ਅਜਲਾਸ ਦੌਰਾਨ ਮੁਲਾਜ਼ਮ ਲਹਿਰ ਨੂੰ ਮਜਬੂਤ ਕਰਨ ਲਈ ਹੋਵੇਗੀ ਵਿਚਾਰ ਚਰਚਾ
ਅਜਲਾਸ ਦੌਰਾਨ ਸੰਵਿਧਾਨਕ ਸੋਧਾਂ ਦਾ ਖਰੜਾ ਵੀ ਪੇਸ਼ ਕੀਤਾ ਜਾਵੇਗਾ
ਪਰਦੀਪ ਕਸਬਾ , ਬਰਨਾਲਾ, 26 ਜੂਨ 2021
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਮਹੱਤਵਪੂਰਣ ਮੀਟਿੰਗ ਗੁਰਮੀਤ ਸਿੰਘ ਸੁਖਪੁਰ ਦੀ ਪ੍ਰਧਾਨਗੀ ਹੇਠ ਇਸੜੂ ਭਵਨ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ 27 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਜਾ ਰਹੇ ਫੈਡਰੇਸ਼ਨ ਦੇ ਦੂਜੇ ਜਨਰਲ ਅਜਲਾਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ।
ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਛੱਜਲਵੱਡੀ, ਵਿਕਰਮ ਦੇਵ ਸਿੰਘ ਅਤੇ ਖੁਸ਼ਮਿੰਦਰਪਾਲ ਹੰਡਿਆਇਆ ਨੇ ਆਖਿਆ ਕਿ ਇਸ ਮੀਟਿੰਗ ਵਿੱਚ ਫੈਡਰੇਸ਼ਨ ਦੇ ਅਜਲਾਸ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਵਿਧਾਨਿਕ ਸੋਧਾਂ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਅਜਲਾਸ ਦੀਆਂ ਸਮੁੱਚੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਉਹਨਾਂ ਆਖਿਆ ਕਿ ਫੈਡਰੇਸ਼ਨ ਦਾ ਅਜਲਾਸ ਉਸ ਦੌਰ ਵਿੱਚ ਕੀਤਾ ਜਾ ਰਿਹਾ ਹੈ ਜਦੋਂ ਇੱਕ ਪਾਸੇ ਕੇੰਦਰ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰਦਿਆਂ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਰਹੀ ਹੈ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਸਰਕਾਰੀ ਅਦਾਰਿਆਂ ਨੂੰ ਚਲਾਉਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਇਸੇ ਤਰ੍ਹਾਂ ਇੱਕ ਪਾਸੇ ਮੋਦੀ ਸਰਕਾਰ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ/ਮੁਲਾਜ਼ਮ ਵਿੱਰੋਧੀ ਸੋਧਾਂ ਕਰਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰ ਰਹੀ ਹੈ ਤਾਂ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਬੇਰੁਜ਼ਗਾਰਾਂ, ਮਾਣ ਭੱਤਾ ਵਰਕਰਾਂ, ਕੱਚੇ ਤੇ ਠੇਕਾ ਅਧਾਰਿਤ ਮੁਲਾਜ਼ਮਾਂ, ਆਊਟ ਸੋਰਸ ਰਾਹੀਂ ਰੱਖੇ ਮੁਲਾਜ਼ਮ ਦਾ ਵੱਡੇ ਪੱਧਰ ਤੇ ਸੋਸ਼ਣ ਕਰ ਰਹੀ ਹੈ। ਇਸੇ ਤਰਾਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਰਾਹੀਂ ਰੈਗੂਲਰ ਮੁਲਾਜ਼ਮਾਂ ਨਾਲ ਕੋਝਾ ਮਜਾਕ ਕਰਦਿਆਂ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਕੇ ਪੰਜਾਬ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਜਨਤਕ ਅਦਾਰਿਆਂ ਨੂੰ ਲਗਾਤਾਰ ਕਮਜੋਰ ਕਰ ਰਹੀ ਹੈ।
ਫੈਡਰੇਸ਼ਨ ਦੇ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਹਰਦੀਪ ਟੋਡਰਪੁਰ ਅਤੇ ਜਸਵੀਰ ਸਿੰਘ ਅਕਾਲਗੜ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਬਾਅਦੇ ਪੂਰੇ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਦੇ ਬੇਰੁਜ਼ਗਾਰ, ਮਾਣ ਭੱਤਾ ਵਰਕਰ, ਕੱਚੇ ਤੇ ਠੇਕਾ ਅਧਾਰਿਤ ਮੁਲਾਜ਼ਮਾਂ ਦੇ ਨਾਲ ਨਾਲ ਰੈਗੂਲਰ ਮੁਲਾਜ਼ਮ ਵੀ ਸੜਕਾਂ ਉੱਤੇ ਹਨ ਤਾਂ ਅਜਿਹੇ ਦੌਰ ਵਿੱਚ ਕੀਤਾ ਜਾ ਰਿਹਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦਾ ਸੂਬਾਈ ਅਜਲਾਸ ਸਮੁੱਚੀ ਮੁਲਾਜ਼ਮ ਲਹਿਰ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਉਹਨਾਂ ਆਖਿਆ ਕਿ ਇਸ ਅਜਲਾਸ ਵਿੱਚ ਫੈਡਰੇਸ਼ਨ ਨਾਲ ਜੁੜੀਆਂ ਸਮੂਹ ਜਥੇਬੰਦੀਆਂ ਵਿੱਚ ਕਾਰਜਸ਼ੀਲ ਵੱਖ-ਵੱਖ ਪੱਧਰ ਦੀ ਲੀਡਰਸ਼ਿਪ ਬਤੌਰ ਡੈਲੀਗੇਟ ਸ਼ਮੂਲੀਅਤ ਕਰੇਗੀ।