ਥੰਮ੍ਹ ਨਹੀਂ ਰਿਹਾ , ਬਰਨਾਲਾ ਹਲਕੇ ‘ਚ ਕੇਵਲ ਢਿੱਲੋਂ ਦੇ ਖਿਲਾਫ਼ ਉੱਠਿਆ ਬਾਗੀ ਸੁਰਾਂ ਦਾ ਤੂਫਾਨ
ਹਰਿੰਦਰ ਨਿੱਕਾ , ਬਰਨਾਲਾ 18 ਅਪ੍ਰੈਲ 2021
ਲੰਘੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਬਰਨਾਲਾ ਜਿਲ੍ਹੇ ਅੰਦਰ ਆਮ ਆਦਮੀ ਪਾਰਟੀ ਦੇ ਰਾਜਸੀ ਤੂਫ਼ਾਨ ਦੀ ਝੰਬੀ ਕਾਂਗਰਸ ਪਾਰਟੀ ਦੇ ਉੱਖੜੇ ਪੈਰ ਹਾਲੇ ਟਿਕ ਵੀ ਨਹੀਂ ਸਕੇ ਸਨ ਕਿ ਨਗਰ ਕੌਂਸਲ ਬਰਨਾਲਾ ਦੀ ਚੋਣ ਜਿੱਤੇ ਬਹੁਤੇ ਕਾਂਗਰਸੀ ਕੌਂਸਲਰਾਂ ਨੇ ਚੋਣ ਮੀਟਿੰਗ ਦੌਰਾਨ ਹੀ ਕਾਂਗਰਸ ਦੇ ਹਲਕਾ ਇੰਚਾਰਜ਼ ਕੇਵਲ ਸਿੰਘ ਢਿੱਲੋਂ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਝੰਡਾ ਬੁਲੰਦ ਕਰ ਦਿੱਤਾ ਸੀ। ਕਾਂਗਰਸੀ ਕੌਂਸਲਰਾਂ ਦੀ ਬਗਾਵਤ ਨੂੰ ਕਿਸੇ ਵੀ ਤਰ੍ਹਾਂ ਠੱਲ੍ਹਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਢਿੱਲੋਂ ਦੇ ਵਿਰੁੱਧ ਅੱਜ ਰੈਸਟ ਹਾਊਸ ਵਿੱਚ ਇਕੱਠੇ ਹੋਏ ਜਿਲ੍ਹੇ ਦੇ ਟਕਸਾਲੀ ਕਾਂਗਰਸੀਆਂ ਨੇ ਵੱਡਾ ਹੱਲਾ ਬੋਲ ਦਿੱਤਾ । ਟਕਸਾਲੀ ਕਾਂਗਰਸੀਆਂ ਨੇ ਮੀਟਿੰਗ ਵਿੱਚ ਸ਼ਰੇਆਮ ਐਲਾਨ ਕਰ ਦਿੱਤਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਪਾਰਟੀ ਹਾਈਕਮਾਂਡ ਨੂੰ ਮਲਾਹ ਯਾਨੀ ਹਲਕਾ ਇੰਚਾਰਜ ਬਦਲਣ ਦੀ ਲੋੜ ਹੈ। ਟਕਸਾਲੀਆਂ ਨੇ ਪਾਰਟੀ ਹਾਈਕਮਾਂਡ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਵਲ ਸਿੰਘ ਢਿੱਲੋਂ ਦੀਆਂ ਆਪਹੁਦਰੀਆਂ ਕਾਰਵਾਈਆਂ ਨੂੰ ਨੱਥ ਨਾ ਪਾਈ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਪਾਰਟੀ ਦੀ ਜਿੱਤ ਤਾਂ ਦੂਰ, ਜਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦਾ ਝੰਡਾ ਫੜਨ ਵਾਲਾ ਵੀ ਕੋਈ ਆਗੂ ਜਾਂ ਵਰਕਰ ਨਹੀਂ ਥਿਆਉਣਾ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਟਕਸਾਲੀ ਕਾਂਗਰਸੀ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੇ ਮੀਟਿੰਗ ਦਾ ਏਜੰਡਾ ਦੱਸਦਿਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦਾ ਗ੍ਰਾਫ ਹਰ ਦਿਨ ਡਿੱਗਦਾ ਹੀ ਜਾ ਰਿਹਾ ਹੈ। ਕੇਵਲ ਢਿੱਲੋਂ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਪੁਰਾਣੇ ਕਾਂਗਰਸੀਆਂ ਨੂੰ ਖੁੱਡੇ ਲਾਈਨ ਲਾ ਕੇ ਹੋਰਨਾਂ ਰਾਜਸੀ ਪਾਰਟੀਆਂ ਵਿਚੋਂ ਆਏ ਲੀਡਰਾਂ ਨੂੰ ਨਾਮਜਦਗੀਆਂ ਦਾ ਇਨਾਮ ਦੇ ਰਿਹਾ ਹੈ। ਜਿਸ ਕਾਰਨ ਕਾਂਗਰਸੀ ਲੀਡਰਾਂ ਤੇ ਵਰਕਰਾਂ ਵਿੱਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਦਲ ਅਤੇ ਭਾਜਪਾ ਵਿਚੋਂ ਆਏ ਲੀਡਰਾਂ ਦੇ ਸਿਰ ਤੇ ਪ੍ਰਧਾਨ ਅਤੇ ਮੀਤ ਪ੍ਰਧਾਨ ਦਾ ਤਾਜ ਧਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਫਾਦਾਰ ਕੌਸਲਰ ਜੌਂਟੀ ਮਾਨ ਨੂੰ 17 ਕੌਸਲਰਾਂ ਦਾ ਸਮਰਥਨ ਹੋਣ ਦੇ ਬਾਵਜੂਦ ,ਪ੍ਰਧਾਨ ਨਹੀਂ ਬਣਾਇਆ ਗਿਆ। ਜਦੋਂ ਕਿ ਕਾਂਗਰਸ ਦੇ ਬਹੁਗਿਣਤੀ ਕੌਸਲਰ ਜੌਂਟੀ ਮਾਨ ਨੂੰ ਪ੍ਰਧਾਨ ਅਤੇ ਰੇਨੂੰ ਧਰਮਾਂ ਨੂੰ ਮੀਤ ਪ੍ਰਧਾਨ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਢਿੱਲੋਂ ਨੇ ਅਕਾਲੀ ਕੌਸਲਰਾਂ ਦੇ ਸਮਰਥਨ ਨਾਲ ਇੱਕ ਦਲਬਦਲੂ ਅਕਾਲੀ ਨੂੰ ਪ੍ਰਧਾਨ ਬਣਾ ਦਿੱਤਾ ਅਤੇ ਚੋਣਾਂ ਤੋਂ ਬਾਅਦ ਕਾਂਗਰਸ ਵਿੱਚ ਇਕੱਲੇ ਸ਼ਾਮਿਲ ਹੋਏ ਕੌਂਸਲਰ ਨਰਿੰਦਰ ਨੀਟਾ ਨੂੰ ਮੀਤ ਪ੍ਰਧਾਨ ਬਣਾ ਧਰਿਆ।
2 ਕਰੋੜ ਰੁਪਏ ਦੇ ਦੋਸ਼ਾਂ ਦੀ ਉੱਚ ਪੱਧਰੀ ਹੋਵੇ ਜਾਂਚ
ਸਾਬਕਾ ਕਾਂਗਰਸੀ ਕੌਸਲਰ ਹਰਦੇਵ ਸਿੰਘ ਲੀਲਾ ਬਾਜਵਾ ਨੇ ਢਿੱਲੋਂ ਤੇ ਤਾਂਬੜਤੋੜ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਚੋਣ ਸਮੇਂ ਮੀਡੀਆ ਅੱਗੇ ਦੋਸ਼ ਲਾਇਆ ਕਿ ਪ੍ਰਧਾਨਗੀ ਦੀ ਚੋਣ ਲਈ 2 ਕਰੋੜ ਰੁਪਏ ਦਾ ਸੌਦਾ ਹੋਇਆ ਹੈ। ਇਹ ਕਾਫੀ ਗੰਭੀਰ ਇਲਜਾਮ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕਾਂਗਰਸ ਹਾਈਕਮਾਂਡ ਤੋਂ 2 ਕਰੋੜ ਰੁਪਏ ਦੇ ਹੋਏ ਲੈਣ ਦੇਣ ਦੀ ਉੱਚ ਪੱਧਰੀ ਜਾਂਚ ਦਾ ਤੁਰੰਤ ਹੁਕਮ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਜੇਕਰ 2 ਕਰੋੜ ਰੁਪਏ ਕਿਸੇ ਅਧਿਕਾਰੀ ਨੇ ਲਏ ਹਨ ਤਾਂ ਉਸਨੂੰ ਨੌਕਰੀ ਤੋਂ ਬਰਤਰਫ ਕਰਨਾ ਚਾਹੀਦਾ ਹੈ, ਜੇਕਰ ਇਹ ਮੋਟੀ ਰਕਮ ਕਿਸੇ ਰਾਜਸੀ ਆਗੂ ਨੇ ਲਈ ਹੈ,ਉਸਨੂੰ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ।
ਢਿੱਲੋਂ ਕਾਹਦਾ ਵਿਕਾਸ ਪੁਰਸ਼ ਐ,,
