ਕੁੰਢੀਆਂ ਦੇ ਸਿੰਗ ਫਸ ਗਏ, ਪ੍ਰਧਾਨਗੀ ਲਈ ਮਨੀਸ਼ ਕੁਮਾਰ ਅਤੇ ਕਾਂਗਰਸੀ ਆਗੂ ਜਗਦੀਪ ਸਿੰਘ ਵਿੱਚ ਦੌੜ
ਕਾਂਗਰਸ ਕੋਲ ਬਹੁਮਤ ਹੋਣ ਦੇ ਬਾਵਜੂਦ ਵੀ ਨਹੀਂ ਬਣ ਸਕੀ ਸਹਿਮਤੀ
ਹਰਿੰਦਰ ਨਿੱਕਾ , ਬਰਨਾਲਾ 19 ਅਪ੍ਰੈਲ 2021
ਨਗਰ ਕੌਂਸਲ ਭਦੌੜ ਦੇ ਅਹੁਦੇਦਾਰਾਂ ਦੀ ਭਲ੍ਹਕੇ ਹੋ ਰਹੀ ਚੋਣ ‘ਚ ਵੀ ਬਰਨਾਲਾ ਨਗਰ ਕੌਂਸਲ ਦੀ ਚੋਣ ਵਾਂਗ ਕਾਂਗਰਸੀਆਂ ਵਿੱਚ ਹੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਹੰਗਾਮਾਂ ਹੋਣ ਦੇ ਆਸਾਰ ਬਣੇ ਹੋਏ ਹਨ। ਪ੍ਰਧਾਨਗੀ ਦੀ ਦੋੜ ਵਿੱਚ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੇ ਕੁਮਾਰ ਦੇ ਬੇਟੇ ਮਨੀਸ਼ ਕੁਮਾਰ ਅਤੇ ਟਕਸਾਲੀ ਕਾਂਗਰਸੀ ਜਗਦੀਪ ਸਿੰਘ ਵਿੱਚ ਦੌੜ ਚੱਲ ਰਹੀ ਹੈ। ਨਗਰ ਕੌਂਸਲ ਬਰਨਾਲਾ ਦੀ 15 ਅਪ੍ਰੈਲ ਨੂੰ ਹੋਈ ਚੋਣ ਸਮੇਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਗੁਰਜੀਤ ਸਿੰਘ ਔਲਖ ਨੂੰ ਪ੍ਰਧਾਨ ਵਜੋਂ ਪੇਸ਼ ਕਰਨ ਤੋਂ ਬਾਅਦ ਬਾਗੀ ਹੋਏ ਟਕਸਾਲੀ ਕਾਂਗਰਸੀਆਂ ਵੱਲੋਂ ਹਲਕਾ ਇੰਚਾਰਜ ਖਿਲਾਫ ਵਿੱਢੀ ਲੜਾਈ ਦੀ ਤਰਾਂ ਭਦੋੜ ਚੋਣ ਨੂੰ ਲੈ ਕੇ ਵੀ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਚੋਣ ਵਿੱਚ 13 ਸੀਟਾਂ ਵਿੱਚੋਂ ਕਾਂਗਰਸ ਪਾਰਟੀ ਨੂੰ 6 , ਅਕਾਲੀ ਦਲ ਨੂੰ 3 ਅਤੇ 4 ਅਜ਼ਾਦ ਕੌਂਸਲਰਾਂ ਨੂੰ ਮਿਲੀਆਂ ਸਨ। ਇੱਕ ਵੋਟ ਹਲਕਾ ਵਿਧਾਇਕ ਪਿਰਮਲ ਸਿੰਘ ਦੀ ਵੀ ਹੈ। ਇਸ ਤਰਾਂ ਕੌਂਸਲ ਦੀ ਸੱਤਾ ਤੇ ਕਾਬਿਜ ਹੋਣ ਲਈ ਕੁੱਲ 8 ਕੌਂਸਲਰਾਂ ਦੀ ਲੋੜ ਹੈ। 