* ਕਿਉਂ ਖਾਮੋਸ਼ ਹੋਏ ਦਫਾ 44 ਨੂੰ ਸਖਤੀ ਨਾਲ ਲਾਗੂ ਕਰਨ ਵਾਲੇ
ਹਰਿੰਦਰ ਨਿੱਕਾ ਬਰਨਾਲਾ 5 ਅਪ੍ਰੈਲ 2020
5 ਅਪ੍ਰੈਲ ਦੀ ਰਾਤ ਕਰੀਬ ਨੌ ਵਜੇ ਬਰਨਾਲਾ ਸ਼ਹਿਰ ਦੇ ਲੋਕਾਂ ਨੇ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀ ਸ਼ਾਹਕਾਰ ਰਚਨਾ ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ , ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਦੇ ਬੋਲਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ । ਸ਼ਹਿਰੀਆਂ ਨੇ ਕੋਰੋਨਾ ਦੇ ਵਿਰੁੱਧ ਜੰਗ ,ਚ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਦੀ ਮੰਸ਼ਾ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਤੇ ਘਰਾਂ ਦੀਆਂ ਬੱਤੀਆਂ ਗੁੱਲ ਕਰਕੇ ਹਨੇਰਾ ਤਾਂ ਕੀਤਾ ਹੀ, ਦੀਵੇ ਤੇ ਮੋਮਬੱਤੀਆਂ ਵੀ ਜਗਾਈਆਂ । ਪਰੰਤੂ ਚੌਂਹ ਪਾਸੀਂ ਪਸਰੇ ਘੁੱਪ ਹਨੇਰੇ ਨੇ ਪਟਾਖਿਆਂ ਦੀ ਕੰਨ ਪਾੜਵੀਂ ਅਵਾਜ਼ ਚ ਸ਼ੋਰ ਮਚਾ ਕੇ ਪਾਤਰ ਦਾ ਉਲਾਭਾਂ ਵੀ ਲਾਹ ਦਿੱਤਾ ਕਿ ,,, ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ । ਯਾਨੀ ਹਨੇਰੇ ਨੇ ਪਟਾਖਿਆਂ ਦੀ ਅਵਾਜ਼ ਨੂੰ ਚੁੱਪ-ਚਾਪ ਜ਼ਰ ਵੀ ਲਿਆ । ਪਟਾਖੇ ਚਲਾਉਣ ਵਾਲਿਆਂ ਨੂੰ ਪਤਾ ਨਹੀਂ ਕਿਉਂ ਦੇਸ਼ ਚ ਫੈਲੀ ਕੋਰੋਨਾ ਦੀ ਮਹਾਂਮਾਰੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਲਦੇ ਸਿਵਿਆ ਦਾ ਕੋਈ ਦਰਦ ਨਹੀਂ ਆਇਆ ਅਤੇ ਨਾ ਹੀ ਹਰ ਦੇਸ਼ ਵਾਸੀ ਦੇ ਸਿਰ ਤੇ ਕੋਰੋਨਾ ਦੇ ਰੂਪ ਚ ਮੰਡਰਾਉਂਦੀ ਫਿਰਦੀ ਮੌਤ ਦਾ ਹੀ ਕੋਈ ਖੌਫ ਆਇਆ । ਸਮਾਜ ਦੇ ਚਿੰਤਕ ਲੋਕਾਂ ਨੂੰ ਇਹ ਵੀ ਸਮਝ ਨਹੀਂ ਆਈ ਕਿ ਆਖਿਰ ਪਟਾਖੇ ਚਲਾਉਣ ਵਾਲੇ ਮੁੱਠੀ ਭਰ ਲੋਕ ਦੇਸ਼ ਭਗਤੀ ਦਾ ਕਿਹੜਾ ਸਬੂਤ ਪੇਸ਼ ਕਰਕੇ ਲੌਕਡਾਉਨ ਦੌਰਾਨ ਢਿੱਡੋਂ ਭੁੱਖੇ ਸੌਂਦੇ ਗੁਰਬਤ ਮਾਰਿਆ ਨੂੰ ਖੁਸ਼ੀ ਦਾ ਜਸ਼ਨ ਮਨਾ ਕੇ ਉਹਨਾਂ ਦਾ ਮੂੰਹ ਚਿੜਾਉਂਦੇ ਰਹੇ।
-ਕੀ ਇਨਸਾਫ ਇਹ ਹਾਊਮੈ ਦੇ ਪੁੱਤ ਕਰਨਗੇ
ਸੁਰਜੀਤ ਪਾਤਰ ਦੀ ਉਕਤ ਕਵਿਤਾ ਦੀ ਅਗਲੀ ਪੰਕਤੀ ਵੀ ਐਤਵਾਰ ਦੀ ਰਾਤ ਨੂੰ ਉਦੋਂ 16 ਆਨੇ ਸੱਚ ਸਾਬਿਤ ਹੋ ਗਈ , ਜਦੋਂ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਦਾਅਵੇ ਕਰਨ ਵਾਲੇ ਚੱਪੇ-ਚੱਪੇ ਤੇ ਤਾਇਨਾਤ ਫੁੰਕਾਰੇ ਬਾਜ ਕੁਝ ਪੁਲਿਸ ਕਰਮਚਾਰੀ ਤੇ ਅਧਿਕਾਰੀ ਵੀ ਬੁੱਤ ਬਣ ਕੇ ਚੱਲਦੇ ਪਟਾਖਿਆਂ ਨੂੰ ਸੁਣਦੇ ਹੀ ਰਹੇ । ਇਹ ਵੀ ਝੂਠ ਨਹੀਂ ਕਿ ਕਿਸੇ ਡਰੋਨ ਨੇ ਵੀ ਹਨੇਰੇ ਚ ਪਟਾਖੇ ਚਲਾਉਣ ਵਾਲਿਆਂ ਦੀ ਕੋਈ ਫੋਟੋ ਨਹੀਂ ਕੀਤੀ ਹੋਵੇਗੀ । ਪੁਲਿਸ ਦੀ ਇਸ ਖਾਮੋਸ਼ੀ ਦੀ ਤਰਜ਼ਮਾਨੀ ਕਰਨ ਲਈ ਵੀ ਪਾਤਰ ਦੀਆਂ ਇਹ ਸਤਰਾਂ ਹੀ ਕਾਫੀ ਨੇ।
ਕੀ ਇਹ ਇਨਸਾਫ ਹਾਊਮੈ ਦੇ ਪੁੱਤ ਕਰਨਗੇ,
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ,
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ,
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ , ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
-ਰਾਤ ਨੂੰ ਚੱਲੇ ਪਟਾਖਿਆਂ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਵਕੀਲ ਜਤਿੰਦਰ ਨਾਥ ਸ਼ਰਮਾ ਨੇ ਕਿਹਾ
ਕਿ ਪਤਾ ਨਹੀਂ ਦਫਾ 44 ਨੂੰ ਸ਼ਹਿਰ ਚ ਸਖਤੀ ਨਾਲ ਲਾਗੂ ਕਰਨ ਵਾਲੇ ਹੁਣ ਕਿੱਥੇ ਚਲੇ ਗਏ। ਇਹਨਾਂ ਪਟਾਖੇ ਚਲਾਉਣ ਵਾਲਿਆਂ ਨੂੰ ਰੋਕਣ ਤੇ ਪੁੱਛਣ ਵਾਲਾ ਕੋਈ ਨਹੀਂ ਰਿਹਾ । ਹੁਣ ਲੋਕਾਂ ਨੂੰ ਇੰਤਜਾਰ ਰਹੇਗਾ ਕਿ ਕਰਫਿਊ ਚ ਪਟਾਖੇ ਚਲਾਉਣ ਵਾਲਿਆਂ ਦੀ ਸ਼ਿਨਾਖਤ ਕਰਕੇ ਪੁਲਿਸ ਕਦੋਂ ਤੇ ਕਿਹੜੀ ਕਾਨੂੰਨੀ ਕਾਰਵਾਈ ਕਰੇਗੀ।