ਲੀਲਾ ਬਾਜਵਾ ਅਤੇ ਜਤਿੰਦਰ ਬਹਾਦਰਪੁਰੀਆ ਨੇ ਕਿਹਾ ਕਿ ਢਿੱਲੋਂ ਖੁਦ ਨੂੰ ਵਿਕਾਸ ਪੁਰਸ ਕਹਾਉਣ ਦਾ ਢੌਂਗ ਕਰਦਾ ਹੈ। ਉਨ੍ਹਾ ਕਿਹਾ ਕਿ ਜਿਹੜੇ ਧਨੌਲਾ ਫਾਟਕ ਤੇ ਅੰਡਰ ਬ੍ਰਿਜ ਬਣਾਉਣ ਦੀ ਢਿੱਲੋਂ ਫੜ੍ਹ ਮਾਰਦਾ ਹੈ, ਇਹ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਪਾਸ ਕਰਵਾਇਆ ਸੀ ਤੇ ਰਜਿੰਦਰ ਗੁਪਤਾ ਨੇ ਫੰਡ ਮੁਹੱਈਆ ਕਰਵਾਇਆ, ਢਿੱਲੋਂ ਨੇ 5 ਰੁਪਏ ਦੀ ਕੈਂਚੀ ਨਾਲ ਸਿਰਫ ਰੀਬਨ ਹੀ ਕੱਟਿਆ ਹੈ। ਇਸੇ ਤਰ੍ਹਾਂ ਐਸਟੀਪੀ ਪਲਾਂਟ ਲਈ ਫੰਡ ਵੀ ਰਜਿੰਦਰ ਗੁਪਤਾ ਨੇ ਭਿਜਵਾਇਆ ਤੇ ਢਿੱਲੋਂ ਨੇ ਸਿਰਫ ਰੀਬਨ ਕੱਟਿਆ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਢਿੱਲੋਂ ਨੇ ਕੁੱਝ ਮਹੀਨੇ ਪਹਿਲਾਂ ਮਲਟੀਸਪੈਸ਼ਲਿਟੀ ਹਸਪਤਾਲ ਬਰਨਾਲਾ ਮੰਜੂਰ ਕਰਵਾਉਣ ਦਾ ਡਰਾਮਾ ਪੱਤਰ ਭੇਜ ਕੇ ਮੀਡੀਆ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ, ਪਰੰਤੂ ਇਸ ਵਾਰ ਦੇ ਬਜਟ ਵਿੱਚ ਉਕਤ ਕਥਿਤ ਹਸਪਤਾਲ ਲਈ ਫੁੱਟੀ ਕੌਡੀ ਵੀ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਨਗਰ ਕੌਸਲ ਦੇ ਫੰਡਾਂ ਨਾਲ ਬਣ ਰਹੀਆਂ ਸ਼ਹਿਰ ਦੀਆਂ ਸੜਕਾਂ, ਗਲੀਆਂ, ਨਾਲੀਆਂ ਤੇ ਸਟਰੀਟ ਲਾਈਟਾਂ ਨੂੰ ਹੀ ਵਿਕਾਸ ਵਿਕਾਸ ਕਹੀ ਜਾਂਦਾ ਹੈ, ਜਦੋਂਕਿ ਉਹ 4 ਸਾਲਾਂ ਵਿੱਚ ਪੰਜਾਬ ਸਰਕਾਰ ਤੋਂ ਇੱਕ ਧੇਲਾ ਵੀ ਸ਼ਹਿਰ ਦੇ ਵਿਕਾਸ ਲਈ ਨਹੀਂ ਲੈ ਕ ਆਇਆ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਢਿੱਲੋਂ ਦੀ ਟਿਕਟ ਨਾ ਬਦਲੀ ਤਾਂ ਇਲਾਕੇ ਦੇ ਅੱਕੇ ਲੋਕ ਢਿੱਲੋਂ ਨੂੰ 25/30 ਹਜਾਰ ਵੋਟਾਂ ਦੇ ਫਰਕ ਨਾਲ ਹਰਾਉਣਗੇ। ਇਸ ਮੌਕੇ ਗੁਰਮੀਤ ਮਹੰਤ ਠੀਕਰੀਵਾਲਾ , ਸਤਨਾਮ ਸਿੰਘ ਸਰਪੰਚ, ਕ੍ਰਾਂਤੀ ਕਲੱਬ ਭਦੌੜ ਦੇ ਸੰਸਥਾਪਕ ਜੀਤਾ, ਰਣਜੀਤ ਸਿੰਘ ਰਾਣਾ ਕਲਾਲਾ ਆਦਿ ਆਗੂਆਂ ਨੇ ਕਿਹਾ ਕਿ ਕੇਵਲ ਢਿੱਲੋਂ ਦੀ ਚੰਡੀਗੜ੍ਹ ਕੋਠੀ ਵਿੱਚ ਵੱਡੀਆਂ ਫੋਟੋਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਲੱਗੀਆਂ ਹੋਈਆਂ ਹਨ, ਜੋ ਸਾਫ ਸੰਕੇਤ ਹੈ ਕਿ ਢਿੱਲੋਂ ਅਕਾਲੀ ਦਲ ਦਾ ਕਾਂਗਰਸ ਵਿੱਚ ਛੱਡਿਆ ਹੋਇਆ ਹੈ ,ਤੇ ਇਸੇ ਲਈ ਢਿੱਲੋਂ ਕਾਂਗਰਸ ਪਾਰਟੀ ਨੂੰ ਡੋਬਣ ਤੇ ਲੱਗਿਆ ਹੋਇਆ ਹੈ।