ਨਵ ਵਿਆਹੁਤਾ ਚੜੀ ਦਾਜ ਦੀ ਬਲੀ, 4 ਮਹਿਨੇ ਪਹਿਲਾਂ ਪੁਲਸ ਕਾਂਸਟੇਬਲ ਨਾਲ ਹੋਇਆ ਸੀ ਵਿਆਹ
ਫਿਲਹਾਲ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਪਰਚਾ ਦਰਜ ਕਰ ਲਿਆ ਹੈ।
ਬੀਟੀਐਨ , ਜਲਾਲਾਬਾਦ , 11 ਅਗਸਤ 2021
ਇੱਕ ਧੀ ਦੇ ਮਾਪੇ ਆਪਣੀ ਧੀ ਨੂੰ ਬਹੁਤ ਹੀ ਲਾਡ ਪਿਆਰ ਨਾਲ ਪਾਲ ਪਲੋਸ ਕੇ ਜਵਾਨ ਕਰਦੇ ਹਨ । ਜਵਾਨ ਹੋਈ ਧੀ ਨੂੰ ਕਿਸੇ ਦੂਸਰੇ ਦੇ ਲੜ ਲਾ ਕੇ ਇਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਧੀ ਸਾਰੀ ਉਮਰ ਚੰਗੀ ਜ਼ਿੰਦਗੀ ਜੀਊਂਗੀ । ਪਰ ਕਈ ਵਾਰ ਮਾਪਿਆਂ ਵੱਲੋਂ ਆਪਣੀ ਧੀ ਨੂੰ ਦੂਸਰੇ ਘਰ ਵਸਾਉਣ ਦੇ ਲਈ ਕੀਤੇ ਹਜ਼ਾਰਾਂ ਜਤਨ ਵੀ ਪੂਰੇ ਨਹੀਂ ਪੈਂਦੇ । ਅਤੇ ਧੀ ਦਾਜ ਦੇ ਲੋਭੀਆਂ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਗੁਆ ਬੈਠਦੀ ਹੈ । ਅਜਿਹਾ ਹੀ ਮਾਮਲਾ ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ਵਿੱਚ ਵਾਪਰਿਆ ਹੈ,ਜਿੱਥੇ ਚਾਰ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ।
ਇਹ ਮਾਮਲਾ ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ਦਾ ਹੈ । ਜਿਥੇ ਇਕ ਵੀਰਪਲ ਨਾਮ ਦੀ ਲੜਕੀ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ । ਵੀਰਪਾਲ ਕੌਰ ਦਾ ਪਤੀ ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ ਨੌਕਰੀ ਕਰਦਾ ਹੈ , ਜੋ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੀ ਚੌਕੀ ਲਾਧੂਕਾ ਦੇ ਵਿਚ ਤਾਇਨਾਤ ਹੈ । ਫਿਲਹਾਲ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਪਰਚਾ ਦਰਜ ਕਰ ਲਿਆ ਹੈ।
ਮ੍ਰਿਤਕ ਵੀਰਪਾਲ ਦੇ ਪਿਤਾ ਨੇ ਉਸ ਦੇ ਸਹੁਰਿਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਉਸ ਦੇ ਸਹੁਰਿਆਂ ਨੇ ਮਾਰਿਆ ਹੈ । ਵੀਰਪਾਲ ਦੇ ਪਿਤਾ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਵੀਰਪਾਲ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ । ਵੀਰਪਾਲ ਦੇ ਪਿਤਾ ਨੇ ਕਿਹਾ ਕਿ ਉਸ ਦੀ ਬੇਟੀ ਦਾ ਕਤਲ ਸਹੁਰਾ ਪਰਿਵਾਰ ਨੇ ਦਾਜ ਦੇ ਲਾਲਚ ਵਿੱਚ ਆ ਕੇ ਕੀਤਾ ਹੈ।
ਵੀਰਪਾਲ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਸਹੁਰੇ ਨੇ ਫੋਨ ਕਰ ਕੇ ਸਾਡੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਬੇਟੀ ਨੇ ਆਤਮਹੱਤਿਆ ਕਰ ਲਈ ਹੈ । ਵੀਰਪਾਲ ਦੇ ਪਿਤਾ ਨੇ ਦੱਸਿਆ ਕਿ ਫੋਨ ਸੁਣਨ ਮਗਰੋਂ ਉਹ ਬੇਟੀ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਵੇਖ ਕੇ ਉਨ੍ਹਾਂ ਨੂੰ ਮਾਮਲਾ ਆਤਮਹੱਤਿਆ ਦਾ ਨਹੀਂ ਲੱਗਾ ਬਲਕਿ ਉਨ੍ਹਾਂ ਦੀ ਬੇਟੀ ਦੀ ਪਰਿਵਾਰਕ ਮੈਂਬਰਾਂ ਵੱਲੋਂ ਮਿਲੀ ਭੁਗਤ ਨਾਲ ਹੱਤਿਆ ਕਰ ਦਿੱਤੀ ਗਈ ਹੈ।
ਮ੍ਰਿਤਕ ਵੀਰਪਾਲ ਦੇ ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਵੀਰਪਾਲ ਦੇ ਸਹੁਰੇ ਪਰਿਵਾਰ ਵਾਲੇ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕਰ ਰਹੇ ਸੀ, ਜਿਸ ‘ਤੇ ਉਨ੍ਹਾਂ ਨੇ ਪੰਜਾਹ ਹਜ਼ਾਰ ਰੁਪਏ ਦਿੱਤੇ ਸਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਹੀ ਉਹ ਪੈਸੇ ਮੰਗਦੇ ਆ ਰਹੇ ਹਨ ਅਤੇ ਜਿਸ ਕਾਰਨ ਉਨ੍ਹਾਂ ਦੀ ਬੇਟੀ ਦੀ ਹੱਤਿਆ ਕੀਤੀ ਗਈ ਹੈ । ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਪੁਲਸ ਨੇ ਧਾਰਾ 304 ਬੀ ਤਹਿਤ ਦੋਸ਼ੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਹੈ ।