,,,ਅੱਜ ਦੇ ਦਿਨ ਪੈਦਾ ਹੋਇਆ ਸੀ, ਦੁਨੀਆਂ ਨੂੰ ਗਿਆਨ ਦਾ ਚਾਨਣ ਵੰਡਣ ਵਾਲਾ ਡਾ. ਟੀ ਕਾਵੂਰ

Advertisement
Spread information

*10 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼,

*ਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?

                    ਤਰਕਸ਼ੀਲ ਭਾਵੇਂ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਰੱਖਦੇ , ਪਰ ਉਨਾਂ ਨੇ ਪੁਨਰਜਨਮ ਕਰਕੇ ਵਿਖਾਇਆ ਹੈ । ਡਾ. ਕੋਵੂਰ ਦੇ ਵਿਛੋੜੇ ਨੂੰ ਭਾਵੇਂ ਚਾਲੀ ਵਰੇ ਬੀਤ ਗਏ ਸਨ। ਪਰ ਪੰਜਾਬ ਦੇ ਤਰਕਸ਼ੀਲਾਂ ਨੇ ਉਸ ਨੂੰ ਸ਼੍ਰੀਲੰਕਾ ਤੋਂ ਬਰਨਾਲੇ ਦੀ ਧਰਤੀ ‘ਤੇ ਲਿਆ ਕੇ 1984 ਵਿੱਚ ਮੁੜ ਜਿਉਂਦਾ ਕਰਕੇ ਵਿਖਾ ਦਿੱਤਾ। ਜਿਸਮਾਨੀ ਤੌਰ ‘ਤੇ ਭਾਵੇਂ ਉਹ ਉਸਨੂੰ ਨਹੀਂ ਲਿਆ ਸਕੇ ਪਰ ਉਸਦੀ ਵਿਚਾਰਧਾਰਾ ਨੇ ਇਹ ਸਫ਼ਰ ਤੈਅ ਕੀਤਾ ਹੈ।
            ਡਾ. ਕੋਵੂਰ ਦਾ ਜਨਮ 10 ਅਪ੍ਰੈਲ ਅਠਾਰਾ ਸੌ ਉਠਾਨਵੇਂ ਨੂੰ ਕੇਰਲਾ ਦੇ ਸ਼ਹਿਰ ਤਿਰੂਵਾਲਾ ਵਿਖੇ ਹੋਇਆ। ਉਸਦਾ ਪਿਤਾ ਰੈਵ ਕੋਵੂਰ ਇੱਕ ਗਿਰਜੇ ਦਾ ਪਾਦਰੀ ਸੀ। ਘਰ ਵਿੱਚ ਈਸਾਈ ਧਰਮ ਦਾ ਬੋਲਬਾਲਾ ਸੀ। ਹਰ ਆਉਣ ਵਾਲਾ ਮਹਿਮਾਨ ਭੇਂਟ ਵਜੋਂ ਬਾਈਬਲ ਦੇ ਕੁਝ ਸ਼ਲੋਕ ਲੈ ਕੇ ਹਾਜ਼ਰ ਹੁੰਦਾ ਤੇ ਜਾਣ ਸਮੇਂ ਵੀ ਬਾਈਬਲ ਦੀਆਂ ਸਿੱਖਿਆਵਾਂ ਹੀ ਉਸਦੇ ਪੱਲੇ ਹੁੰਦੀਆਂ। ਹੁਣ ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਗਿਰਜੇ ਦੇ ਪਾਦਰੀ ਦਾ ਸਪੁੱਤਰ ਅਬਰਾਹਿਮ ਕੋਵੂਰ , ਜਿਸਨੂੰ ਗੁੜਤੀ ਵੀ ਈਸਾਈ ਧਰਮ ਦੀ ਮਿਲੀ ਸੀ , ਉਹ ਤਰਕਸ਼ੀਲ ਲਹਿਰ ਦਾ ਧਰੂ ਤਾਰਾ ਕਿਵੇਂ ਬਣ ਗਿਆ ?  

   ਉਸਦੀਆਂ ਪੁਸਤਕਾਂ ਦੇ ਅਨੁਵਾਦ ਕਰਨ ਲੱਗਿਆ ਮੈਂ ਉਸਦੇ ਜੀਵਨ ਵਿੱਚ ਵਾਪਰੀਆਂ ਕੁਝ ਅਜਿਹੀਆਂ ਘਟਨਾਵਾਂ ਦਾ ਅਧਿਐਨ ਕੀਤਾ ਹੈ ਤੇ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਹੇਠ ਲਿਖੀਆਂ ਘਟਨਾਵਾਂ ਨੇ ਕੋਵੂਰ ਨੂੰ ਤਰਕ ਨਾਲ ਜ਼ਿੰਦਗੀ ਜਿਉਣੀ ਸਿਖਾਈ ਹੈ। ਜਦੋਂ ਵੀ ਕੋਈ ਵਿਅਕਤੀ ਆਪਣੇ ਇਲਾਕੇ ਨੂੰ ਛੱਡ ਕੇ ਕਿਸੇ ਹੋਰ ਥਾਂ ਉਤੇ ਆਪਣੀ ਜ਼ਿੰਦਗੀ ਦੇ ਕੁਝ ਵਰ੍ਹੇ ਗੁਜ਼ਾਰਦਾ ਹੈ ਤਾਂ ਉਸ ਦੀ ਸੋਚ ਦਾ ਘੇਰਾ ਵੀ ਵਿਸ਼ਾਲ ਹੁੰਦਾ ਜਾਂਦਾ ਹੈ। ਸਿੱਖ ਧਰਮ ਦਾ ਇਤਿਹਾਸ ਫਰੋਲਦਿਆਂ ਵੀ ਇਸ ਗੱਲ ਦੀ ਝਲਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਵੀ ਮਿਲਦੀ ਹੈ। ਨਾਨਕ , ਕਦੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾ ਬਣਦੇ ਜੇ ਉਸਨੇ ਉਦਾਸੀਆਂ ਨਾ ਕੀਤੀਆਂ ਹੁੰਦੀਆਂ। ਕੋਵੂਰ ਤੇ ਉਸਦੇ ਭਰਾ ਬਹਿਨਾਨ ਕੋਵੂਰ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਤਿਰੂਵਾਲਾ ਨੂੰ ਛੱਡਕੇ 1921 ਤੋਂ 1924 ਤੱਕ ਕਲਕੱਤਾ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਪਈ। ਕਲਕੱਤਾ ਗੰਗਾ ਕਿਨਾਰੇ ਵਸਿਆ ਸ਼ਹਿਰ ਹੈ। ਇਸ ਲਈ ਹੀ ਕੇਰਲਾ ਦੇ ਵਸਨੀਕ ਇਨਾਂ ਵਿਦਿਆਰਥੀਆਂ ਨੂੰ ਸ਼ਰਧਾ ਦੀ ਨਜ਼ਰ ਨਾਲ ਵੇਖਦੇ ਸਨ ਤੇ ਕਹਿੰਦੇ ਸਨ ਕਿ ”ਇਹ ਲੜਕੇ ਕਿੰਨੇ ਭਾਗਾਂ ਵਾਲੇ ਹਨ ਜਿਨਾਂ ਨੂੰ ਗੰਗਾ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ।” ਪਰ ਜਦੋਂ ਕੋਵੂਰ ਗੰਗਾ ਵਿੱਚ ਇਸਨਾਨ ਕਰਦਾ ਹੈ ਤਾਂ ਇੱਕ ਮਨੁੱਖੀ ਮ੍ਰਿਤਕ ਦੇਹ ਦਾ ਜੁਦਾ ਹੋਇਆ ਹੱਥ ਉਸਦੇ ਸਿਰ ਨਾਲ ਆ ਛੂਹਦਾ ਹੈ । ਕਿਉਂਕਿ ਬਹੁਤ ਸਾਰੇ ਹਿੰਦੂ ਆਪਣੇ ਮ੍ਰਿਤਕਾਂ ਦਾ ਕ੍ਰਿਆ ਕਰਮ ਕਰਨ ਲਈ ਉਸਦੇ ਮ੍ਰਿਤਕ ਸਰੀਰ ਨੂੰ ਗੰਗਾ ਵਿੱਚ ਰੋੜ ਦਿੰਦੇ ਸਨ। 

Advertisement

                  ਕੋਵੂਰ ਵੇਖਦਾ ਹੈ ਕਿ ਕਿਵੇਂ ਗੰਗਾ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਆ ਕੇ ਪਾਣੀ ਨੂੰ ਗੰਦਾ ਕਰਦੀਆਂ ਹਨ। ਇਸ ਲਈ ਕੋਵੂਰ ਫੈਸਲਾ ਕਰਦਾ ਹੈ ਕਿ ਉਹ ਆਪਣੇ ਸ਼ਹਿਰ ਵਾਸ਼ੀਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਇਸ ਦੂਸ਼ਿਤ ਪਾਣੀ ਦੀਆਂ ਬੋਤਲਾਂ ਨਹੀਂ ਲੈ ਕੇ ਜਾਵੇਗਾ। ਗੰਗਾ ਦੇ ਪਾਣੀ ਦੀ ਬਜਾਏ ਉਹ ਆਪਣੇ ਸ਼ਹਿਰ ਦੇ ਨਜ਼ਦੀਕੀ ਰੇਲਵੇ ਸਟੇਸ਼ਨ ਤੋਂ ਭਰੀਆਂ ਬੋਤਲਾਂ ਦਾ ਪਾਣੀ ਹੀ ਉਨਾਂ ਨੂੰ ਦੇ ਦਿੰਦਾ ਹੈ। ਅਗਲੇ ਸਾਲ ਉਹ ਇਸ ਪਾਣੀ ਨਾਲ ਠੀਕ ਹੋਏ ਵਿਅਕਤੀਆਂ ਦੇ ਚਮਤਕਾਰਾਂ ਦੇ ਕਿੱਸੇ ਸੁਣਦਾ ਹੈ। ਇਸ ਤਰਾਂ ਦਰਸਾਈਆਂ ਕਰਾਮਾਤਾਂ ਦੀਆਂ ਕਹਾਣੀਆਂ, ਉਸਦੇ ਮਨ ਵਿੱਚ ਸੁਆਲ ਖੜੇ ਕਰਦੀਆਂ ਹਨ। ਉਂਝ ਵੀ ਕੇਰਲਾ ਦੀਆਂ ਪਵਿੱਤਰ ਰਸਮਾਂ ਅਤੇ ਬੁਰੇ ਸ਼ਗਨਾਂ ਦਾ ਕਲਕੱਤੇ ਦੇ ਸ਼ੁਭ ਮਹੂਰਤਾਂ ਅਤੇ ਸ਼ੁਭ ਲਗਨਾਂ ਨਾਲੋਂ ਹਜ਼ਾਰਾਂ ਗੁਣਾ ਦਾ ਵਖਰੇਵਾਂ ਵੀ ਉਸਦੇ ਮਨ ਵਿੱਚ ਕਿੰਤੂ ਪ੍ਰਤੂੰ ਉਪਜਾਉਂਦਾ।

                ਜਦੋਂ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਸੁਆਲ ਖੜੇ ਹੋਣੇ ਸ਼ੁਰੂ ਹੋ ਜਾਣ , ਤਾਂ ਉਹ ਆਪਣੀਆਂ ਪੰਜੇ ਗਿਆਨ ਇੰਦਰੀਆਂ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਅੱਖਾਂ ਨਾਲ ਵੇਖਦਾ ਹੈ, ਕੰਨਾਂ ਨਾਲ ਸੁਣਦਾ ਹੈ, ਨੱਕ ਨਾਲ ਸੁਗੰਧ- ਦੁਰਗੰਧ ਸੁੰਘਦਾ ਹੈ। ਚਮੜੀ ਨਾਲ ਮਹਿਸੂਸਦਾ ਅਤੇ ਜੀਭ ਨਾਲ ਸੁਆਦ ਵੀ ਚੱਖਦਾ ਹੈ ਤੇ ਇਹ ਸਾਰੇ ਸੰਵੇਦੀ ਅਨੁਭਵ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੀ ਸੋਚ ਵਿੱਚ ਤਬਦੀਲੀ ਦਾ ਕਾਰਨ ਬਣਦੇ ਹਨ। ਇਸ ਤਰਾਂ ਲੋਕਾਂ ਵੱਲੋਂ ਸੁਣਾਈਆਂ ਜਾਂਦੀਆਂ ਕਰਾਮਾਤੀ ਗੱਲਾਂ ਪ੍ਰਤੀ ਉਸਦੀ ਪਹੁੰਚ ਵਿਗਿਆਨਕ ਬਣਦੀ ਗਈ।
                       ਸੋਚਾਂ ਵਿੱਚ ਡੁੱਬਿਆ ਕੋਵੂਰ ਤਿਰੂਵਾਲਾ ਦੀਆਂ ਸੜਕਾਂ ਉੱਤੇ ਹਾਏ ਹੱਲਾ ਕਰਦੇ ਨਬੂੰਦਰੀ ਬ੍ਰਾਹਮਣਾਂ ਨੂੰ ਜਦੋਂ ਵੇਖਦਾ ਹੈ ਤਾਂ ਉਸਦੀਆਂ ਕਲਪਨਾਵਾਂ ਦੀ ਲੜੀ ਟੁੱਟ ਜਾਂਦੀ। ਸੜਕਾਂ ਤੇ ਤੁਰਦੇ ਸਮੇਂ ਨਬੂੰਦਰੀ ਬ੍ਰਾਹਮਣ ਇਹ ਰੌਲਾ ਇਸ ਲਈ ਪਾਇਆ ਕਰਦੇ ਸਨ ਤਾਂ ਜੋ ਕੋਈ ਨੀਵੀਂ ਜਾਤੀ ਦਾ ਆਦਮੀ ਉਨਾਂ ਨੂੰ ਛੂਹ ਨਾ ਜਾਵੇ । ਜਿਸ ਕਾਰਣ ਉਹ ਭਿੱਟੇ ਜਾਣ। ਅਜਿਹੀ ਘਟਨਾ ਦਾ ਵਰਨਣ ਕਰਦਿਆਂ ਡਾਕਟਰ ਕੋਵੂਰ ਆਪਣੀ ਕਿਤਾਬ ”ਦੇਵ ਦੈਂਤ ਤੇ ਰੂਹਾਂ’ ਵਿੱਚ ਲਿਖਦਾ ਹੈ ਕਿ ਇੱਕ ਵਾਰ ਉਹ ਨਦੀ ਪਾਰ ਕਰਨ ਲਈ ਕਿਸ਼ਤੀ ਵਿੱਚ ਜਾਣ ਦੀ ਸੋਚ ਰਿਹਾ ਸੀ , ਤਾਂ ਇੱਕ ਵੱਡਾ ਨਬੂੰਦਰੀ ਬ੍ਰਾਹਮਣ ਕਿਸ਼ਤੀ ਵਿੱਚ ਸਵਾਰ ਹੋ ਕੇ ਬੈਠ ਗਿਆ ਅਤੇ ਉਸਨੂੰ ਕਿਸ਼ਤੀ ਚਲਾਉਣ ਲਈ ਕਹਿਣ ਲੱਗਿਆ। ਪਰ ਕੋਵੂਰ ਨੇ ਆਪਣੇ ਸਹਿਯੋਗੀ ਕੁਨਹੀਰਾਮਨ ਨੂੰ ਧੱਕੇ ਨਾਲ ਬਿਠਾ ਕੇ ਕਿਸ਼ਤੀ ਰੇੜਨ ਲਈ ਕਿਹਾ। ਇੱਕ ਅਛੂਤ ਨੂੰ ਕਿਸ਼ਤੀ ਚਲਾਉਂਦਿਆਂ ਵੇਖ ਕੇ ਨਬੂੰਦਰੀ ਨੇ ਕਿਸ਼ਤੀ ਵਿੱਚੋਂ ਛਾਲ ਮਾਰ ਦਿੱਤੀ। ਉਹ ਤੈਰਨਾ ਨਹੀਂ ਸੀ ਜਾਣਦਾ। ਸੋ ਡੁੱਬਣ ਲੱਗਿਆ ਜਦੋਂ ਕੁਨਹੀਰਾਮਨ ਨੇ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਉਸਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ। ਬਚਪਨ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਨੇ ਕੋਵੂਰ ਦੀ ਸੋਚ ਨੂੰ ਜਾਤ ਪਾਤ ਰਹਿਤ ਕੀਤਾ।
