ਚਿੱਟਾ ਲੈਣ ਆਏ 2 ਨੌਜਵਾਨ ਪਿੰਡ ਵਾਲਿਆਂ ਦੇ ਧੱਕੇ ਚੜ੍ਹ
ਛਿੱਤਰ ਪਰੇਡ ਕਰਕੇ ਕੀਤਾ ਪੁਲਿਸ ਹਵਾਲੇ ਪੁਲਿਸ ਕਾਰਵਾਈ ਤੇ ਟਿਕੀ ਨਜਰ
ਹਰਿੰਦਰ ਨਿੱਕਾ ਬਰਨਾਲਾ
ਇੱਕ ਪਾਸੇ ਲੋਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਲਾਗੂ ਕਰਫਿਊ ਕਰਕੇ ਪਿਛਲੇ 13 ਦਿਨਾਂ ਤੋਂ ਆਪੋ-ਆਪਣੇ ਘਰਾਂ ਅੰਦਰ ਹੀ ਬੰਦ ਹਨ। ਪਰੰਤੂ ਸੁੱਕਰਵਾਰ ਨੂੰ ਬਰਨਾਲਾ ਜਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਲਗਾਏ ਠੀਕਰੀ ਪਹਿਰੇ ਦੌਰਾਨ ਚਿੱਟਾ ਨਸ਼ਾ ਖਰੀਦਣ ਆਏ ਦੋ ਨੌਜਵਾਨ ਪਿੰਡ ਵਾਸੀਆਂ ਦੇ ਧੱਕੇ ਚੜ੍ਹ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਚਿੱਟੇ ਦੇ ਨਸ਼ੇ ਚ ਧੁੱਤ ਦੋਵਾਂ ਨਸ਼ੇੜੀ ਨੌਜਵਾਨਾਂ ਦੀ ਪਹਿਲਾਂ ਤਲਾਸੀ ਕੀਤੀ ਫਿਰ ਚੰਗੀ ਛਿੱਤਰ ਪਰੇਡ ਕਰਕੇ ਆਖਿਰ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ। ਪਰੰਤੂ ਮੌਕੇ ਤੇ ਮੌਜੂਦ ਲੋਕਾਂ ਮੁਤਾਬਿਕ ਪੁਲਿਸ ਨੂੰ ਫੜ੍ਹ ਕੇ ਦਿੱਤੇ ਦੋਵੇਂ ਨੌਜਵਾਨ ਪੁਲਿਸ ਨੂੰ ਚਕਮਾ ਦੇ ਕੇ ਇੱਕ ਵਾਰ ਫਰਾਰ ਹੋ ਗਏ ਸਨ। ਬਾਅਦ ਵਿੱਚ ਪੁਲਿਸ ਨੇ ਇੱਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂ ਨਹੀਂ ਇਹ ਸਵਾਲ ਹਾਲੇ ਬੁਝਾਰਤ ਹੀ ਬਣਿਆ ਹੋਇਆ ਹੈ। ਲੋਕਾਂ ਨੇ ਇਸ ਪੂਰੇ ਘਟਨਾਕ੍ਰਮ ਦੀ ਵੀਡੀਉ ਵੀ ਬਣਾਈ। ਜਿਸ ਨੂੰ ਪਿੰਡ ਵਾਸੀਆਂ ਨੇ ਸ਼ੋਸਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਹੈ।
ਵਾਇਰਲ ਵੀਡੀਉ ਵਿੱਚ ਲੋਕ ਸਾਫ ਸਾਫ ਕਹਿ ਰਹੇ ਹਨ ਕਿ ਤੁਸੀਂ ਸਾਡੇ ਪਿੰਡ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਆਏ ਹੋ। ਤੁਸੀ ਚਿੱਟਾ ਲੈਣ ਲਈ ਨਹੀਂ ਸਗੋਂ ਚਿੱਟਾ ਵੇਚਣ ਲਈ ਆਉਂਦੇ ਹੋ। ਕੁੱਟਮਾਰ ਦਾ ਝੰਬਿਆ ਇੱਕ ਨੌਜਵਾਨ ਪਿੰਡ ਦੇ ਤਿੰਨ ਵਿਅਕਤੀਆਂ ਦੇ ਨਾਮ ਵੀ ਲੈ ਰਿਹਾ ਹੈ। ਨੌਜਵਾਨ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਰਹਿਣ ਵਾਲੇ ਕਾਲੇ ਜੱਸੜ ਤੋਂ ਚਿੱਟਾ ਲੈ ਕੇ ਆਇਆ ਹੈ। ਇਸ ਤੋਂ ਬਿਨਾਂ ਉਸ ਨੇ ਪਿੰਡ ਦੇ ਹੀ ਰਹਿਣ ਵਾਲੇ ਜੈਦ ਤੇ ਗੋਸ਼ੇ ਬਰੇਤੀ ਵਾਲੇ ਦਾ ਨਾਮ ਵੀ ਲਿਆ ਹੈ। ਇਹ ਤਿੰਨੋਂ ਕਥਿਤ ਨਸ਼ਾ ਤਸਕਰ ਵਿਅਕਤੀ ਕੌਣ ਹਨ ਤੇ ਕੀ ਇਹ ਸੱਚਮੁੱਚ ਹੀ ਨਸ਼ਾ ਵੇਚਦੇ ਵੀ ਨੇ ਜਾਂ ਫਿਰ ਪਿੰਡ ਵਾਲਿਆਂ ਵੱਲੋਂ ਫੜ੍ਹੇ ਜਾਣ ਤੋਂ ਬਾਅਦ ਇਹ ਨੌਜਵਾਨਾਂ ਨੇ ਆਪਣਾ ਖਹਿੜਾ ਛੁਡਾਉਣ ਲਈ ਹੀ ਉਕਤ ਤਿੰਨੋਂ ਵਿਅਕਤੀਆਂ ਦੇ ਨਾਮ ਲਏ ਹਨ।
ਆਖਿਰ ਸੱਚ ਕੀ ਹੈ ਇਹ ਤਾਂ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਿਤਮ ਦੀ ਗੱਲ ਇਹ ਵੀ ਹੈ ਕਿ ਜੇਕਰ ਕਰਫਿਊ ਲਾਗੂ ਹੋਣ ਅਤੇ ਘੈਂਟ ਸਮਝੇ ਜਾ ਰਹੇ ਐਸਐਸਪੀ ਸੰਦੀਪ ਗੋਇਲ ਦੀ ਨਸ਼ਿਆਂ ਵਿਰੁੱਧ ਸਖਤੀ ਨਾਲ ਸ਼ੁਰੂ ਕੀਤੀ ਮੁਹਿੰਮ ਦੇ ਬਾਵਜੂਦ ਵੀ ਹਾਲੇ ਨਸ਼ਾ ਸਰੇਆਮ ਵਿੱਕ ਰਿਹਾ ਹੈ ਤਾਂ ਮੁਕਾਮੀ ਪੁਲਿਸ ਦੇ ਪੱਧਰ ਤੇ ਦਾਲ ਵਿੱਚ ਕਾਲਾ ਹੀ ਨਹੀਸਗੋਂ ਪੂਰੀ ਦਾਲ ਹੀ ਕਾਲੀ ਲੱਗਦੀ ਹੈ। ਲੋਕਾਂ ਦੁਆਰਾ ਫੜ੍ਹ ਕੇ ਪੁਲਿਸ ਹਵਾਲੇ ਕੀਤੇ ਨੌਜਵਾਨਾਂ ਦੇ ਕੀ ਨਾਮ ਹਨ ਇਹ ਕਿੱਥੋਂ ਦੇ ਰਹਿਣ ਵਾਲੇ ਹਨ ਤੇ ਇਹਨਾਂ ਦੇ ਵਿਰੁੱਧ ਹੁਣ ਤੱਕ ਕੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਇਹ ਸਭ ਸਵਾਲ ਹਾਲੇ ਸਮੇਂ ਦੇ ਗਰਭ ਵਿੱਚ ਹੀ ਛੁਪੇ ਹੋਏ ਹਨ। ਇਸ ਬਾਰੇ ਮੁਕਾਮੀ ਪੁਲਿਸ ਨੇ ਖਬਰ ਲਿਖੇ ਜਾਣ ਤੱਕ ਕੋਈ ਖੁਲਾਸਾ ਨਹੀਂ ਕੀਤਾ। ਇਸ ਸਬੰਧੀ ਪੁਲਿਸ ਦਾ ਪੱਖ ਜਾਣਨ ਲਈ ਡੀਐਸਪੀ ਰਾਜੇਸ਼ ਛਿੱਬਰ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ। ਹੁਣ ਪਿੰਡ ਦੇ ਲੋਕਾਂ ਦੀਆਂ ਨਜਰਾਂ ਪੁਲਿਸ ਦੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ।