ਆਖਿਰ ਗੁਰਜੀਤ ਸਿੰਘ ਔਲਖ ਕਿਵੇਂ ਬਣਿਆ ਨਗਰ ਕੌਂਸਲ ਬਰਨਾਲਾ ਦਾ ਪ੍ਰਧਾਨ !
ਹਰਿੰਦਰ ਨਿੱਕਾ , ਬਰਨਾਲਾ 17 ਅਪ੍ਰੈਲ 2021
ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਲਈ ਮੁੱਛ ਦਾ ਸਵਾਲ ਬਣੀ ਜਿਲ੍ਹੇ ਦੀ ਵੱਕਾਰੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਮੇਂ ਹਾਊਸ ਵਿੱਚ ਕਾਂਗਰਸੀ ਕੌਂਸਲਰਾਂ ਦੀ ਬਗਾਵਤ ਕਾਰਣ ਕਾਂਗਰਸ ਦੀ ਮੰਝਧਾਰ ’ਚ ਡੁੱਬਦੀ ਬੇੜੀ ਨੂੰ ਅਕਾਲੀ ਕੌਂਸਲਰਾਂ ਨੇ ਐਨ ਮੌਕੇ ਤੇ ਮੋਢਾ ਲਾ ਕੇ ਪਾਰ ਲੰਘਾ ਦਿੱਤਾ। ਇਸ ਦਾ ਗੁੱਝਾ ਭੇਦ ਰਿਟਰਨਿੰਗ ਅਫਸਰ ਵੱਲੋਂ ਚੋਣ ਸਬੰਧੀ ਲਿਖਵਾਈ ਪ੍ਰੋਸੀਡਿੰਗ ਨੇ ਖੋਲ੍ਹ ਦਿੱਤਾ। ਪ੍ਰੋਸੀਡਿੰਗ ਦੇ ਬੋਲਦਿਆਂ ਹੀ ਚੋਣ ਸਮੇਂ ਹਾਊਸ ਅੰਦਰ ਕਾਂਗਰਸ ਅਤੇ ਅਕਾਲੀਆਂ ਦੀ ਪਕਾਈ ਖਿੱਚੜੀ ਦੀ ਖੁਸ਼ਬੋ ਬਾਹਰ ਨਿੱਕਲ ਕੇ ਆ ਗਈ। ਪ੍ਰੋਸੀਡਿੰਗ ਦੇ ਖੁੱਲ੍ਹੇ ਵਰਕਿਆਂ ਨੇ ਲੋਕਤੰਤਰਿਕ ਵਿਵਸਥਾ ਦੇ ਕਥਿਤ ਤਾਰ ਤਾਰ ਹੋਣ ਦੇ ਘਟਨਾਕ੍ਰਮ ਉੱਪਰ ਤਿੰਨ ਦਿਨ ਤੋਂ ਖਾਮੋਸ਼ੀ ਧਾਰੀ ਬੈਠੇ ਅਕਾਲੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਗੁਰਜੀਤ ਸਿੰਘ ਔਲਖ ਦਾ ਨਾਂ ਪ੍ਰਧਾਨ ਦੇ ਤੌਰ ਤੇ ਪੇਸ਼ ਕਰਨ ਤੋਂ ਬਾਅਦ ਕਾਂਗਰਸ ਵਿੱਚ ਉੱਭਰੀ ਫੁੱਟ ਸਮੇਂ ਅਕਾਲੀ ਦਲ ਤੋਂ ਕਾਂਗਰਸ ਵਿੱਚ ਕਥਿਤ ਤੌਰ ਤੇ ਡੈਪੂਟੇਸ਼ਨ ਤੇ ਗਏ ਆਪਣੇ ਆਗੂ ਸਾਥੀ ਦਾ ਹਾਊਸ ਵਿੱਚ ਮੌਜੂਦ ਅਕਾਲੀ ਕੌਂਸਲਰਾਂ ਨੂੰ ਮੋਹ ਜਾਗ ਪਿਆ । ਯਾਨੀ ਅਕਾਲੀ ਦਲ ਦੇ ਪੰਜ ਕੌਂਸਲਰ , ਕਾਗਰਸ ਦੁਆਰਾ ਪ੍ਰਧਾਨ ਵਜੋਂ ਪੇਸ਼ ਕੀਤੇ ਗੁਰਜੀਤ ਸਿੰਘ ਔਲਖ ਦੇ ਹੱਕ ਵਿੱਚ ਭੁਗਤ ਗਏ। ਇਸੇ ਤਰਾਂ ਕੁੱਝ ਅਜਾਦ ਕੌਂਸਲਰਾਂ ਨੇ ਵੀ ਗੁਰਜੀਤ ਸਿੰਘ ਔਲਖ ਨੂੰ ਸਮੱਰਥਨ ਦੇ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਕਾਂਗਰਸ ਦੀ ਕੌਸਲਰ ਦੀਪਿਕਾ ਸ਼ਰਮਾ ਸਮੇਤ 6 ਦੇ ਕਰੀਬ ਕੌਂਸਲਰਾਂ ਨੇ ਗੁਰਜੀਤ ਸਿੰਘ ਔਲਖ ਨੂੰ ਪ੍ਰਧਾਨ ਚੁਣਨ ਵਿੱਚ ਸਹਿਯੋਗ ਕੀਤਾ। ਹਾਊਸ ਵਿੱਚ ਬਣਿਆ ਕਾਂਗਰਸ ,ਅਕਾਲੀਆਂ ਅਤੇ ਕੁੱਝ ਅਜ਼ਾਦ ਕੌਂਸਲਰਾਂ ਦਾ ਗੱਠਜੋੜ , ਭਾਜਪਾ ਤੋਂ ਕਾਂਗਰਸ ਪਾਰਟੀ ਵਿੱਚ ਕਥਿਤ ਤੌਰ ਤੇ ਡੈਪੂਟੇਸ਼ਨ ਤੇ ਗਏ ਨਰਿੰਦਰ ਗਰਗ ਨੀਟਾ ਨੂੰ ਮੀਤ ਪ੍ਰਧਾਨ ਦੀ ਚੋਣ ਸਮੇਂ ਵੀ ਬਰਕਰਾਰ ਰਿਹਾ।
ਅਕਾਲੀ ਦਲ ਦਾ ਹਲਕਾ ਇੰਚਾਰਜ ਕੀਤੂ ਬੋਲਿਆ, ਕੌਂਸਲਰਾਂ ਨੂੰ ਪੁੱਛਣ ਲਈ ਅੱਜ ਬੁਲਾਇਆ
ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਅਕਾਲੀ ਕੌਂਸਲਰਾਂ ਵੱਲੋਂ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੀ ਚੋਣ ਸਮੇਂ ਕਾਂਗਰਸ ਉਮੀਦਵਾਰਾਂ ਕ੍ਰਮਾਨੁਸਾਰ ਗੁਰਜੀਤ ਸਿੰਘ ਔਲਖ ਅਤੇ ਨਰਿੰਦਰ ਗਰਗ ਨੀਟਾ ਦੇ ਹੱਕ ਵਿੱਚ ਭੁਗਤਣ ਬਾਰੇ ਪੁੱਛਣ ਤੇ ਜੁਆਬ ਦਿੱਤਾ ਕਿ ਅੱਜ ਅਕਾਲੀ ਕੌਂਸਲਰਾਂ ਨੂੰ ਇਸ ਸਬੰਧੀ ਉਨਾਂ ਦਾ ਪੱਖ ਜਾਣਨ ਲਈ ਬੁਲਾਇਆ ਗਿਆ ਹੈ। ਅਕਾਲੀ ਕੌਂਸਲਰਾਂ ਤੋਂ ਇਸ ਘਟਨਾਕ੍ਰਮ ਬਾਰੇ ਪੁੱਛਣ ਤੋਂ ਬਾਅਦ ਹੀ ਕੁਝ ਕਹਿਣਾ ਠੀਕ ਹੋਵੇਗਾ।