ਸਾਬਕਾ ਵਿਧਾਇਕ ਢਿੱਲੋਂ ਤੋਂ ਨਿਰਾਸ਼ ਕਾਂਗਰਸੀ ਆਗੂਆਂ ਨੂੰ ਮਿਲਿਆ ਨਵਜੋਤ ਸਿੰਘ ਸਿੱਧੂ ਦਾ ਥਾਪੜਾ
ਹਰਿੰਦਰ ਨਿੱਕਾ , ਬਰਨਾਲਾ 26 ਜੂਨ 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਫੇਰਿਉਂ ਘੇਰਾ ਪਾ ਰਹੇ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ੁਮਾਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਬੈਠੇ ਕਾਂਗਰਸੀ ਆਗੂਆਂ ਨੂੰ ਆਪਣੇ ਪਾਲੇ ਵਿੱਚ ਸ਼ਾਮਿਲ ਕਰਨ ਲਈ ਬਰਨਾਲਾ ਜਿਲ੍ਹੇ ਅੰਦਰ ਵੀ ਥੋੜ੍ਹੀ ਜਿਹੀ ਛੱਤਰੀ ਹਿਲਾ ਦਿੱਤੀ ਹੈ। ਸਿੱਧੂ ਦੇ ਛੱਤਰੀ ਹਿਲਾਉਂਦਿਆਂ ਹੀ ਜਿਲ੍ਹੇ ਦੇ ਕਾਫੀ ਆਗੂਆਂ ਨੇ ਬੈਠਣ ਲਈ ਪੈਰ ਕੱਢ ਲਏ ਹਨ। ਸੀਨੀਅਰ ਕਾਂਗਰਸੀ ਆਗੂ ਅਤੇ ਨਾਮੀ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ, ਸੂਰਤ ਸਿੰਘ ਬਾਜਵਾ , ਯੂਥ ਆਗੂ ਗੁਰਕੀਮਤ ਸਿੰਘ ਸਿੱਧੂ ਆਦਿ ਆਪਣੇ ਸਮੱਰਥਕਾਂ ਸਣੇ ਨਵਜੋਤ ਸਿੰਘ ਸਿੱਧੂ ਦੀ ਛੱਤਰੀ ਤੇ ਜਾ ਕੇ ਬਹਿ ਵੀ ਗਏ ਹਨ। ਸਿੱਧੂ ਦੀ ਛੱਤਰੀ ਤੇ ਬਹਿਣ ਵਾਲੇ ਆਗੂ ਨਵਜੋਤ ਕੌਰ ਸਿੱਧੂ ਨੂੰ ਮਿਲਣ ਤੋਂ ਬਾਅਦ ਬਰਨਾਲਾ ਜਿਲ੍ਹੇ ਅੰਦਰ ਪੂਰੀ ਤਾਕਤ ਨਾਲ ਸਰਗਰਮ ਵੀ ਹੋ ਗਏ ਹਨ। ਸਿੱਧੂ ਨੇ ਪਹਿਲੀ ਪਾਰੀ ਦੀ ਸ਼ੁਰੂਆਤ ਨਾਲ ਹੀ,ਬਰਨਾਲਾ ਜਿਲ੍ਹੇ ਅੰਦਰ ਹੀ ਚੌਕੇ-ਛਿੱਕੇ ਜੜ੍ਹਨੇ ਸ਼ੁਰੂ ਕਰ ਦਿੱਤੇ ਹਨ।
ਵਿਜੇਇੰਦਰ ਸਿੰਗਲਾ ਦੇ ਧੜੇ ਨੇ ਵੀ ਮਿਲਾਇਆ ਸਿੱਧੂ ਸਮਰਥਕਾਂ ਨਾਲ ਹੱਥ
ਬਰਨਾਲਾ ਜਿਲ੍ਹਾ, ਜਿਸ ਨੂੰ 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦਾ ਕਿਲਾ ਕਹਿ ਕੇ ਕਾਂਗਰਸੀਆਂ ਵੱਲੋਂ ਪੁਕਾਰਿਆ ਜਾਂਦਾ ਸੀ। ਇਹ ਜਿਲ੍ਹਾ ਹੌਲੀ ਹੌਲੀ ਪਾਰਟੀ ਦੇ ਲੀਡਰਾਂ ਦੀ ਗੁੱਟਬੰਦੀ ਕਰਕੇ, ਕਾਂਗਰਸ ਲਈ ਹੀਰੋ ਤੋਂ ਜੀਰੋ ਬਣ ਗਿਆ। ਪਹਿਲਾਂ ਜਿਲ੍ਹੇ ਅੰਦਰ ਸੁਰਿੰਦਰ ਪਾਲ ਸਿੰਘ ਸਿਬੀਆ ਦਾ ਇਕੱਲਾ ਧੜਾ ਹੀ ਸੀ,ਪਰੰਤੂ ਕੇਵਲ ਸਿੰਘ ਢਿੱਲੋਂ ਦੀ ਐਂਟਰੀ ਤੋਂ ਬਾਅਦ, ਜਿਲ੍ਹੇ ਦੇ ਲੀਡਰ ਤੇ ਵਰਕਰ ਕੁੱਝ ਸਮੇਂ ਲਈ ਦੋ ਧੜਿਆਂ ਵਿੱਚ ਵੰਡੇ ਗਏ , ਬਾਅਦ ਵਿੱਚ ਸਮੁੱਚੇ ਜਿਲ੍ਹੇ ਦੀ ਕਮਾਂਡ ਕੇਵਲ ਸਿੰਘ ਢਿੱਲੋਂ ਦੇ ਹੱਥ ਚਲੀ ਜਾਣ ਤੋਂ ਬਾਅਦ ਜਿਲ੍ਹੇ ਅੰਦਰ ਕੇਵਲ ਢਿੱਲੋਂ ਦੀ ਹੀ ਤੂਤੀ ਬੋਲਣ ਲੱਗ ਪਈ। ਅਜਿਹਾ ਬਹੁਤੀ ਦੇਰ ਨਹੀਂ ਚੱਲਿਆ। 2009 ਦੀਆਂ ਲੋਕ ਸਭਾ ਚੋਣਾਂ ਮੌਕੇ ਵਿਜੇਇੰਦਰ ਸਿਗਲਾ ਸੰਗਰੂਰ ਲੋਕ ਸਭਾ ਹਲਕੇ ਤੋਂ ਐਮ.ਪੀ. ਬਣ ਗਏ। ਸਿੰਗਲਾ ਦੀ ਚੋਣ ਵਿੱਚ, ਕੇਵਲ ਸਿੰਘ ਢਿੱਲੋਂ ਦੇ ਧੜ੍ਹੇ ਤੇ ਸਿੰਗਲਾ ਦੀ ਵਿਰੋਧਤਾ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਸਿੰਗਲਾ ਨੇ ਜਿਲ੍ਹੇ ਦੀਆਂ ਤਿੰਨੋਂ ਸੀਟਾਂ ਤੇ ਆਪਣਾ ਵੱਖਰਾ ਧੜਾ ਕਾਇਮ ਕਰ ਲਿਆ। ਬੱਸ ਫਿਰ ਤਾਂ ਜਿਲ੍ਹੇ ਅੰਦਰ ਸਿੰਗਲਾ ਅਤੇ ਢਿੱਲੋਂ ਧੜਿਆਂ ਦੀ ਕਾਂਗਰਸ ਅਜਿਹੀ ਤਾਰ ਤਾਰ ਹੋ ਗਈ। 2014 ਦੀ ਲੋਕ ਸਭਾ ਚੋਣ ਵਿੱਚ ਤਤਕਾਲੀ ਐਮ.