ਤੱਕੜੇ ਦਾ ਸੱਤੀਂ ਵੀਹੀ 100 – ਨਕਲੀ ਸੈਨਾਟਾਈਜਰ ਤਿਆਰ ਕਰਨ ਵਾਲੇ ਖਿਲਾਫ ਕਾਰਵਾਈ ਨਾ ਕਰ ਸਕੇ ਅਧਿਕਾਰੀ,
ਅਸਲੀ ਸੈਨਾਟਾਈਜਰ ਵਾਲੇ ਤੇ ਪੈ ਗਏ ਭਾਰੀ, 10 ਹਜਾਰ ਠੋਕਿਆ ਜੁਰਮਾਨਾ
ਜਤਿੰਦਰ ਦੇਵਗਨ , ਬਰਨਾਲਾ 10 ਅਪ੍ਰੈਲ 2020
ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕਾਲਾ ਬਾਜ਼ਾਰੀ ਕਰਨ ਵਾਲਿਆਂ ਲਈ ਵੱਖੋ-ਵੱਖਰੇ ਕਾਇਦੇ ਕਾਨੂੰਨ ਹਨ। ਇੱਨ੍ਹਾਂ ਨੂੰ ਕੌਣ ਆਖੇ ,ਰਾਣੀ ਅੱਗਾ ਢੱਕ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਜਿਹੀ ਹੀ ਦੋਹਰੀ ਕਾਰਜਪ੍ਰਣਾਲੀ ਇੱਕ ਹਫਤੇ ਚ, ਇੱਕੋਂ ਤਰਾਂ ਦੇ ਦੋ ਕੇਸਾਂ ਚ, ਲੋਕਾਂ ਨੂੰ ਦੇਖਣ ਨੂੰ ਮਿਲੀ ਹੈ। ਸਿਹਤ ਵਿਭਾਗ ਦੀ ਟੀਮ ਨੇ ਕਰੀਬ ਇੱਕ ਹਫਤਾ ਪਹਿਲਾਂ ਸਥਾਨਕ ਸੇਖਾ ਰੋਡ ਤੇ ਸਥਿਤ ਇੱਕ ਵੱਡੇ ਭਾਜਪਾ ਨੇਤਾ ਦੀ ਫਰਮ ਤੇ ਛਾਪਾਮਾਰੀ ਕਰਕੇ ਨਕਲੀ ਸੈਨਾਟਾਈਜਰ ਦੇ 120 ਡਿੱਬੇ ਫੜ੍ਹੇ ਸਨ। ਪਰ ਹਾਲੇ ਤੱਕ ਦੋਸ਼ੀ ਫਰਮ ਵਾਲੇ ਦੇ ਲੈਬ ਤੋਂ ਜਾਂਚ ਰਿਪੋਰਟ ਆਉਣ ਦਾ ਪ੍ਰਸ਼ਾਸਨ ਨੂੰ ਇੰਤਜਾਰ ਹੈ। ਜਿਹੜੀ ਫਰਮ ਲੋਕਾਂ ਨੂੰ ਬਿਨਾਂ ਲਾਇਸੰਸ ਤੋ ਹੀ ਨਕਲੀ ਸੈਨਾਟਾਈਜ਼ਰ ਤਿਆਰ ਕਰਕੇ ਵੇਚ ਕੇ ਲੱਖਾਂ ਕਰੋੜਾਂ ਰੁਪਏ ਲੋਕਾਂ ਤੋਂ ਡਕਾਰ ਗਈ। ਜਿਹੜਾ ਨੁਕਸਾਨ ਨਕਲੀ ਸੈਨਾਟਾਈਜ਼ਰ ਦੀ ਵਰਤੋਂ ਕਰਨ ਨਾਲ ਲੋਕਾਂ ਦੀ ਸਿਹਤ ਦਾ ਹੋਇਆ ਹੋਵੇਗਾ, ਇਸ ਦਾ ਕੋਈ ਲੇਖਾ ਜੋਖਾ ਕਰਨ ਲਈ ਪ੍ਰਸ਼ਾਸਨ ਭੋਰਾ ਵੀ ਗੰਭੀਰ ਨਹੀਂ ਹੈ। ਨਤੀਜ਼ਤਨ ਭਾਜਪਾ ਨੇਤਾ ਦੀ ਉਹ ਫਰਮ ਦੇ ਮਾਲਿਕ ਖਿਲਾਫ ਸਿਵਲ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨੇ ਕੋਈ ਕਾਰਵਾਈ ਨਹੀ ਕੀਤੀ। ਜਦੋ ਕਿ ਮੌਕੇ ਤੋਂ 120 ਕੈਨੀਆਂ ਭਰੀਆਂ ਹੋਈਆਂ ਨਕਲੀ ਸੈਨਾਟਾਈਜ਼ਰ ਦੀ ਫੜੀਆਂ ਵੀ ਗਈਆਂ ਸਨ। ਜਿਲਾ ਪ੍ਰਸ਼ਾਸ਼ਨ ਵੱਲੋਂ ਅਖਤਿਆਰ ਕੀਤੀ ਇਸ ਦੋਗਲੀ ਨੀਤੀ ਤੇ ਲੋਕ ਉੰਗਲੀਆਂ ਵੀ ਉਠਾ ਰਹੇ ਹਨ।
–ਦੂਜਾ ਪੱਖ ਇਹ ਵੀ,,,ਬਰੈਂਡਡ ਸੈਨਾਟਾਈਜ਼ਰ ਵੇਚਣ ਵਾਲੇ ਤੇ ਕਸਿਆ ਸਿਕੰਜਾ