1928 ਵਿੱਚ ਕੋਵੂਰ ਨੇ ਸੈਂਟਰਲ ਕਾਲੇਜ ਜਾਫਨਾ ਵਿੱਚ ਬਤੌਰ ਲੈਕਚਰਾਰ ਨੌਕਰੀ ਸ਼ੁਰੂ ਕਰ ਲਈ। ਪਹਿਲੇ ਹੀ ਦਿਨ ਕਾਲੇਜ ਵਿੱਚ ਮੀਂਹ ਪਵਾਉਣ ਲਈ ਪ੍ਰਾਰਥਨਾ ਕੀਤੀ ਗਈ ਜਿਸ ਵਿੱਚ ਸਾਰੇ ਪ੍ਰੋਫੈਸਰ ਤੇ ਵਿਦਿਆਰਥੀ ਇਕੱਠੇ ਕੀਤੇ ਗਏ। ਭੋਜਨ ਕਰਨ ਸਮੇਂ ਜਦੋਂ ਕੋਵੂਰ ਨੇ ਕਾਲੇਜ ਦੇ ਪ੍ਰਿੰਸੀਪਲ ਨੂੰ ਪੁੱਛਿਆ ਕਿ ”ਬਰਸਾਤ ਕਿਵੇਂ ਹੁੰਦੀ ਹੈ?” ਤਾਂ ਉਹ ਕਹਿਣ ਲੱਗਿਆ ਕਿ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦਾ ਦਬਾਉ, ਹਵਾ ਦੀ ਨਮੀ ਅਤੇ ਬੱਦਲਾਂ ਦੀ ਉਪਲਬਧੀ ਆਦਿ ਅਜਿਹੇ ਕਾਰਨ ਹੁੰਦੇ ਹਨ ਜੋ ਬਰਸਾਤ ਪਵਾਉਂਦੇ ਹਨ ਤਾਂ ਕੋਵੂਰ ਨੇ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਇਨਾਂ ਕਾਰਣਾਂ ਵਿੱਚ ਪ੍ਰਾਰਥਨਾ ਨੂੰ ਤੁਸੀਂ ਸ਼ਾਮਿਲ ਨਹੀਂ ਕੀਤਾ। ਕੀ ਇਸਦਾ ਵੀ ਕੋਈ ਰੋਲ ਹੁੰਦਾ ਹੈ?” ਤਾਂ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, ”ਕੋਵੂਰ ਤੂੰ ਮੈਨੂੰ ਇਸ ਨੁਕਤੇ ਤੇ ਫਸਾ ਲਿਆ ਹੈ। ਛੱਡ ਆਪਾਂ ਭੋਜਨ ਖਾਣ ਵੱਲ ਧਿਆਨ ਦੇਈਏ।” ਇਸ ਤਰਾਂ ਹੀ ਇਸੇ ਕਾਲੇਜ ਵਿੱਚ ਇੱਕ ਹੋਰ ਘਟਨਾ ਨੇ ਕੋਵੂਰ ਨੂੰ ਜ਼ਿੰਦਗੀ ਪ੍ਰਤੀ ਆਪਣੀ ਸੋਚ ਨੂੰ ਪ੍ਰਸਾਰਨ ਦੇ ਪ੍ਰਚਾਰਨ ਦਾ ਮੌਕਾ ਪ੍ਰਦਾਨ ਕੀਤਾ। ਹੋਇਆ ਇੰਝ ਕਿ ਬਨਸਪਤੀ ਵਿਗਿਆਨ ਪੜਾਉਣ ਨਾਲ ਨਾਲ ਉਸਨੂੰ ਵੱਡੀਆਂ ਜਮਾਤਾਂ ਨੂੰ ਬਾਈਬਲ ਪੜਾਉਣ ਦਾ ਵਿਸ਼ਾ ਵੀ ਸੰਭਾਲ ਦਿੱਤਾ ਗਿਆ। ਬਾਈਬਲ ਵਿੱਚ ਲਿਖੀਆਂ ਗੱਲਾਂ ਜਦੋਂ ਉਸਨੇ ਵਿਦਿਆਰਥੀਆਂ ਨੂੰ ਦੱਸੀਆਂ ਤਾਂ ਉਹ ਸਾਰੇ ਬਾਈਬਲ ਵਿੱਚੋਂ ਬਹੁਤ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋ ਗਏ। ਅਗਲੇ ਸਾਲ ਉਸਨੂੰ ਬਾਈਬਲ ਦਾ ਵਿਸ਼ਾ ਪੜਾਉਣ ਲਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਦੋਂ ਉਸਨੇ ਇਸ ਗੱਲ ਦੀ ਜਾਣਕਾਰੀ ਲਈ ਤਾਂ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, ‘‘ਇਹ ਗੱਲ ਠੀਕ ਹੈ ਕਿ ਤੇਰੇ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਬਾਈਬਲ ਵਿੱਚੋਂ ਪਾਸ ਹੋ ਗਏ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਨਾਂ ਸਾਰੇ ਵਿਦਿਆਰਥੀਆਂ ਦਾ ਵਿਸ਼ਵਾਸ ਧਰਮ ਵਿੱਚੋਂ ਖਤਮ ਹੋ ਗਿਆ ਹੈ।”

                      ਕੋਵੂਰ ਨੇ ਵਿਆਹ ਕਰਵਾਉਣ ਸਮੇਂ ਆਪਣੀ ਪਤਨੀ ਅੱਕਾ ਕੋਵੂਰ ਤੋਂ ਇਹ ਵਾਅਦਾ ਲਿਆ ਸੀ ਕਿ ”ਅਸੀਂ ਆਪਣੀ ਸੰਤਾਨ ਦੀ ਪਾਲਣਾ ਬਗੈਰ ਕਿਸੇ ਧਾਰਮਿਕ ਵਿਚਾਰ ਤੋਂ ਕਰਾਂਗੇ।” ਪਰ ਜਦੋਂ ਉਸਦਾ ਪੁੱਤਰ ਗਿਰਜੇ ਜਾਣ ਲੱਗ ਪਿਆ ਤਾਂ ਉਸਨੇ ਆਪਣੀ ਪਤਨੀ ਤੋਂ ਇਸਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ, ”ਮੇਰੇ ਪੁੱਤਰ ਏਰੀਸ ਕੋਵੂਰ ਦਾ ਈਸਾਈ ਧਰਮ ਵਿੱਚ ਉੱਕਾ ਵੀ ਵਿਸ਼ਵਾਸ ਨਹੀਂ ਉਹ ਗਿਰਜੇ ਵਿੱਚ ਸਿਰਫ਼ ਲੜਕੀਆਂ ਨੂੰ ਵੇਖਣ ਲਈ ਜਾਂਦਾ ਹੈ ਜੋ ਅਕਸਰ ਇਸ ਉਮਰ ਦੇ ਲੜਕੇ ਚਲੇ ਜਾਂਦੇ ਹਨ।”
                               ਕੋਵੂਰ ਨੇ ਆਪਣੇ ਪੁੱਤਰ ਦਾ ਨਾਂ ਏਰੀਸ ਇਸ ਲਈ ਰੱਖਿਆ ਸੀ ਕਿਉਂਕਿ ਉਸਦਾ ਜਨਮ ”ਏਰੀਸ ਰਾਸ਼ੀ” ਵਿੱਚ ਹੋਇਆ ਸੀ ਕਿਉਂਕਿ ਇਨਾਂ ਦਿਨਾਂ ਵਿੱਚ ਉਹ ਜੋਤਿਸ਼ ਦੀ ਸੱਚਾਈ ਜਾਨਣ ਲਈ ਇਸ ਵਿੱਚ ਦਿਲਚਸਪੀ ਲੈਣ ਲੱਗ ਪਿਆ ਸੀ। ਬਾਅਦ ਵਿੱਚ ਉਸਨੇ ਜੋਤਿਸ਼ ਬਾਰੇ ਸਿੱਟਾ ਕੱਢਿਆ ਕਿ, ”ਇਹ ਇੱਕ ਤੁੱਕਾ ਹੈ। ਜਿਸ ਦਾ ਠੀਕ ਹੋ ਜਾਂਦਾ ਹੈ ਉਹ ਕੋਠੇ ਤੇ ਖੜਾ ਹੋ ਕੇ ਜੋਤਿਸ਼ ਦਾ ਪ੍ਰਚਾਰ ਤੇ ਪਸਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿੰਨਾ ਦਾ ਗਲਤ ਨਿਕਲ ਜਾਂਦਾ ਹੈ ਉਹ ਚੁੱਪ ਕਰਕੇ ਘਰ ਬੈਠ ਜਾਂਦੇ ਹਨ।”
