ਮੈਡੀਕਲ ਸਹਾਇਤਾ ਲਈ ਰੈਪਿਡ ਰਿਸਪੌਂਸ ਟੀਮਾਂ ਤਾਇਨਾਤ
ਡਿਪਟੀ ਕਮਿਸ਼ਨਰ ਵੱਲੋਂ ਸੇਖਾ ਫਾਟਕ ਖੇਤਰ ਅਤੇ ਮਹਿਲ ਕਲਾਂ ਕੰਟੇੇਨਮੈਂਟ ਜ਼ੋਨਾਂ ਵਿਚ ਜ਼ਰੂਰੀ ਪ੍ਰਬੰਧਾਂ ਦਾ ਜਾਇਜ਼ਾ
ਵੱਖ ਵੱਖ ਵਿਭਾਗਾਂ ਨੂੰ ਹੈਲਪ ਡੈਸਕ ਬਣਾ ਕੇ ਨੁਮਾਇੰਦੇ ਮੌਕੇ ’ਤੇ ਹਾਜ਼ਰ ਰੱਖਣ ਦੇ ਨਿਰਦੇਸ਼
ਸੋਨੀ ਪਨੇਸਰ ਬਰਨਾਲਾ, 13 ਅਪਰੈਲ 2020
ਜ਼ਿਲਾ ਬਰਨਾਲਾ ਵਿਚ ਕੰਟੇਨਮੈਂਟ ਜ਼ੋਨ ਐਲਾਨੇ ਸੇਖਾ ਰੋਡ ਨਾਲ ਬਰਨਾਲਾ ਖੇਤਰ ਦੇ 6 ਵਾਰਡਾਂ ਅਤੇ ਮਹਿਲ ਕਲਾਂ ਵਿੱਚ ਮੈਡੀਕਲ ਸੇਵਾਵਾਂ ਲਈ ਆਰਆਰਟੀਜ਼ (ਰੈਪਿਡ ਰਿਸਪੌਂਸ ਟੀਮਾਂ ) ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸੇਖਾ ਰੋਡ ਖੇਤਰ ਦੇ ਵਾਰਡ ਨੰੰਬਰ 13, 15, 16, 17, 18 ਤੇ 19 ਵਿੱਚ ਮੈਡੀਕਲ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਖਾ ਰੋਡ ਖੇਤਰ ਅਤੇ ਮਹਿਲ ਕਲਾਂ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ ਅਤੇ ਇਨਾਂ ਇਲਾਕਿਆਂ ਦੇ ਵਾਸੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ। ਇਨਾਂ ਖੇਤਰਾਂ ਵਿਚ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਮੈਡੀਕਲ ਸੇਵਾਵਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੰਟੇਨਮੈਂਟ ਜ਼ੋਨਾਂ ਵਿਚ ਸਵੇਰੇ 7 ਤੋਂ 10 ਵਜੇ ਤੱਕ ਅਤੇ ਸ਼ਾਮ 4 ਤੋਂ 5 ਵਜੇ ਤੱਕ ਆਰਆਰਟੀਜ਼ ਮੈਡੀਕਲ ਸੇਵਾਵਾਂ ਲਈ ਤਾਇਨਾਤ ਕੀਤੀਆਂ ਗਈਆਂ ਹਨ, ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਲਈ ਸਿਵਲ ਹਸਪਤਾਲਾਂ ਵਿਚ ਡਾਕਟਰਾਂ ਦੀ ਡਿੳੂਟੀ ਲਗਾਈ ਗਈ ਹੈ, ਜਿਨਾਂ ਨੂੰ ਲੋੜ ਪੈਣ ’ਤੇ ਸੇਵਾਵਾਂ ਦੇਣ ਲਈ ਮੌਕੇ ’ਤੇ ਭੇਜਣ ਦਾ ਪ੍ਰਬੰਧ ਹੈ।
ਉਨਾਂ ਦੱਸਿਆ ਕਿ ਕੰਟੇਨਮੈਂਟ ਜ਼ੋਨਾਂ ਵਿਚ ਦੁੱਧ ਦੀ ਸਪਲਾਈ, ਫਲ-ਸਬਜ਼ੀਆਂ, ਰਾਸ਼ਨ ਦੀ ਸਪਲਾਈ ਅਤੇ ਸੈਨੇਟਾਈਜ਼ੇਸ਼ਨ ਵਿਭਾਗ ਮੁਖੀਆਂ ਦੀ ਨਿਗਰਾਨੀ ਹੇਠ ਹੋ ਰਹੀ ਹੈ। ਇਸ ਤੋਂ ਇਲਾਵਾ ਕਰਿਆਣੇ ਤੋਂ ਰਾਸ਼ਨ ਦੀ ਨਿਰਵਿਘਨ ਸਪਲਾਈ ਲਈ ਫੂਡ ਸਪਲਾਈ ਵਿਭਾਗ, ਸਿਹਤ ਸੇਵਾਵਾਂ ਲਈ ਸਿਵਲ ਸਰਜਨ, ਦੁੱਧ ਦੀ ਸਪਲਾਈ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸਾਫ-ਸਫਾਈ ਲਈ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਆਦਿ ਹੈਲਪ ਡੈਸਕ ਬਣਾ ਕੇ ਆਪਣੇ ਨੁਮਾਇੰਦੇ ਮੌਕੇ ’ਤੇ ਹਾਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਜਿੱਥੇ ਤਿੰਨ ਸ਼ਿਫਟਾਂ ਵਿਚ 24 ਘੰਟੇ ਸੇਵਾਵਾਂ ਦੇਣ ਲਈ ਡਿੳੂਟੀ ਮੈਜਿਸਟ੍ਰੇਟ ਲਾਏ ਗਏ ਹਨ, ਉਥੇ ਤਿੰਨ ਸ਼ਿਫਟਾਂ ਵਿਚ ਪਟਵਾਰੀਆਂ ਦੀਆਂ ਡਿੳੂਟੀਆਂ ਕੰਟੇਨਮੈਂਟ ਜ਼ੋਨ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਲਾਈਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਕੰਟਰੋਲ ਰੂਮ ਦੇ ਨੰਬਰ 01679-230032 ਜਾਂ 99152-74032 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਬਰਨਾਲਾ ਵੱਲੋਂ ਮਹਿਲ ਕਲਾਂ ਕੰਟੇਨਮੈਂਟ ਜ਼ੋਨ ਵਿਚ ਵੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਚੈਕਿੰਗ ਕੀਤੀ ਗਈ।