* ਖ਼ਰੀਦ ਲਈ 98 ਮੰਡੀਆਂ ਤੋਂ ਇਲਾਵਾ ਸੰਭਾਲ ਲਈ 107 ਪ੍ਰਾਈਵੇਟ ਸ਼ੈਲਰਾਂ ਦੀ ਸ਼ਨਾਖ਼ਤ
* ਮੰਡੀ ’ਚ ਕਣਕ ਲਿਆਉਣ ਸਮੇਂ ਅਸਲ ਪਾਸ ਦਿਖਾਉਣਾ ਹੋਵੇਗਾ ਲਾਜ਼ਮੀ
* ਮੰਡੀਆਂ ਵਿਚ ਸਮਾਜਿਕ ਦੂਰੀ ਤੇ ਸੁਖਾਵੇਂ ਪ੍ਰਬੰਧਾਂ ਲਈ 500 ਤੋਂ ਵੱਧ ਵਲੰਟੀਅਰ ਰੱਖਣਗੇ ਬਾਜ਼ ਅੱਖ
ਕੁਲਵੰਤ ਗੋਇਲ/ ਵਿਬਾਂਸ਼ੂ ਗੋਇਲ ਬਰਨਾਲਾ, 13 ਅਪਰੈਲ 2020
ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਦੀਆਂ ਮੰਡੀਆਂ ’ਚ ਕਣਕ ਦੀ ਫਸਲ ਲਿਆਉਣ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦੀ ਨਿਰਵਿਘਨ ਖ਼ਰੀਦ 15 ਅਪਰੈਲ ਤੋਂ ਸ਼ੁਰੂ ਹੋ ਜਾਵੇਗੀ। ਮੰਡੀ ਵਿਚ ਕਣਕ ਲਿਆਉਣ ਸਮੇਂ ਕਿਸਾਨਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣਗੇ। ਕਣਕ ਦੀ ਕਟਾਈ ਲਈ ਕੰਬਾਇਨ ਚਲਾਉਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਸੁਚਾਰੂ ਪ੍ਰਬੰਧਾਂ ਲਈ ਜ਼ਿਲੇ ਦੀਆਂ ਮੰਡੀਆਂ/ਸ਼ੈਲਰਾਂ ਵਿਚ ਜੀਓਜੀ ਦੀ ਅਗਵਾਈ ਵਿਚ 500 ਤੋਂ ਵੱਧ ਯੁਵਕ ਸੇਵਾਵਾਂ/ਰੈੈੱਡ ਕ੍ਰਾਸ ਵਲੰਟੀਅਰ ਤਾਇਨਾਤ ਰਹਿਣਗੇ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ। ਕਿਸਾਨਾਂ ਦੀ ਸਿਹਤ ਅਤੇ ਫ਼ਸਲ ਦੀ ਸਾਂਭ-ਸੰਭਾਲ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਉਨਾਂ ਦੱਸਿਆ ਕਿ ਜ਼ਿਲੇ ਅੰਦਰ 98 ਮੰਡੀਆਂ ’ਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਣਕ ਰਖਾਉਣ ਲਈ 107 ਪ੍ਰਾਈਵੇਟ ਸ਼ੈਲਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਰ ਕਿਸਾਨ ਲਈ ਮੰਡੀ ਨਿਰਧਾਰਿਤ ਕੀਤੀ ਜਾਵੇਗੀ। ਕਿਸਾਨਾਂ ਨੂੰ ਮੰਡੀ ਵਿਚ ਕਣਕ ਦੀ ਜਿਣਸ ਨੂੰ ਲਿਆਉਣ ਲਈ ਆੜਤੀਆਂ ਰਾਹੀਂ ਪਾਸ ਜਾਰੀ ਕੀਤੇ ਜਾ ਰਹੇ ਹਨ। ਇਹ ਪਾਸ ਮਾਰਕੀਟ ਕਮੇਟੀ ਵੱਲੋਂ 72 ਘੰਟੇ ਪਹਿਲਾਂ ਆੜਤੀਆਂ ਰਾਹੀਂ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਜਿਣਸ ਮੰਡੀਆਂ ਵਿਚ ਲਿਆ ਸਕਣ।
ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਨੂੰ ਪਾਸ ਦੀ ਮਿਤੀ ਵਾਲੇ ਦਿਨ ਹੀ ਆਪਣੀ ਕਣਕ ਮੰਡੀ ਵਿਚ ਲਿਜਾਣ ਦੀ ਆਗਿਆ ਹੋਵੇਗੀ। ਮੰਡੀ ਵਿਚ ਫ਼ਸਲ ਲਿਆਉਣ ਸਮੇਂ ਅਸਲੀ ਪਾਸ ਦਿਖਾਉਣਾ ਲਾਜ਼ਮੀ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਪਾਸ ਦੀ ਫ਼ੋਟੋ ਕਾਪੀ ਨਹੀਂ ਮੰਨੀ ਜਾਵੇਗੀ ਅਤੇ ਪਾਸ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿਚ ਫਸਲ ਦੀ ਸੁਖਾਵੀ ਆਮਦ, ਸਮਾਜਿਕ ਦੂਰੀ ਤੇ ਹੋਰ ਪ੍ਰਬੰਧਾਂ ਨੂੰ ਸੁਚੱਜਾ ਬਣਾਉਣ ਲਈ 500 ਤੋਂ ਵੱਧ ਵਲੰਟੀਅਰ ਤਾਇਨਾਤ ਰਹਿਣਗੇ।
ਉਨਾਂ ਇਹ ਵੀ ਦੱਸਿਆ ਕਿ ਮੰਡੀਆਂ ਅਤੇ ਸਮੂਹ ਖ਼ਰੀਦ ਕੇਂਦਰਾਂ ਵਿਚ ਮਾਰਕਿਟ ਕਮੇਟੀ ਵਲੋਂ ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਹੋਰ ਸੰਭਵ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ। ਉਨਾਂ ਕਿਸਾਨਾਂ ਨੂੰ ਇਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਬਣਾ ਕੇ ਰੱਖਣ ਯਕੀਨੀ ਬਣਾਉਣ।
ਜ਼ਿਲਾ ਮੰਡੀ ਅਫ਼ਸਰ ਸ. ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲੇ ਅੰਦਰ 98 ਮੰਡੀਆਂ ’ਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖ਼ਰੀਦ ਦੌਰਾਨ ਕਿਸੇ ਤਰਾਂ ਦੀ ਦਿੱਕਤ ਨਾ ਆਉਣ ਦੇ ਮੱਦੇਨਜ਼ਰ ਕਣਕ ਰਖਾਉਣ ਲਈ 107 ਪ੍ਰਾਈਵੇਟ ਸ਼ੈਲਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੰਡੀਆਂ ਵਿਚ 30 30 ਦੇ ਖਾਨੇ ਬਣਾਏ ਗਏ ਹਨ ਤਾਂ ਜੋ ਕਣਕ ਦੀਆਂ ਢੇਰੀਆਂ ਢੁਕਵੀਂ ਦੂਰੀ ’ਤੇ ਕਰਵਾਈਆਂ ਜਾ ਸਕਣ।