ਭਾਂਵੇ ਪ੍ਰਸ਼ਾਸਨ ਨੇ ਨਕਲੀ ਸੈਨਾਟਾਈਜ਼ਰ ਵੇਚਣ ਵਾਲੇ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਰੰਤੂ ਦੂਜੇ ਪਾਸੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੀਆਂ ਹਦਾਇਤਾਂ ਉਤੇ ਸ਼ਹਿਰ ਦੀ ਪ੍ਰਸਿੱਧ ਫਰਮ ਸੀਐਮ- ਪਿਆਰੇ ਲਾਲ ਵਾਲਿਆਂ ਦੀ ਦੁਕਾਨ ਤੇ ਅਧਿਕਾਰੀਆਂ ਨੇ ਧਾਵਾ ਬੋਲ ਦਿੱਤਾ, ਤੇ ਤਹਿਸੀਲਦਾਰ ਗੁਰਮੁਖ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਛਾਪਾਮਾਰੀ ਕਰ ਇਸ ਫਰਮ ਨੂੰ 10 ਹਜਾਰ ਰੁਪਏ ਜੁਰਮਾਨਾ ਵੀ ਮੌਕੇ ਤੇ ਹੀ ਕਰ ਦਿੱਤਾ। ਇਸ ਸਬੰਧੀ ਡੀਸੀ ਫੂਲਕਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਇਹ ਫਰਮ ਸੈਨਾਟਾਈਜਰ, ਤੈਅ ਕੀਤੇ ਰੇਟ ਤੋ ਵੱਧ ਰੇਟ ਵਿੱਚ ਵੇਚ ਰਹੀ ਹੈ। ਜਦੋਂ ਟੀਮ ਨੇ ਜਾ ਕੇ ਇਸ ਫਰਮ ਤੋਂ ਸੈਨਾਟਾਈਜ਼ਰ ਖਰੀਦਿਆ ਤਾਂ ਫਰਮ ਨੇ ਕੇਂਦਰ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਵਿੱਚ ਤੈਅ ਕੀਤੇ ਰੇਟ ਤੋਂ ਸੈਨਾਟਾਈਜਰ ਦਾ ਰੇਟ ਵੱਧ ਵਸੂਲਿਆ। ਜਿਸ ਕਰਕੇ ਫਰਮ ਨੂੰ ਜੁਰਮਾਨਾ ਕੀਤਾ ਗਿਆ ਹੈ।
* ਫਰਮ ਮਾਲਿਕਾਂ ਦਾ ਕਹਿਣਾ ਹੈ ਕਿ ਉਨਾਂ ਕੋਲ ਪੱਕੇ ਬਿਲ ਨੇ,,
ਸੀ.ਐਮ-ਪਿਆਰੇ ਲਾਲ ਫਰਮ ਦੇ ਮਾਲਕ ਵਿਵੇਕ ਕੁਮਾਰ ਵਿੱਕੀ ਨੇ ਦੱਸਿਆ ਕਿ ਉਹ ਬਰੈਂਡਡ ਕੰਪਨੀ ਦਾ ਸੈਨਾਟਾਈਜਰ ਵੇਚਦੇ ਹਨ, ਜਿਸਦੇ ਉਨਾਂ ਪਾਸ ਪੱਕੇ ਬਿੱਲ ਵੀ ਹਨ। ਉਨਾਂ ਛਾਪਾ ਮਾਰਨ ਆਈ ਟੀਮ ਨੂੰ ਸਾਰਾ ਰਿਕਾਰਡ, ਪੱਕੇ ਬਿੱਲ ਵੀ ਦਿਖਾਏ ਤੇ ਕਿਹਾ ਕਿ ਇਹ ਰਜਿਸਟਰਡ ਕੰਪਨੀਆਂ ਦਾ ਬਰੈਂਡਡ ਸੈਨਾਟਾਈਜਰ ਹੈ। ਟੀਮ ਨੂੰ 228 ਰੁਪਏ ਵਾਲੀ ਸੈਨਾਟਾਈਜਰ ਦੀ ਸ਼ੀਸ਼ੀ ਮੁੱਲ ਘਟਾ ਕੇ 210 ਰੁਪਏ ਦੀ ਲਗਾਈ ਹੈ। ਪਰ ਫੇਰ ਵੀ ਟੀਮ ਨੇ ਉਨਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਫਰਮ ਨੂੰ ਗਲਤ ਢੰਗ ਅਪਣਾਉਂਦੇ ਹੋਏ 10 ਹਜਾਰ ਰੁਪਏ ਜੁਰਮਾਨਾ ਕਰ ਦਿੱਤਾ।
ਵਪਾਰ ਮਹਾਂਸੰਘ ਦਾ ਆਗੂ ਬੋਲਿਆ, ਦਾਲ ਚ, ਕਾਲਾ ਨਹੀਂ, ਪੂਰੀ ਦਾਲ ਹੀ ਕਾਲੀ ਹੈ,,.
