ਪੁਲਿਸ ਨੇ ਦਰਜ਼ ਕੀਤਾ ਬਲੈਕਮੇਲ ਕਰਨ ਦਾ ਕੇਸ , ਦੋਸ਼ੀ ਕਿਸਾਨ ਆਗੂ ਸਰਮੁਖ ਸਿੰਘ ਕਾਬੂ
ਯੂਨੀਅਨ ਨੇ ਵੱਟਿਆ ਪਾਸਾ, ਕਹਿੰਦੇ ਇਹਦਾ ਇਹੋ ਜਿਹਾ ਹੀ ਐ ਖਾਸਾ
ਅਸ਼ੋਕ ਵਰਮਾ ਬਠਿੰਡਾ, 10 ਅਪਰੈਲ 2020
ਜਿਲ੍ਹੇ ਦੇ ਰਾਮਪੁਰਾ ਹਲਕੇ ਦੇ ਪਿੰਡ ਸੇਲਬਰਾਹ ’ਚ ਪਿੰਡ ਦੇ ਹੀ ਇੱਕ ਦੁਕਾਨਦਾਰ ਨੂੰ ਕਥਿਤ ਡਰਾ ਧਮਕਾ ਕੇ 21 ਹਜ਼ਾਰ ਰੁਪਏ ਵਸੂਲਣ ਦੇ ਮਾਮਲੇ ’ਚ ਥਾਣਾ ਫੂਲ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਆਗੂ ਸਰਮੁਖ ਸਿੰਘ ਪੁੱਤਰ ਜੀਤ ਸਿੰਘ ਵਾਸੀ ਸੇਲਬਰਾਹ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਥਾਣਾ ਫੂਲ ਵਿਖੇ ਜਗਸੀਰ ਸਿੰੰਘ ਵਾਸੀ ਸੇਲਬਰਾਹ ਦੇ ਬਿਆਨਾਂ ਤੇ ਕਿਸਾਨ ਆਗੂ ਖਿਲਾਫ ਧਾਰਾ 384 ਤੇ 506 ਤਹਿਤ ਮਾਮਲਾ ਦਰਜ ਕੀਤਾ ਸੀ। ਰੌਚਕ ਪਹਿਲੂ ਹੈ ਕਿ ਕੁੱਝ ਦਿਨ ਪਹਿਲਾਂ ਸਰਮੁਖ ਸਿੰਘ ਸੇਲਬਰਾਹ ਨੇ ਕਿਸੇ ਹੋਰ ਵਿਅਕਤੀ ਨਾਲ ਮਿਲ ਕੇ ਮੁਦਈ ਜਗਸੀਰ ਸਿੰਘ ਖਿਲਾਫ ਪੁਲਿਸ ਕੇਸ ਦਰਜ ਵੀ ਕਰਵਾਇਆ ਸੀ ਤੇ ਕਥਿਤ ਤੌਰ ਤੇ ਪੈਸੇ ਵੀ ਵਸੂਲ ਲਏ ਸਨ ਜਿਸ ਤੋਂ ਰੱਫੜ ਵਧ ਗਿਆ ਸੀ।
ਪੁਲਿਸ ਨੂੰ ਦਿੱੱਤੇ ਬਿਆਨਾਂ ਵਿੱਚ ਜਗਸੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਸੇਲਬਰਾਹ ਨੇ ਦੱਸਿਆ ਕਿ 3 ਅਪ੍ਰੈਲ ਨੂੰ ਪਿੰਡ ਦਾ ਇੱਕ ਨੌਜਵਾਨ ਲਵਪ੍ਰੀਤ ਸਿੰਘ ਉਸ ਦੀ ਦੁਕਾਨ ਤੋਂ 390 ਰੁਪਏ ਦਾ ਰਾਸ਼ਨ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਰਾਸ਼ਨ ਨੂੰ ਲੈਕੇ ਪਿੰਡ ਦੇ ਰਹਿਣ ਵਾਲੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦਾ ਸੂਬਾ ਆਗੂ ਸੁਰਮੁਖ ਸਿੰਘ ਲਵਪ੍ਰੀਤ ਸਿੰਘ ਨੂੰ ਥਾਣਾ ਫੂਲ ਲੈ ਗਿਆ ਅਤੇ ਉਸ ਖਿਲਾਫ ਕਰਫਿਊ ਚ ਦੁਕਾਨ ਖੋਲਣ ਅਤੇ ਵੱਧ ਰੇਟ ਤੇ ਸੌਦਾ ਵੇਚਣ ਦਾ ਮਾਮਲਾ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਬਾਅਦ ’ਚ ਸਮਝੌਤਾ ਕਰਨ ਲਈ ਪਿੰਡ ਦੇ ਹੀ ਗੁਰਪ੍ਰੀਤ ਸਿੰਘ ਰਾਹੀਂ ਮਾਮਲੇ ਦਾ ਨਿਬੇੜਾ ਕਰਨ ਲਈ 2 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ: ਮੁਤਾਬਕ ਗੁਰਪ੍ਰੀਤ ਸਿੰਘ ਨੇ ਮੌਕੇ ਤੇ 21000 ਰੁਪਏ ਦੇ ਦਿੱਤੇ ਅਤੇ ਬਾਕੀ ਪੈਸੇ ਬਾਅਦ ਵਿੱਚ ਦੇਣ ਦੀ ਗੱਲ ਆਖ ਦਿੱਤੀ। ਉਨ੍ਹਾਂ ਦੱਸਿਆ ਕਿ ਸਰਮੁਖ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਨਾਮ ਤੇ 21ਹਜਾਰ ਰੁਪਏ ਦੀ ਇੱਕ ਰਸੀਦ ਆਪਣੇ ਦਸਖਤ ਕਰਕੇ ਦੇ ਦਿੱਤੀ।
ਸੂਤਰ ਦੱਸਦੇ ਹਨ ਕਿ ਇਸ ਮਾਮਲੇ ਨੂੰ ਲੈਕੇ ਪਿੰਡ ’ਚ ਲੋਕ ਵੀ ਜੁੜੇ ਸਨ ਪਰ ਮਾਮਲਾ ਨਿਪਟਿਆ ਨਹੀਂ। ਦੱਸਿਆ ਜਾਂਦਾ ਹੈ ਕਿ ਜਗਸੀਰ ਸਿੰਘ ਪੁਲਿਸ ਕੋਲ ਸਬੂਤ ਲੈਕੇ ਚਲਾ ਗਿਆ ਜਿਸ ਨੇ ਕਾਰਵਾਈ ਕਰ ਦਿੱਤੀ ਹੈ। ਥਾਣਾ ਫੂਲ ਦੇ ਮੁੱਖ ਥਾਣਾ ਅਫਸਰ ਮਨਿੰਦਰ ਸਿੰਘ ਨੇ ਦੱਸਿਆਂ ਕਿ ਜਗਸੀਰ ਸਿੰਘ ਦੇ ਬਿਆਨਾਂ ਤੇ ਸੁਰਮੁਖ ਸਿੰਘ ਸੇਲਬਰਾਹ ਕਥਿਤ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਉੱਪਰ ਵੱਖ-ਵੱਖ ਧਾਰਵਾਂ ਅਧੀਨ ਮਾਮਲਾ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਹੈ।
ਯੂਨੀਅਨ ਨੇ ਪੱਲਾ ਝਾੜਿਆ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਦਾਰਾ ਸਿੰਘ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਕੇ ਸਰਮੁਖ ਸਿੰਘ ਸੇਲਬਰਾਹ ਤੋਂ ਕਿਨਾਰਾ ਕਰ ਲਿਆ ਹੈ। ਜਿਲ੍ਹਾ ਪ੍ਰਧਾਨ ਦਾਰਾ ਸਿੰਘ ਅਤੇ ਜਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਨੇ ਕਿਹਾ ਕਿ ਸਰਮੁਖ ਸਿੰਘ ਪੁੱਤਰ ਜੀਤ ਸਿੰਘ ਵਾਸੀ ਸੇਲਬਰਾਹ ਨਾਂਲ ਜੱਥੇਬੰਦੀ ਦਾ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿ ਯੂਨੀਅਨ ਨੇ ਸਰਮੁਖ ਸਿੰਘ ਨੂੰ ਕੋਈ ਅਹੁਦਾ ਨਹੀਂ ਦਿੱਤਾ ਅਤੇ ਨਾਂ ਹੀ ਕੋੲਂ ਰਸੀਦ ਬੁੱਕ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੋ ਇਸ ਕੋਲ ਰਸੀਦ ਵਾਲੀ ਕਾਪੀ ਹੈ ਉਹ ਇਸ ਨੇ ਖੁਦ ਛਪਾਈ ਹੈ ਜਿਸ ਦੇ ਅਧਾਰ ਤੇ ਇਹ ਪੈਸੇ ਲੈਕੇ ਆਪਣੇ ਕੋਲ ਰੱਖ ਲੈਂਦਾ ਹੈ। ਉਨ੍ਹਾਂ ਦੱਸਿਆ ਕਿ 21 ਹਜਾਰ ਰੁਪਏ ਦੀ ਰਾਸ਼ੀ ਵੀ ਇਸ ਨੇ ਯੂਨੀਅਨ ਕੋਲ ਜਮਾਂ ਨਹੀਂ ਕਰਾਈ ਹੈ।
ਸੇਲਬਰਾਹ ਠੇਕਾ ਮਾਮਲੇ ’ਚ ਆਇਆ ਸੀ ਚਰਚਾ ’ਚ
ਪੁਲਿਸ ਵੱਲੋਂ ਬਲੈਕਮੇਲ ਮਾਮਲੇ ’ਚ ਗ੍ਰਿਫਤਾਰ ਸਰਮੁਖ ਸਿੰਘ ਵਾਸੀ ਸੇਲਬਰਾਹ ਮਈ 2011 ’ਚ ਉਦੋਂ ਵੱਡੀ ਪੱਧਰ ਤੇ ਚਰਜਾ ਦਾ ਵਿਸ਼ਾ ਬਣਿਆ ਸੀ ਜਦੋਂ ਪਿੰਡ ’ਚ ਸ਼ਰਾਬ ਦੇ ਠੇਕੇ ਨੂੰ ਲੈਕੇ ਪੁਲਿਸ ਅਤੇ ਪਿੰਡ ਵਾਸੀਆਂ ’ਚ ਜਬਰਦਸਤ ਟਕਰਾਅ ਹੋ ਗਿਆ ਸੀ। ਪੁਲਿਸ ਨੇ ਉਸ ਮੌਕੇ ਸੁਰਮੁਖ ਸਿੰਘ ਅਤੇ ਕੁੱਝ ਹੋਰ ਆਗੂਆਂ ਤੋਂ ਇਲਾਂਵਾ ਪਿੰਡ ਵਾਸੀਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਪੁਲਿਸ ਕੇਸ ਦਰਜ ਕੀਤਾ ਸੀ ਜਿਸ ਚੋਂ ਇਹ ਲੋਕ ਬਰੀ ਹੋ ਗਏ ਸਨ। ਉਦੋਂ ਇਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਆਗੂ ਸੀ, ਜਿਸ ਚੋਂ ਇਸ ਨੂੰ ਕੱਢ ਦਿੱਤਾ ਗਿਆ ਸੀ। ਬਾਅਦ ’ਚ ਇਹ ਇੱਥ ਹੋਰ ਕਿਸਾਨ ਜੱਥੇਬੰਦੀ ’ਚ ਸ਼ਾਮਲ ਹੋਇਆ। ਜਿਸ ਨਾਲ ਵੀ ਉਸ ਦੀ ਨਿਭ ਨਹੀਂ ਸਕੀ। ਉਸ ਮਗਰੋਂ ਇਹ ਬੀਕੇਯੂ ਲੱਖੁਵਾਲ ਨਾਲ ਜਾ ਮਿਲਿਆ ਜਿਸ ਨੇ ਅੱਜ ਉਸ ਤੋਂ ਕਿਨਾਂਰਾ ਕਰ ਲਿਆ ਹੈ।