ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਵਿਦਿਆਰਥੀਆਂ ਦਾ ਭਾਰੀ ਇੱਕਠ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸਾਂ ਦੇ ਵਾਧੇ ਖਿਲਾਫ ਇੱਕ ਵੰਗਾਰ-ਰੈਲੀ ਕੀਤੀ ਗਈ।
ਬਲਵਿੰਦਰਪਾਲ, ਪਟਿਆਲਾ, 11 ਅਗਸਤ 2021
ਅੱਜ ਚਾਰ ਜਥੇਬੰਦੀ ਪੀ. ਐੱਸ.ਯੂ., ਏ.ਆਈ.ਐੱਸ.ਐੱਫ., ਐੱਸ.ਐੱਫ.ਆਈ. ਅਤੇ ਡੀ.ਐੱਸ.ਓ. ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਵਿਦਿਆਰਥੀਆਂ ਦਾ ਭਾਰੀ ਇੱਕਠ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸਾਂ ਦੇ ਵਾਧੇ ਖਿਲਾਫ ਇੱਕ ਵੰਗਾਰ-ਰੈਲੀ ਕੀਤੀ ਗਈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸ ਵਾਧਾ ਅਤੇ ਸਰਕਾਰ ਵੱਲੋਂ ਗ੍ਰਾਂਟ ਦੇਣ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਹ ਵਿਰੋਧ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਵਿਦਿਆਰਥੀਆਂ ਨੇ ਵਿਦਿਆਰਥੀ ਜਥੇਬੰਦੀਆਂ ਦੀ ਅਗੁਵਾਈ ਯੂਨੀਵਰਸਿਟੀ ਕੈਂਪਸ ਵਿੱਚ ਕਾਂਗਰਸੀ ਆਗੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ।
ਉਹਨਾਂ ਇੱਕ ਪਰਚਾ ਅਤੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਯੂਨੀਵਰਸਿਟੀ ਵਿੱਚ ਦਾਖਲ ਹੋਵੇਗਾ ਤਾਂ ਉਹਦਾ ਘਿਰਾਅ ਕਰਕੇ ਜਬਰਦਸਤ ਵਿਰੋਧ ਕੀਤਾ ਜਾਵੇਗਾ। ਜਾਰੀ ਕੀਤੇ ਪੋਸਟਰ ਉੱਤੇ ਪੰਜਾਬ ਦੇ ਮੁੱਖ-ਮੰਤਰੀ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪ੍ਰਨੀਤ ਕੌਰ, ਉੱਚ-ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਅਤੇ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੈਰੀ ਮਾਨ ਦੀਆਂ ਫੋਟੋਆਂ ਹਨ, ਜਿਹਨਾਂ ਨੂੰ ਵੰਗਾਰ ਰੈਲੀ ਕਰਕੇ ਯੂਨੀਵਰਸਿਟੀ ਦੇ ਮੁੱਖ ਗੇਟ ਅਤੇ ਲਾਇਬਰੇਰੀ ਦੇ ਸਾਹਮਣੇ ਬੰਨਿਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ।
ਇਹ ਵਾਧਾ 3.5 ਪ੍ਰਤੀਸ਼ਤ ਤੋਂ 109 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਅਤੇ ਜਿਕਰਯੋਗ ਗੱਲ ਇਹ ਹੈ ਕਿ ਇਹ ਵਾਧਾ ਨਵੇਂ ਕੋਰਸਾਂ ਦੇ ਨਾਮ ਹੇਠ ਸਭ ਤੋਂ ਜਿਆਦਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਿਲਕੁੱਲ ਹੀ ਨਿੱਜੀਕਰਨ ਦਾ ਕਿਰਦਾਰ ਧਾਰਨ ਕਰ ਲਵੇਗੀ ਜੋ ਕਿ ਇਥੋਂ ਦੇ ਵਿਦਿਆਰਥੀਆਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ। ਉਹਨਾਂ ਕਿਹਾ ਕਿ ਇਹ ਵਾਧਾ ਪੂਰਨ ਤੌਰ ‘ਤੇ ਵਾਪਸ ਕਰਾਉਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬੰਦ ਕੀਤੀ ਗਈ ਗ੍ਰਾਂਟ ਦਾ ਪੂਰਾ ਵਿੱਤੀ ਬੋਝ ਵਿਦਿਆਰਥੀਆਂ ‘ਤੇ ਪਾ ਦਿੱਤਾ ਗਿਆ ਹੈ ਬਜਾਇ ਕਿ ਵਿਦਿਆਰਥੀਆਂ ਦੇ ਹੱਕ ‘ਚ ਖੜ੍ਹਨ ਦੇ ਯੂਨੀਵਰਸਿਟੀ ਪ੍ਰਸਾਸ਼ਨ ਵਿਦਿਆਰਥੀਆਂ ਦੀਆਂ ਜੇਬਾਂ ‘ਤੇ ਡਾਕਾ ਮਾਰ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਇਸ ਚਾਂਸਲਰ ਫੀਸਾਂ ਵਧਾਉਣ ਦੇ ਬੇਲੋੜੇ ਤਰਕ ਦੇ ਕੇ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਿਹਾ ਹੈ।
ਉਹਨਾਂ ਅਗੇ ਕਿਹਾ ਕਿ ਸਰਕਾਰੀ ਕਾਲਜਾਂ ਯੂਨੀਵਰਸਿਟੀਆਂ ਨੂੰ ਬਰਬਾਦ ਕਰਕੇ ਸਰਕਾਰ ਅਜਿਹਾ ਪ੍ਰਬੰਧ ਬਣਾ ਰਹੀ ਹੈ ਕਿ ਸਿਰਫ ਉਹ ਹੀ ਵਿਦਿਆਰਥੀ ਪੜ੍ਹਨ ਜਿੰਨਾਂ ਕੋਲ ਪੈਸੇ ਹਨ ਅਤੇ ਇਸ ਨਾਲ ਉਹ ਆਪਦੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਕਿਉਂਕਿ ਸਿੱਖਿਆ, ਸਿਹਤ ਅਤੇ ਰੁਜਗਾਰ ਸਰਕਾਰ ਦੀ ਜਿੰਮੇਵਾਰੀ ਹੁੰਦੇ ਹਨ ਅਤੇ ਇਸ ਤਰ੍ਹਾਂ ਫੀਸਾਂ ਵਧਾ ਕੇ ਬਹੁਤ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਸਿੱਖਿਆ ਤੋਂ ਬਾਹਰ ਧੱਕਿਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਵਂਗਾਰ ਰੈਲੀ ਕਰ ਕੇ ਫੀਸਾਂ ਨੂੰ ਪੂਰਨ ਤੌਰ ‘ਤੇ ਵਾਪਸ ਕਰਾਉਣ, ਸਿੱਖਿਆ ਸੰਸਥਾਵਾਂ ਵਿੱਚੋਂ GST ਲੈਣਾ ਬੰਦ ਕਰੋ, ਪੰਜਾਬੀ ਯੂਨੀਵਰਸਿਟੀ ਨੂੰ ਕਰਜਾਮੁਕਤ ਕਰੋ ਅਤੇ ਯੂਨੀਵਰਸਿਟੀ ਲਈ ਪੂਰਨ ਗਰਾਂਟ ਜਾਰੀ ਕਰੋ ਦੀ ਮੰਗ ਕੀਤੀ। ਇਸ ਮੌਕੇ ਪੀ. ਐੱਸ.ਯੂ. ਵੱਲੋਂ ਅਮਨਦੀਪ, ਏ.ਆਈ.ਐੱਸ.ਐੱਫ. ਤੋਂ ਵਰਿੰਦਰ, ਐੱਸ.ਐੱਫ.ਆਈ. ਤੋਂ ਕਮਲ ਝਲੂਰ ਅਤੇ ਡੀ.ਐੱਸ.ਓ ਤੋਂ ਬਲਕਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।