ਵਪਾਰ ਮਹਾਸੰਘ ਪੰਜਾਬ ਦੇ ਪ੍ਰਧਾਨ ਲਲਿਤ ਮਹਾਜਨ ਨੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ। ਬਰਨਾਲਾ ਦੀ ਇੱਕ ਫਰਮ ਦਾ ਵਿਓਪਾਰੀ ਨਕਲੀ ਸੈਨਾਟਾਈਜਰ ਬਣਾ ਕੇ ਪੂਰੇ ਜਿਲੇ ਤੇ ਪੰਜਾਬ ਵਿਚ ਸਪਲਾਈ ਕਰਕੇ ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਗਿਆ। ਪਰ ਸਬੰਧਤ ਅਧਿਕਾਰੀ ਉਸਦੇ ਖਿਲਾਫ ਅੱਠ ਦਿਨ ਬੀਤ ਜਾਣ ਤੇ ਵੀ ਕੋਈ ਐਫਆਈਆਰ ਦਰਜ ਨਹੀ ਕਰਵਾ ਸਕੇ। ਜਦੋਂ ਕਿ ਇਹ ਸਾਰਾ ਮਾਮਲਾ ਜਿਲੇ ਦੇ ਸਮੂਹ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਹੈ। ਉਨਾਂ ਕਿਹਾ ਕਿ ਇੱਕ ਪਾਸੇ ਬਰੈਂਡਡ ਸੈਨਾਟਾਈਜ਼ਰ ਸਹੀ ਭਾਅ ਤੇ ਵੇਚਣ ਵਾਲੇ ਨੂੰ ਜੁਰਮਾਨਾ ਕਰ ਦਿੱਤਾ ਗਿਆ। ਜਦੋਂ ਕਿ ਦੂਸਰੇ ਪਾਸੇ ਨਕਲੀ ਸੈਨਾਟਾਈਜਰ ਤਿਆਰ ਕਰਨ ਵਾਲੇ ਖਿਲਾਫ ਸਬੰਧਤ ਅਧਿਕਾਰੀ ਕਾਰਵਾਈ ਕਰਨ ਦੀ ਹਿੰਮਤ ਨਹੀ ਕਰ ਸਕੇ। ਜਿਸ ਤੋ ਸਪੱਸ਼ਟ ਹੈ ਕਿ ਦਾਲ ਚ ਕਾਲਾ ਨਹੀ, ਬਲਕਿ ਸਾਰੀ ਦਾਲ ਹੀ ਕਾਲੀ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਸਿੱਧ ਕਰ ਦਿੱਤਾ ਕਿ ਤਕੜੇ ਦਾ ਸੱਤੀਂ ਵੀਹੀ 100 ਹੁੰਦਾ ਹੈ। ਮਹਾਜਨ ਨੇ ਕਿਹਾ ਕਿ ਸੀਐਮ-ਪਿਆਰੇ ਲਾਲ ਦੀ ਫਰਮ ਦੀ ਇਹ ਉਹ ਫਰਮ ਹੈ, ਜਿਸਨੇ ਪੁਲਿਸ ਪ੍ਰਸ਼ਾਸ਼ਨ ਨੂੰ ਲੋਕਾਂ ਚ ਵੰਡਣ ਲਈ ਬਿਨਾਂ ਕਿਸੇ ਮੁਨਾਫੇ ਦੇ ਸਾਬਣਾਂ ਖਰੀਦ ਕੇ ਦਿੱਤੀਆਂ ਅਤੇ ਕੁੱਝ ਰੁਪਏ ਪੱਲਿਓ ਵੀ ਪਾਏ। ਪਰ ਇਸਦਾ ਖਮਿਆਜਾ ਇਸ ਫਰਮ ਨੂੰ ਜੁਰਮਾਨੇ ਦੇ ਰੂਪ ਚ, ਭੁਗਤਣਾ ਪਿਆ ਹੈ । ਉਨਾਂ ਪ੍ਰਸ਼ਾਸਨ ਦੀ ਦੋਹਰੀ ਨੀਤੀ ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਦੇਖੋ ਜਿਲਾ ਪ੍ਰਸ਼ਾਸ਼ਨ ਦਾ ਇਨਸਾਫ, ਬਰੈਂਡਡ ਸੈਨਾਟਾਈਜਰ ਵਾਲੇ ਨੂੰ ਜੁਰਮਾਨਾ, ਨਕਲੀ ਸੈਨਾਟਾਈਜਰ ਤਿਆਰ ਕਰਨ ਵਾਲੇ ਨੂੰ ਕੀਤਾ ਗਿਐ ਮੁਆਫ ।