                         ਡਾ. ਕੋਵੂਰ ਅਤੇ ਉਸਦੀ ਪਤਨੀ ਅੱਕਾ ਕੋਵੂਰ ਨੇ 1928 ਤੋਂ ਲੈ ਕੇ 1959 ਤੱਕ ਸੈਂਕੜੇ ਕੇਸਾਂ ਅਤੇ ਘਟਨਾਵਾਂ ਦੀ ਖੋਜ ਪੜਤਾਲ ਕੀਤੀ ਅਤੇ ਹੱਲ ਕੀਤਾ। ਇਨਾਂ ਸਾਰਿਆਂ ਦੇ ਨੋਟ ਡਾਕਟਰ ਕੋਵੂਰ ਨੇ ਸੰਭਾਲ ਲਏ। ਉਸਨੇ ਆਪਣੇ ਸਾਰੇ ਕੇਸਾਂ ਦੀ ਖੋਜ ਪੜਤਾਲ ਉਸ ਸਮੇਂ ਉਪਲਬਧ ਵਿਗਿਆਨਕ ਜਾਣਕਾਰੀ ਅਤੇ ਅਮਲੀ ਪ੍ਰਯੋਗਾਂ ਰਾਹੀਂ ਕੀਤੀ। ਉਸਨੇ ਵਿਗਿਆਨ ਨੂੰ ਜ਼ਿੰਦਗੀ ਦੇ ਅਮਲ ਨਾਲ ਜੋੜਿਆ। 1959 ਤੱਕ ਉਹ ਧਾਰਮਿਕ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਕਾਲੇਜਾਂ ਵਿੱਚ ਨੌਕਰੀ ਕਰਦਾ ਰਿਹਾ। ਆਪਣੀ ਨੌਕਰੀ ਤੋਂ ਰੀਟਾਇਰ ਹੋਣ ਤੋਂ ਬਾਅਦ ਹੀ ਉਸਨੇ ਆਪਣੀ ਜ਼ਿੰਦਗੀ ਦੇ ਸਾਰੇ ਤਜ਼ਰਬੇ ਲੋਕਾਂ ਨਾਲ ਸਾਂਝੇ ਕਰਨੇ ਸ਼ੁਰੂ ਕੀਤੇ।

                       ਵੱਖ-ਵੱਖ ਕਰਾਮਾਤੀ ਸ਼ਕਤੀਆਂ ਦੇ ਅਖੌਤੀ ਦਾਅਵੇਦਾਰਾਂ ਨੂੰ ਭਜਾਉਣ ਲਈ ਉਸਨੇ ਤੇਈ ਸ਼ਰਤਾਂ ਵਾਲੀ ਆਪਣੀ ਚਣੌਤੀ 1963 ਵਿੱਚ ਜਾਰੀ ਕੀਤੀ ਤੇ ਅੱਜ ਅੱਧੀ ਸਦੀ ਬੀਤਣ ਦੇ ਬਾਵਜੂਦ ਵੀ ਪੰਜਾਬ ਦੇ ਤਰਕਸ਼ੀਲਾਂ ਨੇ ਉਸ ਚਣੌਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ। 1974 ‘ਚ ਉਸਦੀ ਪਤਨੀ ਅੱਕਾ ਕੋਵੂਰ ਉਸਨੂੰ ਸਦੀਵੀ ਵਿਛੋੜਾ ਦੇ ਗਈ ਪਰ ਉਸਦੀ ਇੱਛਾ ਅਨੁਸਾਰ ਉਸਦੀ ਮ੍ਰਿਤਕ ਦੇਹ ਸ੍ਰੀਲੰਕਾ ਦੇ ਸਰਕਾਰੀ ਹਸਪਤਾਲ ਨੂੰ ਦਾਨ ਕਰ ਦਿੱਤੀ ਗਈ। ਉਸਦੀ ਮੌਤ ਉਪਰ ਕਿਸੇ ਕਿਸਮ ਦੀ ਕੋਈ ਧਾਰਮਿਕ ਰਸ਼ਮ ਅਦਾ ਨਾ ਕੀਤੀ ਗਈ। 