2 ਡਾਕਟਰ ਤੇ 3 ਹੈਲਪਰਾਂ ਸਣੇ 11 ਸ਼ੱਕੀ ਵਿਅਕਤੀਆਂ ਦੀ ਰਿਪੋਰਟ ਕੱਲ੍ਹ ਆਵੇਗੀ-ਐਸਐਮਉ ਕੌਸ਼ਲ
ਹਰਿੰਦਰ ਨਿੱਕਾ ਬਰਨਾਲਾ, 7 ਅਪਰੈਲ 2020
ਬਰਨਾਲਾ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦੀ ਨੌਕਰਾਣੀ ਨੂੰ ਵੀ ਮੰਗਲਵਾਰ ਦੇਰ ਸ਼ਾਮ ਸਿਵਲ ਹਸਪਤਾਲ ਦੇ ਸਿਹਤ ਕਰਮਚਾਰੀਆਂ ਦੀ ਟੀਮ ਨੇ ਉਸ ਦੇ ਸੇਖਾ ਰੋਡ ਗਲੀ ਨੰਬਰ 4 ਚ ਸਥਿਤ ਘਰੋਂ ਲਿਆ ਕੇ ਆਈਸੋਲੇਸ਼ਨ ਵਾਰਡ ਚ ਭਰਤੀ ਕਰ ਲਿਆ ਗਿਆ। ਜਦੋਂ ਕਿ ਰਾਧਾ ਦੇ ਪਤੀਨੂੰ ਉਸ ਦੀ ਬੇਟੀ ਅਤੇ ਉਸ ਦੇ ਮਕਾਨ ਮਾਲਿਕ ਪਰਿਵਾਰ ਦੇ 4 ਜੀਆਂ ਅਤੇ ਹਸਪਤਾਲ ਵਿੱਚ ਇਲਾਜ਼ ਦੇ ਦੌਰਾਨ ਉਸ ਦੇ ਸੰਪਰਕ ਵਿੱਚ ਆਏ ਡਾਕਟਰ ਤੇ ਤਿੰਨ ਹੈਲਪਰਾਂ ਤੇ ਇੱਕ ਹੋਰ ਡਾਕਟਰ ਦੇ ਪਟਿਆਲਾ ਭੇਜ਼ੇ ਸੈਂਪਲਾਂ ਦੀ ਰਿਪੋਰਟ ਖਬਰ ਲਿਖੇ ਜਾਣ ਤੱਕ ਪ੍ਰਾਪਤ ਨਹੀ ਹੋਈ। ਦਿਨ ਭਰ ਸਿਵਲ ਹਸਪਤਾਲ ਦੇ ਡਾਕਟਰ ਅਤੇ ਆਮ ਲੋਕ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਹਾਲੇ ਤੱਕ 11 ਵਿਅਕਤੀਆਂ ਵਿੱਚੋਂ ਕਿਸੇ ਦੀ ਵੀ ਰਿਪੋਰਟ ਨਹੀਂ ਆਈ। ਉਹਨਾਂ ਦੱਸਿਆ ਕਿ ਕੋਰੋਨਾ ਪੌਜੋਟਿਵ ਰਾਧਾ ਦੇ ਘਰ ਸਾਫ ਸਫਾਈ ਦਾ ਕੰਮ ਕਰਨ ਵਾਲੀ ਨੌਕਰਾਣੀ ਨੂੰ ਵੀ ਕੋਰੋਨਾ ਦੀ ਸ਼ੱਕੀ ਮਰੀਜ਼ ਦੇ ਤੌਰ ਤੇ ਸੋਹਲ ਪੱਤੀ ਖੁੱਡੀ ਕਲਾਂ ਰੋਡ ਤੇ ਕਾਇਮ ਕੀਤੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਉਸ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਭੇਜ਼ ਦਿੱਤੇ ਹਨ। ਉਹਨਾਂ ਰਿਪੋਰਟ ਆਉਣ ਵਿੱਚ ਹੋ ਰਹੀ ਦੇਰੀ ਬਾਰੇ ਪੁੱਛਣ ਤੇ ਦੱਸਿਆ ਕਿ ਪਟਿਆਲਾ ਲੈਬ ਚ ਸੈਂਪਲ ਜਿਆਦਾ ਪਹੁੰਚ ਜਾਣ ਕਰਕੇ ਦੇਰੀ ਹੋ ਰਹੀ ਹੈ। ਉਮੀਦ ਹੈ ਕੱਲ੍ਹ ਸਵੇਰੇ ਜਾਂ ਸ਼ਾਮ ਤੱਕ 11 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆ ਜਾਵੇਗੀ। ਉਧਰ ਸੋਮਵਾਰ ਤੋਂ ਹੀ ਇਕਾਂਤਵਾਸ ਰਹਿ ਰਹੇ ਰਾਧਾ ਦਾ ਇਲਾਜ਼ ਕਰਨ ਵਾਲੇ ਡਾਕਟਰ ਨੇ ਫੋਨ ਤੇ ਦੱਸਿਆ ਕਿ ਉਹ ਪੂਰੀ ਤਰਾਂ ਠੀਕ ਹਨ ਤੇ ਸੀਨੀਅਰ ਡਾਕਟਰਾਂ ਦੀ ਸਲਾਹ ਅਨੁਸਾਰ ਅਰਾਮ ਕਰ ਰਹੇ ਹਨ।