ਹਰਿੰਦਰ ਨਿੱਕਾ, ਪਟਿਆਲਾ 29 ਮਾਰਚ 2025
ਦੋ ਵੱਖ ਵੱਖ ਸੂਬਿਆਂ ਦੇ ਰਹਿਣ ਵਾਲੇ ਤਿੰਨ ਜਣਿਆਂ ਨੇ ਇੱਕ ਵੈਬਸਾਇਟ ਵਿੱਚ ਪੈਸੇ ਇੰਨਵੈਸਟ ਕਰਕੇ ਵੱਧ ਪ੍ਰੋਫਿਟ ਦੇਣ ਦਾ ਝਾਂਸਾ ਦੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾ ਲਿਆ। ਪੁਲਿਸ ਨੇ ਤਿੰਨੋ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ, ਥਾਣਾ ਸਾਈਬਰ ਕ੍ਰਾਈਮ ਪਟਿਆਲਾ ਵਿਖੇ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸਨਚਿੰਤ ਸੂਦ ਪੁੱਤਰ ਰਾਜਿੰਦਰ ਕੁਮਾਰ ਵਾਸੀ ਪੰਜਾਬੀ ਬਾਗ, ਥਾਣਾ ਖੇਤਰ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ ਧੀਰੇਂਦਰ ਵਾਸੀ ਰਾਜਰਾਜੇਸ਼ਵਰੀ ਨਗਰ, ਬੈਂਗਲੁਰੂ ਅਰਬਨ, ਕਰਨਾਟਕਾ ਹਾਲ ਵਾਸੀ ਜੋਧਪੁਰ, ਰਾਜਸਥਾਨ , ਸ਼੍ਰੀ ਕਾਲੂਜੀ ਕਰਸਨਜੀ ਰਾਠੌੜ ਵਾਸੀ ਪਟੇਲ ਸੋਸਾਇਟੀ,ਅਸਾਰਵਾ,ਜਿਲਾ ਅਹਿਮਦਾਬਾਦ, ਗੁਜਰਾਤ ਅਤੇ ਵਿਜੇ ਕੁਮਾਰ ਭੀਖਾਭਾਈ ਵਾਸੀ ਵਿਸ਼ਵ ਮਿੱਤਰ ਸਰਕਾਰੀ ਵਸਾਹਟ, ਸਰਦਾਰ ਪਟੇਲ ਨਗਰ, ਸ਼ਾਸਤਰੀ ਨਗਰ ਘਾਟਲੋਡੀਆ ਨੇੜੇ, ਅਹਿਮਦਾਬਾਦ, ਗੁਜਰਾਤ ਨੇ ਉਸ ਨਾਲ ਸ਼ੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ, ਉਸ ਨੂੰ ਵੱਧ ਮੁਨਾਫਾ ਦੇਣ ਦਾ ਝਾਂਸਾ ਦੇ ਕੇ, ਇੱਕ ਫਰਜੀ ਵੈਬਸਾਈਟ ਵਿੱਚ 66,58,055 ਰੁਪਏ ਇੰਨਵੈਸਟ ਕਰਵਾ ਲਏ। ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਮਾਮਲੇ ਦੀ ਤਫਤੀਸ਼ ਸਾਈਬਰ ਕ੍ਰਾਈਮ ਵਿੰਗ ਨੂੰ ਸੌਂਪ ਦਿੱਤੀ। ਪੁਲਿਸ ਨੇ ਬਾਅਦ ਪੜਤਾਲ ਉਪਲੱਭਧ ਸਬੂਤਾਂ ਦੇ ਅਧਾਰ ਪਰ, ਉਕਤ ਤਿੰਨੋਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ U/S 316(2), 338,336(2),340(2), 319(2),318(4),61(2) BNS ਤਹਿਤ ਥਾਣਾ ਸਾਈਬਰ ਕ੍ਰਾਈਮ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਦਾ ਕਹਿਣਾ ਹੈ ਕਿ ਕੇਸ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।