ਕਿਸਾਨ ਯੂਨੀਅਨ ਦਾ ਐਲਾਨ:- ਸ਼ਹੀਦ ਦੇ ਪਰਿਵਾਰ ਨੂੰ ਨੌਕਰੀ, 10 ਲੱਖ ਦੀ ਸਹਾਇਤਾ ਅਤੇ ਸਾਰਾ ਕਰਜ਼ਾ ਮਾਫ ਕਰਨ ਤੋਂ ਬਾਅਦ ਕਰਾਂਗੇ ਸੰਸਕਾਰ
ਹਰਿੰਦਰ ਨਿੱਕਾ , ਬਰਨਾਲਾ 19 ਅਪ੍ਰੈਲ 2021
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਤੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ ਸ਼ਾਮਿਲ ਪਿੰਡ ਸੰਘੇੜਾ ਦਾ ਵਾਸੀ ਕਰੀਬ 75 ਵਰ੍ਹਿਆਂ ਦੇ ਕਿਸਾਨ ਜਾਗਰ ਸਿੰਘ ਪੁੱਤਰ ਪੂਰਨ ਸਿੰਘ ਦੀ ਕੁਝ ਸਮਾਂ ਬੀਮਾਰ ਹੋਣ ਤੋਂ ਬਾਅਦ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀ ਕਲਾਂ ਅਤੇ ਗੁਰਦਰਸ਼ਨ ਸਿੰਘ ਦਿਓਲ ਨੇ ਦੱਸਿਆ ਕਿ ਕਿਸਾਨ ਜਾਗਰ ਸਿੰਘ ਲਗਾਤਾਰ ਟਿੱਕਰੀ ਬਾਰਡਰ ਤੇ ਕਿਸਾਨ ਮੋਰਚੇ ਵਿੱਚ ਡਟਿਆ ਹੋਇਆ ਸੀ। ਲੰਘੀ ਕੱਲ੍ਹ ਕੁੱਝ ਸਮਾਂ ਬੀਮਾਰ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਵਾਰਿਸਾਂ ਨੂੰ ਦਸ ਲੱਖ ਰੁਪਏ ਦੀ ਆਰਥਿਕ ਸਹਾਇਤਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜਾ ਮੁਆਫ਼ ਕੀਤਾ ਜਾਵੇ । ਉਨਾਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਸ਼ਹੀਦ ਕਿਸਾਨ ਜਾਗਰ ਸਿੰਘ ਦਾ ਅੰਤਿਮ ਸੰਸਕਾਰ ਉਨਾਂ ਸਮਾਂ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਯੂਨੀਅਨ ਦੀਆਂ ਉਕਤ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਸ਼ਹੀਦ ਕਿਸਾਨ ਜਾਗਰ ਸਿੰਘ ਦੀ ਮ੍ਰਿਤਕ ਦੇਹ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਰੱਖਿਆ ਗਿਆ ਹੈ। ਉੱਧਰ ਸ਼ਹੀਦ ਕਿਸਾਨ ਜਾਗਰ ਸਿੰਘ ਨੂੰ ਕਿਸਾਨ ਮੋਰਚੇ ਦੀਆਂ ਸਟੇਜਾਂ ਤੋਂ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।