ਠੇਕੇ ਨੂੰ ਬਾਹਰੋਂ ਲੱਗਾ ਸੀ ਜਿੰਦਾ ਤੇ ਅੰਦਰੋਂ ਮਿਲੀ ਸੀ ਕਰਿੰਦੇ ਦੀ ਲਾਸ਼
ਦਵਿੰਦਰ ਡੀ.ਕੇ. ਲੁਧਿਆਣਾ, 10 ਅਪ੍ਰੈੱਲ 2020
ਬੀਤੇ ਦਿਨ ਪਿੰਡ ਚੁੱਪਕੀ ਵਿਖੇ ਠੇਕੇ ਦੇ ਕਰਿੰਦੇ ਦੇ ਹੋਏ ਅੰਨ੍ਹੇ ਕਤਲ ਦਾ ਮਾਮਲਾ ਲੁਧਿਆਣਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਲੋੜ ਦੇ ਕਥਿਤ ਦੋ ਕਾਤਲਾਂ ਨੂੰ ਕਾਤਲਾਂ ਕਤਲ ਲਈ ਵਰਤੇ ਹਥਿਆਰਾਂ ਅਤੇ ਚੋਰੀ ਕੀਤੀ ਨਗਦੀ ਸਮੇਤ ਗਿ੍ਰਫ਼ਤਾਰ ਕਰ ਲਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 3 ਅਪ੍ਰੈੱਲ ਨੂੰ ਮੁਦੱਈ ਪ੍ਰਨਾਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 17 ਬਲਾਕ ਐੱਚ, ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਨੇ ਇਤਲਾਹ ਦਿੱਤੀ ਸੀ ਕਿ ਉਹ ਮਾਨਕ ਰੇਖੀ ਗਰੁੱਪ ਦੇ ਧਾਂਦਰਾ, ਖੇੜੀ ਝਮੇੜੀ, ਚੁੱਪਕੀ ਆਦਿ ਪਿੰਡਾਂ ਦੇ ਸ਼ਰਾਬ ਦੇ ਠੇਕਿਆਂ ਅਤੇ ਕਰਿੰਦਿਆਂ ਦੀ ਨਿਗਰਾਨੀ ਅਤੇ ਨਗਦੀ ਇਕੱਠੀ ਕਰਨ ਦਾ ਕੰਮ ਕਰਦਾ ਹੈ। ਮਿਤੀ 2 ਅਪ੍ਰੈੱਲ ਨੂੰ ਪੰਜਾਬ ਵਿੱਚ ਲੌਕਡਾਊਨ ਹੋਣ ਕਾਰਨ ਉਹ ਆਪਣੇ ਬਾਕੀ ਸਾਥੀਆਂ ਨਾਲ ਚੁਪਕੀ ਪਿੰਡ ਦੇ ਠੇਕੇ ਦੇ ਕਰਿੰਦੇ ਰਵੇਲ ਚੰਦ ਪੁੱਤਰ ਬਰੂੜ ਰਾਮ ਵਾਸੀ ਪਿੰਡ ਢੀਨੂੰ ਹਿਮਾਚਲ ਪ੍ਰਦੇਸ਼ ਨੂੰ ਰਾਤ ਵੇਲੇ ਰੋਟੀ ਦੇਣ ਗਏ ਤਾਂ ਠੇਕੇ ਨੂੰ ਬਾਹਰੋਂ ਜਿੰਦਾ ਲੱਗਾ ਹੋਇਆ ਸੀ ਅਤੇ ਰਵੇਲ ਚੰਦ ਦੀ ਲਾਸ਼ ਅੰਦਰ ਪਈ ਸੀ। ਇਸ ਸੰਬੰਧੀ ਥਾਣਾ ਸਦਰ ਲੁਧਿਆਣਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਸੀ।
ਸ੍ਰ. ਤੇਜਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਦਿਆਂ ਲੁਧਿਆਣਾ ਪੁਲਿਸ ਵੱਲੋਂ ਰਵੇਲ ਚੰਦ ਦੇ ਕਥਿਤ ਕਾਤਲਾਂ ਅਮਨਦੀਪ ਸਿੰਘ ਅਮਨ ਪੁੱਤਰ ਕ੍ਰਿਸ਼ਨ ਸਿੰਘ ਪੱਪੂ, ਗੁਰਸੰਗਤ ਸਿੰਘ ਕਾਲੂ ਪੁੱਤਰ ਸਵਰਗੀ ਹਰਪਾਲ ਸਿੰਘ ਵਾਸੀ ਪਿੰਡ ਚੁੱਪਕੀ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਦੋਸ਼ੀਆਂ ਕੋਲੋਂ ਕਤਲ ਲਈ ਵਰਤੇ ਗਏ ਸੱਬਲ, ਹਥੌੜੀ ਅਤੇ ਠੇਕੇ ਵਿੱਚੋਂ ਚੋਰੀ ਕੀਤੇ 13000 ਰੁਪਏ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਉਨ੍ਹਾਂ ਨੇ ਪੈਸੇ ਖੋਹਣ ਦੀ ਖਾਤਰ ਰਵੇਲ ਚੰਦ ਦੀ ਹੱਤਿਆ ਕੀਤੀ ਸੀ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।