* ਸਿਹਤ ਅਮਲੇ ਦੀ ਸਿਹਤ ਅਤੇ ਸਹੂਲਤਾਂ ਜ਼ਿਲਾ ਪ੍ਰਸ਼ਾਸਨ ਦੀ ਤਰਜੀਹ: ਤੇਜ ਪ੍ਰਤਾਪ ਸਿੰਘ ਫੂਲਕਾ
* ਡਾਕਟਰਾਂ ਅਤੇ ਹੋਰ ਸਟਾਫ ਨੂੰ ਪੀਪੀਈ ਕਿੱਟਾਂ, ਮਾਸਕ ਤੇ ਸੈਨੇਟਾਈਜ਼ਰ ਸੌਂਪੇ
ਪਰਤੀਕ ਚੰਨਾ ਬਰਨਾਲਾ, 7 ਅਪਰੈਲ 2020
ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦਿਨ-ਰਾਤ ਸੇਵਾਵਾਂ ਦੇਣ ਵਿਚ ਜੁੁਟੇ ਸਿਹਤ ਵਿਭਾਗ ਦੇ ਅਮਲੇ ਦੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵਿਸ਼ੇਸ਼ ਤੌਰ ’ਤੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਬਰਨਾਲਾ ਨੂੰ 200 ਪੀਪੀਈ ਕਿੱਟਾਂ, 200 ਐਨ25 ਮਾਸਕ ਤੇ 500 ਸੈਨੇਟਾਈਜ਼ਰ ਸੌਂਪੇ ਗਏ। ਇਹ ਪੀਪੀਈ ਕਿੱਟਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਖਰੀਦੀਆਂ ਗਈਆਂ ਹਨ ਤਾਂ ਜੋ ਸਿਹਤ ਅਮਲੇ ਨੂੰ ਲੋੜੀਂਦੇ ਸਾਜ਼ੋ-ਸਾਮਾਨ ਦੀ ਕੋਈ ਮੁਸ਼ਕਲ ਨਾ ਆਵੇ। ਅੱਜ ਵਿਸ਼ਵ ਸਿਹਤ ਦਿਵਸ ਮੌਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਹੋਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਤੇ ਹੋਰ ਸਟਾਫ ਦਾ ਤਾੜੀਆਂ ਮਾਰ ਕੇ ਧੰਨਵਾਦ ਕੀਤਾ, ਜੋ ਇਸ ਔਖੀ ਘੜੀ ਵਿਚ ਆਪਣੇ ਘਰ-ਪਰਿਵਾਰ ਤੋਂ ਦੂਰ ਰਹਿ ਕੇ ਮਨੁੱਖਤਾ ਦੀ ਸੇਵਾ ਵਿਚ 24 ਘੰਟੇ ਲਈ ਡਟੇ ਹੋਏ ਹਨ। ਉਨ ਕਿਹਾ ਕਿ ਸਿਹਤ ਵਿਭਾਗ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਤਰਜੀਹ ਹੈ, ਇਸ ਲਈ ਸਿਹਤ ਅਮਲੇ ਨੂੰ ਲੋੜੀਂੇਦੇ ਸਾਜ਼ੋ-ਸਾਮਾਨ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਸਿਹਤ ਵਿਭਾਗ ਦਾ ਅਮਲਾ ਦਿਨ-ਰਾਤ ਸੇਵਾਵਾਂ ਨਿਭਾਅ ਰਿਹਾ ਹੈ ਤਾਂ ਜੋ ਬਾਕੀ ਜ਼ਿਲਾ ਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਸ ਮੌਕੇ ਸ੍ਰੀ ਫੂਲਕਾ ਨੇ ਸਿਹਤ ਵਿਭਾਗ ਦੇ ਸਟਾਫ ਨੂੰ ਕਿੱਟਾਂ, ਮਾਸਕ ਤੇ ਸੈਨੇਟਾਈਜ਼ਰਾਂ ਦੀ ਵੰਡ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ, ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ, ਐਸਐਮਓ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ (ਡਾ. ਜੋਤੀ ਕੌਸ਼ਲ) ਆਦਿ ਤੋਂ ਇਲਾਵਾ ਸਮੂਹ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸੀ। ਡਿਪਟੀ ਕਮਿਸ਼ਨਰ ਨੇ ਪੁਲੀਸ ਮੁਲਾਜ਼ਮਾਂ ਦਾ ਵੀ ਕੀਤਾ ਧੰਨਵਾਦ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੀਲਡ ’ਚ ਡਿੳੂਟੀ ਨਿਭਾਅ ਰਹੇ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨਾਂ ਕਿਹਾ ਕਿ ਪੁਲੀਸ ਮੁਲਾਜ਼ਮ ਮੂਹਰਲੀ ਕਤਾਰ ਦਾ ਅਮਲਾ ਹੈ, ਜੋ ਲੋਕਾਂ ਦੀ ਸੁਰੱਖਿਆ ਵਿਚ ਦਿਨ-ਰਾਤ ਡਟਿਆ ਹੋਇਆ ਹੈ ਅਤੇ ਜਿਸ ਨੇ ਇਸ ਮੁਸ਼ਕਲ ਘੜੀ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਹੋਈ ਹੈ। ਉਨਾਂ ਪੁਲੀਸ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪੂਰੀ ਜ਼ਿਲੇ ਦੀ ਪੁਲੀਸ ਦਾ ਧੰਨਵਾਦ ਕੀਤਾ।