ਹੁਣ ਤੱਕ ਹਸਪਤਾਲ ਚ ਭਰਤੀ ਕੁੱਲ 25 ਸ਼ੱਕੀ ਮਰੀਜਾਂ ਚੋਂ 23 ਦੀ ਰਿਪੋਰਟ ਆਈ ਨੈਗੇਟਿਵ
ਸ੍ਰੀਨਗਰ ਤੋਂ ਆਏ 1 ਵਿਅਕਤੀ ਤੇ 1 ਹੋਰ ਔਰਤ ਦੇ ਜਾਂਚ ਲਈ ਭੇਜੇ ਸੈਂਪਲ
ਹਰਿੰਦਰ ਨਿੱਕਾ ਬਰਨਾਲਾ
ਲੋਕਾਂ ਨੂੰ ਘਰਾਂ ਵਿੱਚ ਤੜੇ ਰਹਿਣ ਲਈ ਬੇਵੱਸ ਕਰਨ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦੀ ਬਜਾਏ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਵੱਧਦੀ ਗਿਣਤੀ ਕਾਰਣ ਲੋਕ ਚਿੰਤਤ ਤਾਂ ਹਨ, ਪਰ ਹਾਲੇ ਤੱਕ ਜਿਲੇ ਅੰਦਰ ਹਸਪਤਾਲ ਵਿੱਚ ਭਰਤੀ ਕੀਤੇ ਕੁੱਲ 25 ਸ਼ੱਕੀ ਮਰੀਜਾਂ ਵਿੱਚੋਂ 23 ਦੀ ਰਿਪੋਰਟ ਨੈਗੇਟਿਵ ਆਉਣਾ ਲੋਕਾਂ ਨੂੰ ਚੈਨ ਦੀ ਨੀਂਦ ਸੌਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਈਸੋਲੇਸਨ ਵਾਰਡ ਵਿੱਚ ਭਰਤੀ ਸਿਰਫ 2 ਸ਼ੱਕੀ ਮਰੀਜਾਂ ਦੀ ਰਿਪੋਰਟ ਆਉਣੀ ਰਹਿੰਦੀ ਹੈ। ਜਿਨ੍ਹਾਂ ਦੇ ਸੈਂਪਲ ਜਾਂਚ ਲਈ ਰਜਿੰਦਰਾ ਹਸਪਤਾਲ ਭੇਜ ਦਿੱਤੇ ਗਏ ਹਨ। ਇਨ੍ਹਾਂ ਮਰੀਜਾਂ ਵਿੱਚੋਂ ਇੱਕ ਬਰਨਾਲਾ ਨਿਵਾਸੀ ਕਰੀਬ 42 ਕੁ ਸਾਲਾ ਵਿਅਕਤੀ ਸ੍ਰੀਨਗਰ ਤੋਂ 23 ਮਾਰਚ ਨੂੰ ਇੱਥੇ ਪਹੁੰਚਿਆ ਹੈ। ਜਿਸ ਨੂੰ ਖੰਘ ਜੁਕਾਮ ਤੇ ਤੇਜ ਬੁਖਾਰ ਕਰਕੇ ਹਸਪਤਾਲ ਲਿਆਂਦਾ ਗਿਆ ਹੈ। ਇਸੇ ਤਰਾਂ ਇੱਕ ਹੋਰ ਕਰੀਬ 45 ਕੁ ਵਰਿ੍ਹਆਂ ਦੀ ਔਰਤ ਨੂੰ ਵੀ ਆਈਸੋਲੇਸਨ ਵਾਰਡ ਵਿੱਚ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਜੋਤੀ ਕੌਸਲ ਨੇ ਦੱਸਿਆ ਕਿ ਵੀਰਵਾਰ ਨੂੰ ਭਰਤੀ ਕਰੀਬ 12 ਕੁ ਸਾਲ ਦੇ ਬੱਚੇ ਦੀ ਅਤੇ ਬਾਜਾਖਾਨਾ ਰੋਡ ਤੇ ਰਹਿੰਦੀ ਇੱਕ ਔਰਤ ਦੀ ਰਿਪੋਰਟ ਸੁਕਰਵਾਰ ਸਾਮ ਨੂੰ ਨੈਗੇਟਿਵ ਆ ਗਈ ਹੈ। ਉਨ੍ਹਾਂ ਦੱਸਿਆ ਕਿ ਭਾਂਵੇ ਮਹਿਲ ਕਲਾਂ ਦੇ ਰਹਿਣ ਵਾਲੇ ਤੇ ਨਿਜਾਮੂਦੀਨ ਦਿੱਲੀ ਤੋਂ ਹੋ ਕੇ ਪਹੁੰਚੇ ਦੋਵੇਂ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਪਰ ਫਿਰ ਵੀ ਉਨ੍ਹਾਂ ਨੂੰ ਹਾਲੇ 7 ਦਿਨ ਹੋਰ ਆਈਸੋਲੇਸਨ ਵਾਰਡ ਵਿੱਚ ਹੀ ਇਹਤਿਆਤ ਦੇ ਤੌਰ ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਨਿਜਾਮੂਦੀਨ ਦਿੱਲੀ ਤੋਂ ਵਾਪਿਸ ਪਰਤੇ ਇੱਨ੍ਹਾਂ ਵਿਅਕਤੀਆਂ ਨੂੰ 13 ਦਿਨ ਉਥੋਂ ਆਇਆਂ ਨੂੰ ਹੋਏ ਹਨ। ਭਾਂਵੇ ਆਮ ਕੇਸਾਂ ਵਿੱਚ ਮਰੀਜ ਤੇ 14 ਦਿਨ ਤੱਕ ਨਿਗਰਾਨੀ ਰੱਖਣੀ ਹੁੰਦੀ ਹੈ। ਪਰ ਦਿੱਲੀ ਤੋਂ ਆਏ ਹੋਣ ਕਰਕੇ ਇੱਨ੍ਹਾਂ ਨੂੰ 21 ਦਿਨ ਤੱਕ ਨਿਗਰਾਨੀ ਹੇਠ ਰੱਖਣ ਦੀ ਲੋੜ ਹੈ। ਕੋਰੋਨਾ ਸਬੰਧੀ ਨਿਯੁਕਤ ਜਿਲ੍ਹੇ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਦੇ ਰਹਿਣ ਵਾਲੇ 41 ਵਿਅਕਤੀਆਂ ਨੂੰ ਇਹਤਿਆਤਨ ਘਰਾਂ ਵਿੱਚ ਹੀ ਆਈਸੋਲੇਟ ਕੀਤਾ ਗਿਆ ਹੈ। ਐਸਐਮਉ ਡਾਕਟਰ ਜੋਤੀ ਕੌਸਲ ਨੇ ਕਿਹਾ ਕਿ ਹਾਲੇ ਲੋਕਾਂ ਨੂੰ ਸਾਵਧਾਨੀ ਰੱਖਣ ਦੀ ਬੇਹੱਦ ਲੋੜ ਹੈ। ਕਿਉਂਕਿ ਖਤਰਾ ਹਾਲੇ ਟੱਲਿਆ ਨਹੀ ਸਾਡੇ ਸਿਰਾਂ ਤੇ ਹੀ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੌਂਸਲੇ ਤੇ ਘੋਂਸਲੇ ਯਾਨੀ ਆਪਣੇ ਘਰਾਂ ਵਿੱਚ ਰਹਿਣ ਨਾਲ ਹੀ ਕੋਰੋਨਾ ਨਾਲ ਲੜਿਆ ਜਾ ਸਕਦਾ ਹੈ।