ਪੀ. ਹੋਣ ਦੇ ਬਾਵਜੂਦ ਕਾਗਰਸ ਦੀ ਫੁੱਟ ਅਤੇ ਆਪ ਦੀ ਹਨ੍ਹੇਰੀ ਵਿੱਚ ਸਿੰਗਲਾ ਦੀ ਹਾਰ ਹੀ ਨਹੀਂ, ਜਮਾਨਤ ਵੀ ਜਬਤ ਹੋ ਗਈ। ਸਿੰਗਲਾ ਦੀ ਹਾਰ ਤੋਂ ਬਾਅਦ ਤਾਂ ਕਾਂਗਰਸ ਦੀ ਧੜੇਬੰਦੀ ਚਰਮ ਸੀਮਾਂ ਤੇ ਅਜਿਹੀ ਪਹੁੰਚੀ ਕਿ ਕਾਂਗਰਸੀ ਉਮੀਦਵਾਰ, ਲੋਕ ਸਭਾ ਦੀਆਂ 2 ਚੋਣਾਂ ਅਤੇ ਵਿਧਾਨ ਸਭਾ ਦੀ ਇੱਕ ਚੋਣ ਵਿੱਚ ਬੁਰੀ ਤਰਾਂ ਹਾਰ ਗਈ।
ਹਾਲਤ ਇਹ ਬਣ ਗਏ, ਕਿ ਕਾਂਗਰਸ ਦਾ ਕਿਲਾ ਸਮਝਿਆ ਜਾਂਦਾ, ਬਰਨਾਲਾ ਜਿਲ੍ਹਾ , ਆਮ ਆਦਮੀ ਪਾਰਟੀ ਦਾ ਮਜਬੂਤ ਕਿਲਾ ਬਣ ਕੇ ਕਾਂਗਰਸ ਨੂੰ ਚਣੌਤੀ ਦੇਣ ਲੱਗਿਆ ਹੋਇਆ ਹੈ। ਬੇਸ਼ੱਕ ਵਿਜੇਇੰਦਰ ਸਿੰਗਲਾ ਦੀ ਘਟੀ ਦਖਲਅੰਦਾਜ਼ੀ ਕਾਰਣ, ਸਿੰਗਲਾ ਧੜੇ ਨਾਲ ਖੜ੍ਹੇ ਆਗੂ ਘਰਾਂ ਵਿੱਚ ਚੀਸ ਵੱਟ ਕੇ ਬਹਿ ਗਏ ਸਨ। ਪਰੰਤੂ ਸੂਬਾ ਪੱਧਰ ਤੇ ਕੈਪਟਨ ਅਤੇ ਸਿੱਧੂ ਦੀ ਟਾਈ ਪੈ ਜਾਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨਾਲ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸ਼ਾਮਿਲ ਹੋਏ। ਕਾਲਾ ਢਿੱਲੋਂ, ਸੂਰਤ ਬਾਜਵਾ ਆਦਿ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨਾਲ ਰਾਬਤਾ ਕਾਇਮ ਕਰਕੇ, ਕੈਪਟਨ ਦੇ ਪੁਰਖਿਆਂ ਸ਼ਹਿਰ ਅਤੇ ਕੈਪਟਨ ਦੇ ਸੱਜੇ ਹੱਥ ਵਜੋਂ ਜਾਣੇ ਜਾਂਦੇ ਕੇਵਲ ਸਿੰਘ ਢਿੱਲੋਂ ਦੀ ਕਮਾਂਡ ਵਾਲੇ ਬਰਨਾਲਾ ਜਿਲ੍ਹੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਐਂਟਰੀ ਦਰਜ਼ ਕਰਵਾ ਦਿੱਤੀ। ਉੱਧਰ ਸਿੰਗਲਾ ਧੜੇ ਦੇ ਪ੍ਰਮੁੱਖ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਵੀ ਆਪਣੇ ਸਾਥੀਆਂ ਸਣੇ, ਸਿੱਧੂ ਧੜੇ ਦੇ ਆਗੂਆਂ ਨਾਲ ਮਿਲ ਕੇ ਜਿਲ੍ਹੇ ਅੰਦਰ ਕਾਂਗਰਸ ਨੂੰ ਮਜਬੂਤ ਕਰਨ ਦਾ ਬੀੜਾ ਚੁੱਕ ਲਿਆ ਹੈ। ਸਿੰਗਲਾ ਅਤੇ ਸਿੱਧੂ ਧੜਿਆਂ ਦੀ ਏਕਤਾ, ਆਉਣ ਵਾਲੇ ਦਿਨਾਂ ਵਿੱਚ ਕੀ ਰੰਗ ਦਿਖਾਵੇਗੀ,ਇਹ ਸਮੇਂ ਦੇ ਗਰਭ ਵਿੱਚ ਪਲ ਰਿਹਾ ਸਵਾਲ ਹੈ। ਇੱਕ ਗੱਲ ਜਰੂਰ ਹੈ ਕਿ ਸਿੱਧੂ ਦੇ ਜਿਲ੍ਹੇ ਅੰਦਰ ਪੈਰ ਪਸਾਰ ਲੈਣ ਨਾਲ , ਕੈਪਟਨ ਦੇ ਕਰੀਬੀ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਮੁਸ਼ਕਿਲਾਂ ਵਧਣੀਆਂ ਨਿਸਚਿਤ ਹੀ ਹਨ।
ਸਿੱਧੂ ਨਾਲ ਜਾ ਸਕਦੇ ਹਨ ਕਈ ਹੋਰ ਦਿੱਗਜ਼ ਆਗੂ
ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਜਿਲ੍ਹੇ ਅੰਦਰ ਅਚਾਣਕ ਹੋਈ ਰਾਜਸੀ ਐਂਟਰੀ ਨੇ ਕੇਵਲ ਸਿੰਘ ਢਿੱਲੋਂ ਅਤੇ ਉਸ ਦੇ ਕਰੀਬੀ ਸਾਥੀਆਂ ਨੂੰ ਨਵੀਂ ਵਿਊਂਤਬੰਦੀ ਘੜ੍ਹਨ ਲਈ ਮਜਬੂਰ ਜਰੂਰ ਕਰ ਦਿੱਤਾ ਹੈ। ਸਿੱਧੂ ਧੜੇ ਦੇ ਸੂਤਰਾਂ ਦੀ ਮੰਨੀਏ ਤਾਂ ਕੈਪਟਨ- ਸਿੱਧੂ ਝਗੜੇ ਦੇ ਕਾਂਗਰਸ ਹਾਈਕਮਾਨ ਵੱਲੋਂ ਕੀਤੇ ਜਾਣ ਵਾਲੇ ਹੱਲ ਤੋਂ ਬਾਅਦ ਬਰਨਾਲਾ ਜਿਲ੍ਹੇ ਅੰਦਰ ਵੀ ਵੱਡੀ ਹੱਲਚੱਲ ਹੋਵੇਗੀ। ਉਨਾਂ ਦਾ ਦਾਅਵਾ ਹੈ ਕਿ ਛੇਤੀ ਹੀ ਕਾਂਗਰਸ ਦੇ ਕਈ ਦਿੱਗਜ਼ ਨੇਤਾ ਵੀ ਸਿੱਧੂ ਨਾਲ ਮੁਲਾਕਾਤ ਕਰਕੇ, ਉਨਾਂ ਨੂੰ ਬਰਨਾਲਾ ਜਿਲ੍ਹੇ ਅੰਦਰ ਬਲਾਉਣ ਲਈ, ਇੱਕ ਪ੍ਰਭਾਸ਼ਾਲੀ ਸਮਾਗਮ ਵੀ ਕਰਨਗੇ।