂ ਲੇਬਰ ਆਦਿ ਦੇ ਸੰਬੰਧ ਵਿੱਚ ਜੋ ਹੁਣ ਤੱਕ ਕੀਤਾ ਹੈ, ਉਸ ਬਾਰੇ ਜ਼ਿਲਾ ਪ੍ਰਸਾਸ਼ਨ ਨੂੰ ਜਾਣਕਾਰੀ ਦਿੱਤੀ ਹੈ। ਨੁਮਾਇੰਦਿਆਂ ਵੱਲੋਂ ਲੇਬਰ ਦੀਆਂ ਅਦਾਇਗੀਆਂ ਸੰਬੰਧੀ ਇੱਕ ਮੈਮੋਰੰਡਮ ਦਿੱਤਾ ਗਿਆ ਹੈ, ਜੋ ਕਿ ਉਹ ਅੱਗੇ ਸਰਕਾਰ ਨੂੰ ਭੇਜ ਦੇਣਗੇ।
ਕਰਫਿਊ/ਲੌਕਡਾਊਨ ਵਿੱਚ ਵਾਧੇ ਕਾਰਨ ਕਰਫਿਊ ਪਾਸਾਂ ਨੂੰ ਨਵਿਆਉਣ ਜਾਂ ਨਵਿਆਉਣ ਬਾਰੇ ਪੁੱਛੇ ਜਾਣ ‘ਤੇ ਸ੍ਰੀ ਅਗਰਵਾਲ ਨੇ ਕਿਹਾ ਕਿ ਫਿਲਹਾਲ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਪਾਸ ਵੈਲਿਡ ਰਹਿਣਗੇ। ਬਾਕੀ ਵਿਭਾਗਾਂ ਵੱਲੋਂ ਜਾਰੀ ਪਾਸਾਂ ਬਾਰੇ ਉਹ ਵਿਚਾਰ ਕਰਨਗੇ ਕਿ ਕਿਵੇਂ ਕੀਤਾ ਜਾਵੇ, ਜਿਸ ਨਾਲ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 734 ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਭੇਜੇ ਗਏ ਹਨ, ਜਿਨਾਂ ਵਿੱਚੋਂ 647 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਜਿਨਾਂ ਵਿੱਚੋਂ 617 ਨਮੂਨੇ ਨੈਗੇਟਿਵ ਆਏ ਹਨ, 17 ਰਿਜੈਕਟ ਹਨ, ਜਦਕਿ 13 ਪਾਜ਼ੀਟਿਵ (11 ਲੁਧਿਆਣਾ, 1 ਜਲੰਧਰ ਅਤੇ 1 ਬਰਨਾਲਾ) ਪਾਏ ਗਏ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦਾ ਇੱਕ ਅਧਿਕਾਰੀ ਵੀ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਦੇ ਨੇੜਲੇ 17 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ, ਜਿਨਾਂ ਵਿੱਚੋਂ 15 ਦੇ ਨਮੂਨੇ ਲੈ ਲਏ ਗਏ ਹਨ।
ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਹੌਟਸਪਾਟ ਐਲਾਨੇ ਗਏ ਅਮਰਪੁਰਾ ਵਿੱਚ 527 ਘਰਾਂ ਦੇ ਅਤੇ ਪਿੰਡ ਚੌਕੀਮਾਨ ਅਤੇ ਗੁੜੇ ਦੇ 587 ਘਰਾਂ ਦੇ ਲੋਕਾਂ ਦੀ ਸਕਰੀਨਿੰਗ ਕਰਵਾ ਲਈ ਗਈ ਹੈ। ਖੁਸ਼ੀ ਦੀ ਗੱਲ ਹੈ ਕਿ ਇਨਾਂ ਵਿਅਕਤੀਆਂ ਵਿੱਚੋਂ ਸਿਰਫ਼ ਇੱਕ ਵਿਅਕਤੀ ਵਿੱਚ ਲੱਛਣ ਪਾਏ ਗਏ ਹਨ, ਜਿਸ ਦੇ ਨਮੂਨੇ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।
ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਆਮ ਸੀਜ਼ਨਾਂ ਨਾਲੋਂ ਲੰਮਾ ਖਰੀਦ ਸੀਜ਼ਨ ਹੋਵੇਗਾ, ਇਸ ਤੋਂ ਇਲਾਵਾ ਕਿਸਾਨਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਉਨਾਂ ਨੂੰ ਮੰਡੀਆਂ ਵਿੱਚ ਜਿਆਦਾ ਸਮਾਂ ਰੁਕਣਾ ਨਾ ਪਵੇ। ਇਸੇ ਤਰਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੁੱਗਣੇ ਖਰੀਦ ਕੇਂਦਰ ਤਿਆਰ ਕੀਤੇ ਗਏ ਹਨ ਤਾਂ ਜੋ ਮੰਡੀਆਂ ਵਿੱਚ ਸਮਾਜਿਕ ਦੂਰੀ ਦਾ ਸੰਕਲਪ ਬਣਾਈ ਰੱਖਿਆ ਜਾ ਸਕੇ।
ਸ੍ਰੀ ਅਗਰਵਾਲ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਸੱਦੇ ‘ਤੇ ਵਿਸ਼ਾਖੀ ਘਰ-ਘਰ ਰਹਿ ਕੇ ਮਨਾਉਣ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਹੈ ਕਿ ਉਹ ਕਰਫਿਊ/ਲੌਕਡਾਊਨ ਦੇ ਚੱਲਦਿਆਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਉਨਾਂ ਨੂੰ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਘਰ-ਘਰ ਵਿੱਚ ਮੁਹੱਈਆ ਕਰਾਉਣ ਲਈ ਜ਼ਿਲਾ ਪ੍ਰਸਾਸ਼ਨ ਪੂਰੀ ਤਰਾਂ ਪਾਬੰਦ ਹੈ।