ਸਰਗਰਮੀਆਂ-ਲੱਖੀ ਜੈਲਦਾਰ ਨਤਮਸਤਕ ਹੋਣ ਪਹੁੰਚੇ ਦੇਵੀ ਦੁਆਲਾ ਸ੍ਰੀ ਦੁਰਗਾ ਮੰਦਿਰ
ਮੰਦਿਰ ਲਈ ਪਾਣੀ ਵਾਲੀ ਟੈਂਕੀ ਦਾ ਲੱਖੀ ਨੇ ਕੀਤਾ ਉਦਘਾਟਨ
ਹਰਿੰਦਰ ਨਿੱਕਾ , ਬਰਨਾਲਾ 19 ਅਪ੍ਰੈਲ 2021
ਬੇਸ਼ੱਕ ਲੱਖੀ ਜੈਲਦਾਰ ਹੰਡਿਆਇਆ ਪਿੰਡ ਦਾ ਵਸਨੀਕ ਹੋਣ ਕਾਰਣ ਹਮੇਸ਼ਾ ਹੀ ਬਿਨਾਂ ਕਿਸੇ ਸੁਰੱਖਿਆ ਦੇ ਆਮ ਆਦਮੀ ਦੀ ਤਰਾਂ ਅਕਸਰ ਵਿਚਰਦਾ ਤੇ ਲੋਕਾਂ ਨੂੰ ਮਿਲਦਾ ਰਹਿੰਦਾ ਹੈ । ਪਰੰਤੂ ਕੁਝ ਦਿਨਾਂ ਤੋਂ ਲੱਖੀ ਜੈਲਦਾਰ ਦੇ ਬਰਨਾਲਾ ਹਲਕੇ ਤੋਂ ਉਮੀਦਵਾਰ ਹੋਣ ਦੀ ਚਰਚਾ ਅਤੇ ਬਰਨਾਲਾ ਟੂਡੇ ਵੱਲੋਂ 18 ਅਪ੍ਰੈਲ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਖਬਰ ਨਾਲ ਮੱਚੇ ਤਹਿਲਕੇ ਕਾਰਣ ਲੱਖੀ ਜੈਲਦਾਰ , ਦੇਵੀ ਦੁਆਲਾ ਸ੍ਰੀ ਦੁਰਗਾ ਮੰਦਿਰ ਹੰਡਿਆਇਆ ਦੇ ‘’ਅੱਜ’’ ਲੱਗੇ ਮੇਲੇ ਵਿੱਚ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਸ ਦ੍ਰਿਸ਼ ਨੂੰ ਨੇੜਿਉ ਦੇਖਣ ਵਾਲੇ ਲੋਕ , ਇਹ ਕਿਆਸਰਾਈਆਂ ਜਰੂਰ ਲਾਉਂਦੇ ਰਹੇ ਕਿ ਲੱਖੀ ਜੈਲਦਾਰ ਵੱਲੋਂ ਚੋਣ ਲੜਨ ਸਬੰਧੀ ਲੱਗੀ ਖਬਰ ਦਾ ਕੋਈ ਨਾ ਕੋਈ ਅਧਾਰ ਜਰੂਰ ਹੈ । ਕੁਝ ਰਾਜਸੀ ਪੰਡਿਤਾਂ ਨੇ ਤਾਂ ਗੱਲਬਾਤ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਕਿ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਨੇੜਲੇ ਕੁਝ ਮੀਡੀਆ ਕਰਮੀਆਂ ਨੇ ਲੱਖੀ ਜੈਲਦਾਰ ਦੇ ਚੋਣ ਨਾ ਲੜਨ ਬਾਰੇ ਤਾਂ ਸਪੱਸ਼ਟੀਕਰਨ ਛਾਪਿਆ ਹੈ। ਪਰੰਤੂ, ਉਨਾਂ ਨੇ ਵੀ ‘’ਬਰਨਾਲਾ ਟੂਡੇ’’ ਵਿੱਚ ਲੱਖੀ ਜੈਲਦਾਰ ਦੇ ਹੁਣ ਬਾਦਲ ਪਰਿਵਾਰ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਹੈ ਅਤੇ ਨਾ ਹੀ ਇਹ ਕਿਹਾ ਗਿਆ ਹੈ ਕਿ ਉਹ ਤਾਂ ਹਾਲੇ ਤੱਕ ਬਾਦਲ ਪਰਿਵਾਰ ਦੇ ਹੀ ਨਾਲ ਹਨ । ਬਰਨਾਲਾ ਟੂਡੇ ਦੀ ਖਬਰ ਨਾਲ ਚੰਡੀਗੜ੍ਹ ਤੱਕ ਪਈ ਚੀਸ ਤੋਂ ਬਾਅਦ ਲੱਖੀ ਦਾ ਇਹ ਕਹਿਣਾ, ਕਿ ਉਹ ਕੇਵਲ ਸਿੰਘ ਢਿੱਲੋਂ ਦੀ ਇੱਜਤ ਕਰਦੇ ਹਨ, ਉਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ । ਅਗਾਮੀ ਚੋਣਾਂ ਵਿੱਚ ਉਨਾਂ ਦੀ ਮੱਦਦ ਕਰਨਗੇ। ਸਿਰਫ ਅਜਿਹੀ ਰਾਜਨੀਤਕ ਪ੍ਰਤੀਕਿਰਿਆ ਟਿਕਟ ਮਿਲਣ ਤੋਂ ਪਹਿਲਾਂ ਹਰ ਸੁਲਝਿਆ ਹੋਇਆ ਰਾਜਨੀਤਕ ਆਗੂ ਹੀ ਦਿੰਦਾ ਹੈ । ਬਰਨਾਲਾ ਟੂਡੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਮੌਜੂਦ ਹਨ, ਜਿਨ੍ਹਾਂ ਵਿੱਚ ਲੱਖੀ ਜੈਲਦਾਰ ਖੁਦ ਕਬੂਲ ਕਰਦਾ ਹੈ ਕਿ ਉਨਾਂ ਨੂੰ ਚੋਣ ਲੜਨ ਲਈ ਕਿਹਾ ਜਾ ਰਿਹਾ ਹੈ, ਪਰੰਤੂ ਹਾਲੇ ਤੱਕ ਉਨਾਂ ਨੇ ਚੋਣ ਲੜਨ ਦਾ ਕੋਈ ਮਨ ਨਹੀਂ ਬਣਾਇਆ । ਜਰੂਰਤ ਪੈਣ ਤੇ ਇਹ ਤੱਥ ਬਰਨਾਲਾ ਟੂਡੇ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਵੀ ਕਰ ਸਕਦਾ ਹੈ।
ਮਾਂ ਦੁਰਗਾ ਅੱਗੇ ਮਨੋਕਾਮਨਾ ਪੂਰੀ ਹੋਣ ਸਬੰਧੀ ਅਰਦਾਸ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚ ਸ਼ੁਮਾਰ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਸੰਭਾਵੀ ਉਮੀਦਵਾਰ ਦੇ ਤੌਰ ਤੇ ਕੁੱਝ ਸਮੇਂ ਤੋਂ ਲੋਕ ਚਰਚਾ ‘ਚ ਭਾਰੂ ਲੱਖੀ ਜੈਲਦਾਰ ਨੇ ਇਲਾਕੇ ਦੀਆਂ ਸਮਾਜਿਕ ਸਰਗਰਮੀਆਂ ਵਿੱਚ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਹੀ ਲੱਖੀ ਜੈਲਦਾਰ , ਦੇਵੀ ਦੁਆਲਾ ਸ੍ਰੀ ਦੁਰਗਾ ਮੰਦਿਰ ਹੰਡਿਆਇਆ ਵਿਖੇ ਮੱਥਾ ਟੇਕਣ ਲਈ ਆਪਣੇ ਸਾਥੀਆਂ ਸਮੇਤ ਪਹੁੰਚ ਗਏ। ਇਸ ਮੌਕੇ ਉਨਾਂ ਮਾਂ ਦੁਰਗਾ ਅੱਗੇ ਮਨੋਕਾਮਨਾ ਪੂਰੀ ਹੋਣ ਸਬੰਧੀ ਅਰਦਾਸ ਕੀਤੀ। ਮੰਦਿਰ ਦੇ ਮੁੱਖ ਪੁਜ਼ਾਰੀ ਪੰਡਿਤ ਕੇਵਲ ਕ੍ਰਿਸ਼ਨ ਅਤੇ ਬਲਦੇਵ ਕ੍ਰਿਸ਼ਨ, ਸਾਬਕਾ ਸਰਪੰਚ ਹਰਦੇਵ ਸਿੰਘ ਕਾਲਾ, ਜੱਗੀ ਅਤੇ ਮੰਦਿਰ ਕਮੇਟੀ ਦੇ ਹੋਰ ਸੇਵਾਦਰਾਂ ਨੇ ਲੱਖੀ ਜੈਲਦਾਰ ਨੂੰ ਸਿਰਪਾੳ ਦੇ ਕੇ ਸਨਮਾਨ ਵੀ ਕੀਤਾ। ਇਸ ਮੌਕੇ ਮੰਦਿਰ ਲਈ ਭਗਤਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਪਾਣੀ ਵਾਲੀ ਟੈਂਕੀ ਦਾ ਲੱਖੀ ਜੈਲਦਾਰ ਨੇ ਉਦਘਾਟਨ ਵੀ ਕੀਤਾ। ਜਿਕਰਯੋਗ ਹੈ ਕਿ ਲੱਖੀ ਜੈਲਦਾਰ ਨੇ ਹਿਹ ਟੈਂਕੀ ਤਿਆਰ ਕਰਵਾਉਣ ਲਈ 1 ਲੱਖ ਰੁਪਏ ਦੀ ਦਾਨ ਰਾਸ਼ੀ ਵੀ ਦਿੱਤੀ ਗਈ ਹੈ । ਮੰਦਿਰ ਵਿੱਚ ਸਟੈਂਡਰਡ ਕੰਬਾਈਨ ਦੇ ਮਾਲਿਕ ਬਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਲੱਖੀ ਜੈਲਦਾਰ ਦੇ ਮੰਦਿਰ ਆਉਂਦਿਆਂ ਹੀ ਉੱਥੇ ਮੌਜੂਦ ਮੋਹਤਬਰ ਲੋਕਾਂ ਨੇ ਉਨਾਂ ਚੋਣ ਅਤੇ ਨਾ ਲੜਨ ਬਾਰੇ ਮੀਡੀਆ ਵਿੱਚ ਚੱਲ ਰਹੀ ਚਰਚਾ ਬਾਰੇ ਪੁੱਛਣਾ ਚਾਹਿਆ। ਪਰੰਤੂ ਲੱਖੀ ਜੈਲਦਾਰ ਮੁਸਕਰਾਉਂਦੇ ਰਹੇ ਅਤੇ ਦੋ ਟੁੱਕ ਸ਼ਬਦਾ ਵਿੱਚ ਕੋਈ ਸਪੱਸ਼ਟ ਜੁਆਬ ਨਹੀਂ ਦਿੱਤਾ। ਬਰਨਾਲਾ ਟੂਡੇ ਦੀ ਟੀਮ ਵੱਲੋਂ ਪੁੱਛੇ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਹੰਡਿਆਇਆ ਮੰਦਿਰ ਵਿਖੇ ਲੱਗਦੇ ਹਰ ਛਿਮਾਹੀ ਮੇਲੇ ਤੇ ਮੈਂ ਜਰੂਰ ਪਹੁੰਚਦਾ ਹਾਂ। ਉਨਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਹੁਣ ਇਸ ਨੂੰ ਕਿਸੇ ਰਾਜਨੀਤਿਕ ਸਰਗਰਮੀ ਦਾ ਹਿੱਸਾ ਨਾ ਸਮਝਿਆ ਜਾਵੇ।