4 ਅਜਾਦ ਕੌਂਸਲਰ ਵੀ ਕਾਂਗਰਸ ਪਾਰਟੀ ਦੇ ਸਮਰਥਨ ਵਿੱਚ ਆ ਗਏ ਹਨ। ਕਾਂਗਰਸ ਨੂੰ ਬਹੁਮਤ ਮਿਲਦਿਆਂ ਹੀ ਕਾਂਗਰਸ ਦੇ ਦੋ ਧੜੇ ਬਣ ਗਏ। ਕਾਂਗਰਸ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਅਸ਼ੀਰਵਾਦ ਮਨੀਸ਼ ਕੁਮਾਰ ਨੂੰ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ। ਪਰੰਤੂ ਦੂਜੇ ਪਾਸੇ ਜਗਦੀਪ ਸਿੰਘ ਨੂੰ ਬਹੁਸੰਮਤੀ ਕਾਂਗਰਸ ਕੌਂਸਲਰਾਂ ਦਾ ਸਮਰਥਨ ਦੱਸਿਆ ਜਾ ਰਿਹਾ ਹੈ। ਜਦੋਂ ਕਿ ਕਿਹਾ ਇਹ ਵੀ ਜਾ ਰਿਹਾ ਹੈ, ਕਾਂਗਰਸੀਆਂ ਦੀ ਫੁੱਟ ਉਭਰਨ ਤੇ ਅਕਾਲੀ ਦਲ ਦੇ ਤਿੰਨੋਂ ਕੌਂਸਲਰਾਂ ਦਾ ਮੋਹ ਵੀ ਪੁਰਾਣੇ ਅਕਾਲੀ ਆਗੂ ਨਾਲ ਬਰਨਾਲਾ ਨਗਰ ਕੌਂਸਲ ਦੀ ਚੋਣ ਵਾਂਗ ਜਾ ਸਕਦਾ ਹੈ।
ਹਲਕਾ ਵਿਧਾਇਕ ਦੀ ਵੋਟ ਵੀ ਚੋਣ ਵਿੱਚ ਨਿਰਣਾਇਕ ਭੂਮਿਕਾ ਨਿਭਾ ਸਕਦੀ ਹੈ। ਸ਼ਹਿਰ ਦੇ ਕੁਝ ਟਕਸਾਲੀ ਕਾਂਗਰਸੀਆਂ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ ਕਰਕੇ ਹੋਰ ਪਾਰਟੀਆਂ ਵਿੱਚੋਂ ਸਿਰਫ ਅਹੁਦਿਆਂ ਦੇ ਲਾਲਚ ਵਿੱਚ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਲੀਡਰਾਂ ਨੂੰ ਅਹੁਦੇ ਸੌਂਪ ਰਹੀ ਹੈ। ਜੇਕਰ ਭਦੌੜ ਵਿੱਚ ਵੀ ਅਜਿਹਾ ਹੀ ਹੋਇਆ ਤਾਂ ਕੋਈ ਕਾਂਗਰਸੀ ਆਗੂ ਜਾਂ ਵਰਕਰ ਆਗਾਮੀ ਚੋਣਾਂ ਸਮੇਂ ਪੋਲਿੰਗ ਬੂਥ ਤੇ ਬੈਠਣ ਲਈ ਪਾਰਟੀ ਦਾ ਝੋਲਾ ਫੜ੍ਹਨ ਲਈ ਵੀ ਤਿਆਰ ਨਹੀਂ ਹੋਵੇਗਾ। ਅਜਿਹੇ ਹਾਲਤ ਲਈ ਮੌਜੂਦਾ ਪਾਰਟੀ ਲੀਡਰਸ਼ਿਪ ਹੀ ਜਿੰਮੇਵਾਰ ਹੋਵੇਗੀ।