ਥਾਲੀਆਂ ਖੜਕਾਉਣ ਤੋਂ ਬਾਅਦ ਹੁਣ ਮੋਮਬੱਤੀਆਂ, ਦੀਵੇ ਜਗਾਉਣ ਦਾ ਸੱਦਾ ਬੇਹੁਦਰੇਪਣ ਦਾ ਸਿਰਾ- ਖੰਨਾ, ਦੱਤ
ਹਰਿੰਦਰ ਨਿੱਕਾ ਬਰਨਾਲਾ 3 ਅਪ੍ਰੈਲ 2020
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ 5 ਅਪ੍ਰੈਲ ਰਾਤ 9 ਵਜੇ ਘਰਾਂ ਤੇ ਮੋਮਬੱਤੀਆਂ ਜਗਾਉਣ, ਦੀਵੇ ਬਾਲਣ ਦੇ ਸੱਦੇ ਨੂੰ ਅਤਿਅੰਤ ਬੇਹੁਦਾ ਤੇ ਬਚਕਾਨਾ ਸੱਦਾ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਤੀਜੇ ਸੰਦੇਸ਼ ‘ਚ ਹਕੂਮਤਾਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੀ ਕਰ ਰਹੀਆਂ ਹਨ, ਦਾ ਵੇਰਵਾ ਦੇਸ਼ ਦੇ ਲੋਕ ਉਡੀਕ ਰਹੇ ਸਨ, ਪਰ ਮੋਦੀ ਜੀ ਦੇ ਸੰਦੇਸ਼ ‘ਚ ਥੁੱਕਾਂ ਨਾਲ ਵੜੇ ਪਕਾਉਣ ਤੋਂ ਬਿਨਾਂ ਕੁੱਝ ਵੀ ਨਹੀਂ ਸੀ। ਲੋਕ ਉਮੀਦ ਕਰ ਰਹੇ ਹਨ ਕਿ ਮੋਦੀ ਜੀ ਦੱਸਣਗੇ ਕਿ ਕਿੰਨ੍ਹੇ ਨਵੇਂ ਹਸਪਤਾਲ ‘ਚ ਕਿੰਨੇ ਨਵੇਂ ਵੈਂਟੀਲੇਟਰ ਆ ਚੁੱਕੇ ਹਨ, ਕਿੰਨੀਆਂ ਸੁਰੱਖਿਆ ਕਿੱਟਾਂ ਤਿਆਰ ਹੋ ਗਈਆਂ ਹਨ, ਕਿੰਨੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ‘ਚ ਕਰ ਲਏ ਗਏ ਹਨ। ਇਸ ਤੋਂ ਬਿਨਾਂ ਲੋਕ ਉਮੀਦ ਕਰਦੇ ਸਨ ਕਿ ਮੋਦੀ ਜੀ ਦੱਸਣਗੇ ਕਿ ਕਿਨ੍ਹੇਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਦੇਸ਼ ਭੇਜਣ ਦਾ ਇੰਤਜਾਮ ਕਰ ਲਿਆ ਗਿਆ ਹੈ। ਦੇਸ਼ ਭਰ ‘ਚ ਸਾਰੇ ਰਾਸ਼ਨ ਡਿੱਪੂਆਂ ਤੇ ਮੁਫਤ ਰਾਸ਼ਨ ਤੇ ਸਿਲੰਡਰ ਕਿੰਨੀ ਮਾਤਰਾ ‘ਚ ਭੇਜ ਦਿੱਤੇ ਗਏ ਹਨ ਤੇ ਮੋਦੀ ਜੀ ਇਹ ਵੀ ਦੱਸਣਗੇ ਕਿ ਸਰਕਾਰੀ ਰਾਸ਼ਨ ਦੀ ਵੰਡ ‘ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਰਾਸ਼ਟਰੀ ਸੁਰੱਖਿਆ ਕਨੂੰਨ ਜਾਂ ਦੇਸ਼ ਧਰੋਹ ਦੇ ਪਰਚੇ ਕੱਢੇ ਜਾਣਗੇ। ਮੋਦੀ ਜੀ ਇਸ ਗੱਲ ਦੀ ਵੀ ਮਾਫੀ ਮੰਗਣਗੇ ਕਿ ਕਰੋਨਾ ਦਾ ਟਾਕਰਾ ਕਰਦਿਆਂ ਜਿਹੜੇ 50 ਡਾਕਟਰ ਤੇ ਨਰਸਾਂ ਕਰੋਨਾ ਪਾਜਟਿਵ ਪਾਏ ਗਏ ਹਨ, ਦੇ ਚੰਗੇ ਇਲਾਜ ਲਈ ਸਰਕਾਰ ਪ੍ਰਬੰਧ ਕਰੇਗੀ ਤੇ ਅਣਹੋਣੀ ਦੀ ਹਾਲਤ ‘ਚ 10 ਕਰੋੜ ਮੁਆਵਜਾ ਦੇਵੇਗੀ। ਲੋਕ ਉਮੀਦ ਕਰਦੇ ਸਨ ਕਿ ਦੇਸ਼ ਭਰ ‘ਚ ਸੇਵਾ/ਸਫਾਈ ਕਰ ਰਹੇ ਸਾਰੇ ਸਫਾਈ ਸੇਵਕਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਨੌਕਰੀਆਂ ਤੇ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਖੋਦਿਆ ਪਹਾੜ ਨਿਕਲਿਆ ਚੂਹਾ ਤੇ ਉਹ ਵੀ ਮਰਿਆ ਹੋਇਆ। ੳਨ੍ਹਾਂ ਮੋਦੀ ਹਕੂਮਤ ਤੇ ਦੋਸ਼ ਲਗਾਇਆ ਕਿ ਸ਼ੁਰੂ ‘ਚ ਹੀ ਕਰੋਨਾ ਨੂੰ ਰੋਕਣ ‘ਚ ਜਾਣਬੁੱਝ ਕੇ ਕੀਤੀ ਅਣਗਹਿਲੀ ਕਾਰਣ ਤੇ ਅਤਿਅੰਤ ਨਾਕਸ ਤੇ ਭੈੜੇ ਪ੍ਰਬੰਧਾਂ ਕਾਰਣ ਹੋਣ ਵਾਲੀਆਂ ਮੌਤਾਂ ਸਾਧਾਰਣ ਮੌਤਾਂ ਨਹੀਂ ਸਗੋਂ ਕਤਲ ਕਰਾਰ ਦਿੱਤੇ ਜਾਣਗੇ। ਇਨ੍ਹਾਂ ਕਤਲਾਂ ਦੇ ਜਿੰਮੇਵਾਰ ਵੀ ੭੩ ਸਾਲ ਤੋਂ ਸਤਾ ਉੱਪਰ ਕਾਬਜ ਰਹੇ ਹੁਕਮਰਾਨ ਹੋਣਗੇ। ਜਿਨ੍ਹਾਂ ਟੀਬੀ, ਖੂਨ ਦੀ ਘਾਟ, ਅਨੀਮੀਆਂ, ਪੌਸ਼ਟਿਕ ਖੁਰਾਕ, ਦਮਾ, ਸ਼ੂਗਰ, ਕੈਂਸਰ , ਦਿਲ ਦੀਆਂ ਬਿਮਾਰੀਆਂ ਕਾਰਨ ਹਰ ਸਾਲ ਹੋਣ ਵਾਲੀਆਂ ਲੱਖਾਂ ਮੌਤਾਂ ਦੇ ਇਲਾਜ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਉਲਟਾ ਰਮਾਇਣ, ਮਹਾਂਭਾਰਤ ਅੰਧ ਵਿਸ਼ਵਾਸ਼ੀ ਸੀਰੀਅਲ ਚਾਲੂ ਕਰਕੇ ਲੋਕਾਂਵਦਾ ਧਿਆਨ ਅਸਲ ਮੁੱਦੇ ਤੋਂ ਭਟਕਾਉਣ ਦੀ ਗਹਿਰੀ ਸਾਜਿਸ਼ ਰਚਣ’ਚ ਮਸ਼ਰੂਫ ਹੈ। ੳਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਲੋਕਾਂ ਨੂੰ ਮਹਿਜ ਜਜਬਾਤੀ ਕਰਕੇ ਟਾਈਮ ਪਾਸ ਕਰਨ ਦੀ ਨੀਤੀ ਨੂੰ ਲੋਕ ਸੰਘਰਸ਼ ਦੇ ਜੋਰ ਮਾਤ ਦੇਣਗੇ।