1984 ਵਿੱਚ ਪੈਦਾ ਹੋਈ ਪੰਜਾਬ ਦੀ ਤਰਕਸ਼ੀਲ ਲਹਿਰ ਨੇ ਡਾਕਟਰ ਕੋਵੂਰ ਤੋਂ ਅਗਵਾਈ ਲੈਂਦਿਆਂ ਅੱਜ ਲੱਖਾਂ ਹੀ ਵਿਅਕਤੀਆਂ ਨੂੰ ਤਰਕਸ਼ੀਲਤਾ ਦੇ ਰਸਤੇ ‘ਤੇ ਤੋਰਿਆ ਹੀ ਨਹੀਂ। ਸਗੋਂ ਹਜ਼ਾਰਾਂ ਘਰਾਂ ਵਿੱਚ ਹੁੰਦੀਆਂ ਕਸਰਾਂ ਦੇ ਕੇਸਾਂ ਨੂੰ ਠੀਕ ਵੀ ਕੀਤਾ ਹੈ। ਪੰਜਾਬ ਦੇ ਤਰਕਸ਼ੀਲ ਇਸ ਸਖ਼ਸ਼ੀਅਤ ਦੇ ਸਦਾ ਲਈ ਕਰਜ਼ਦਾਰ ਰਹਿਣਗੇ ਕਿਉਂਕਿ ਉਸਨੇ ਉਨਾਂ ਨੂੰ ਸਿਰਫ਼ ਕੇਸਾਂ ਨੂੰ ਠੀਕ ਕਰਨ ਦਾ ਢੰਗ ਹੀ ਨਹੀਂ ਸਿਖਾਇਆ ਸਗੋਂ ਕੇਸਾਂ ਨੂੰ ਲਿਖਣਾ ਤੇ ਅਖਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਰਾਹੀਂ ਪ੍ਰਚਾਰਣਾ ਵੀ ਸਿਖਾਇਆ ਹੈ।
                   ਇਹ ਇੱਕ ਸੱਚਾਈ ਹੈ ਕਿ ਕੁਝ ਤਾਰਿਆਂ ਦੇ ਅਲੋਪ ਹੋਣ ਤੋਂ ਬਾਅਦ ਵੀ ਉਨਾਂ ਦੀ ਰੌਸ਼ਨੀ ਧਰਤੀ ਤੇ ਪਹੁੰਚਦੀ ਰਹਿੰਦੀ ਹੈ, ਤਰਕਸ਼ੀਲਤਾਂ ਦਾ ਇਹ ਝੰਡਾ ਬਰਦਾਰ ਭਾਵੇਂ ਸਾਨੂੰ 18 ਸਤੰਬਰ, 1978 ਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਪਰ ਉਸਦੀਆਂ ਲਿਖਤਾਂ ਆਉਣ ਵਾਲੀ ਇੱਕ ਸਦੀ ਤੱਕ ਪੰਜਾਬ ਦੇ ਲੋਕਾਂ ਲਈ ਚਾਨਣ ਮੁਨਾਰਾ ਬਣੀਆਂ ਰਹਿਣਗੀਆਂ। ਇਹ ਵੀ ਇੱਕ ਅਸਲੀਅਤ ਹੈ ਕਿ ਪੰਜਾਬ ਹਰਿਆਣੇ ਦਾ ਕੋਈ ਵੀ ਤਰਕਸ਼ੀਲ ਕੋਵੂਰ ਨੂੰ ਕਦੇ ਜਿਸਮਾਨੀ ਤੌਰ ‘ਤੇ ਮਿਲਿਆ ਨਹੀਂ । ਪਰ ਫਿਰ ਵੀ ਉਸ ਦੇ ਜੀਵਨ ਬਾਰੇ ਜਾਣਕਾਰੀ ਰੱਖਦਾ ਹੈ। ਇਸ ਦਾ ਕਾਰਣ ਇਸ ਦੀਆਂ ਸਾਹਿਤਕ ਰਚਨਾਵਾਂ ਹਨ।

ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਕੱਚਾ ਕਾਲਜ ਰੋਡ, ਗਲੀ ਨੰ. 8
ਬਰਨਾਲਾ (ਮੋ: 9888787440)

Advertisement
Advertisement
Advertisement
Advertisement
Advertisement
error: Content is protected !!