ਕੌਂਸਲਰਾਂ ਨੂੰ ਬੁਲਾਇਆ ਪਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ,,,,
ਨੈਗੇਟਿਵ ਖਬਰ ਨਾ ਲਾਉਣ ਲਈ ਢਿੱਲੋਂ ਦੇ ਪੀਏ ਅਤੇ ਪ੍ਰਧਾਨ ਗੁਰਜੀਤ ਰਾਮਣਵਾਸੀਆਂ ਨੇ ਕੱਢੀਆਂ ਮੀਡੀਆ ਦੀਆਂ ਲੇਲੜ੍ਹੀਆ
ਹਰਿੰਦਰ ਨਿੱਕਾ , ਬਰਨਾਲਾ 16 ਅਪ੍ਰੈਲ 2021
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਹ ਕਹਾਵਤ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ 15 ਅਪ੍ਰੈਲ ਨੂੰ ਭਾਰੀ ਹੰਗਾਮੇ ਤੋਂ ਬਾਅਦ ਹੋਈ ਚੋਣ ਤੇ ਪੂਰੀ ਢੁੱਕਦੀ ਹੈ। ਕਿਉਂਕਿ ਕਾਂਗਰਸ ਪਾਰਟੀ ਸਮੱਸ਼ਟ ਬਹੁਮਤ ਪ੍ਰਾਪਤ ਕਰਕੇ ਵੀ ਆਪਣੇ ਕਿਸੇ ਟਕਸਾਲੀ ਆਗੂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਨਹੀਂ ਬਣਾ ਸਕੀ। ਜਿਸ ਕਾਰਣ ਚੋਣ ਦੇ ਐਲਾਨ ਤੋਂ ਬਾਅਦ ਮੌਕੇ ਤੇ ਹੀ ਜਿੱਥੇ ਕਾਂਗਰਸੀ ਕੌਂਸਲਰਾਂ ਵਿੱਚ ਭਾਰੀ ਰੋਸ ਖੁੱਲ੍ਹ ਕੇ ਸਾਹਮਣੇ ਆ ਗਿਆ। ਉੱਥੇ ਹੀ ਸ਼ੋਸ਼ਲ ਮੀਡੀਆ ਤੇ ਵੀ ਕਾਂਗਰਸ ਪਾਰਟੀ ਦੀ ਖੂਬ ਖਿੱਲੀ ਉੱਡ ਰਹੀ ਹੈ। ਗੁਰਜੀਤ ਸਿੰਘ ਔਲਖ ਦੇ ਪ੍ਰਧਾਨ ਅਤੇ ਨਰਿੰਦਰ ਗਰਗ ਨੀਟਾ ਦੇ ਮੀਤ ਪ੍ਰਧਾਨ ਦੀ ਚੋਣ ਤੇ ਪਹਿਲੀ ਪ੍ਰਤੀਕਿਰਿਆ ਦੇ ਤੌਰ ਤੇ ਇੱਕ ਪੋਸਟ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਲਿਖਿਆ ਹੈ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਸ਼ਹਿਰ ਵਿੱਚ ਸਾਰੀਆਂ ਹੀ ਪਾਰਟੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ, ਅਕਾਲੀ ਇਸ ਕਰਕੇ ਖੁਸ਼ ਹਨ ਕਿ ਉਨਾਂ ਦੀ ਪਾਰਟੀ ਛੱਡ ਕੇ ਗਿਆ, ਗੁਰਜੀਤ ਸਿੰਘ ਔਲਖ, ਪ੍ਰਧਾਨ ਬਣ ਗਿਆ ਹੈ, ਭਾਜਪਾ ਵਾਲੇ ਵੀ ਖੁਸ਼ ਹਨ ਕਿ ਉਨਾਂ ਦੀ ਪਾਰਟੀ ਛੱਡ ਕੇ ਗਿਆ, ਕੌਂਸਲਰ ਨਰਿੰਦਰ ਨੀਟਾ ਮੀਤ ਪ੍ਰਧਾਨ ਬਣ ਗਿਆ, ਆਪ ਵਾਲੇ ਵੀ ਪਾਸੇ ਖੜ੍ਹ ਕੇ ਤਮਾਸ਼ਾ ਦੇਖ ਦੇਖ ਖੁਸ਼ ਹੋ ਰਹੇ ਹਨ। ਕਾਂਗਰਸ ਵਾਲੇ ਵੀ ਖੁਸ਼ ਹਨ ਕਿ ਉਨਾਂ ਦੀ ਮਰਜੀ ਤੋਂ ਬਿਨਾਂ ਪੱਤਾ ਨਹੀਂ ਹਿੱਲ ਰਿਹਾ।
ਕਿਸੇ ਨੇ ਨਹੀਂ ਕੀਤੀ ਧੜੱਲੇਦਾਰ ਕਾਂਗਰਸੀ ਆਗੂ ਢਿੱਲੋਂ ਦੀ ਪਰਵਾਹ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਦੋਂ ਤੋਂ ਜਿਲ੍ਹੇ ਵਿੱਚ ਕਾਂਗਰਸ ਪਾਰਟੀ ਦੀ ਕਮਾਨ ਸੰਭਾਲੀ ਹੈ, ਉਦੋਂ ਤੋਂ ਲੈ ਕੇ ਆਪਣੇ ਹੁਣ ਤੱਕ ਦੇ ਰਾਜਸੀ ਸਫਰ ਦੌਰਾਨ, ਉਹ ਜਿਲ੍ਹੇ ਦੀ ਵਕਾਰੀ ਨਗਰ ਕੌਂਸਲ ਤੇ ਕਦੇ ਵੀ ਕਾਂਗਰਸ ਪਾਰਟੀ ਦਾ ਕਬਜਾ ਨਹੀਂ ਕਰਵਾ ਸਕਿਆ। ਜਦੋਂ ਕਿ ਲਗਾਤਾਰ 2 ਵਾਰ ਢਿੱਲੋਂ ਨੂੰ ਵਿਧਾਇਕ ਬਣਨ ਦਾ ਮੌਕਾ ਵੀ ਮਿਲਿਆ ਹੈ। ਉਨਾਂ ਦੇ ਵਿਧਾਇਕ ਰਹਿੰਦਿਆਂ ਸਰਕਾਰ , ਅਕਾਲੀ-ਭਾਜਪਾ ਗਠਜੋੜ ਦੀ ਬਣਦੀ ਰਹੀ, ਜਿਸ ਕਾਰਣ, ਨਗਰ ਕੌਂਸਲ ਦੀ ਚੋਣ ਵਿੱਚ ਕਦੇ ਕਾਂਗਰਸ ਦੇ 2 ਅੰਕਾਂ ਤੇ ਗਿਣਨਯੋਗ ਐਮ.ਸੀ ਹੀ ਨਹੀਂ ਜਿੱਤੇ। ਜਦੋਂ ਹੁਣ ਕਾਂਗਰਸ ਦੀ ਮਜਬੂਤ ਸਰਕਾਰ ਬਣੀ, ਉਦੋਂ ਵੀ 3 ਸਾਲ ਤੱਕ ਕੌਂਸਲ ਦੀ ਸੱਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੰਜੀਵ ਸ਼ੋਰੀ ਅਤੇ ਭਾਜਪਾ ਆਗੂ ਮੀਤ ਪ੍ਰਧਾਨ ਰਘਵੀਰ ਪ੍ਰਕਾਸ਼ ਗਰਗ ਨੂੰ ਚੰਮ ਦੀਆਂ ਚਲਾਉਣ ਦਾ ਮੌਕਾ ਮਿਲਿਆ। ਹੁਣ ਜਦੋਂ ਚੋਣ ਹੋਈ ਤਾਂ ਕਾਂਗਰਸ ਨੂੰ ਆਪਣੇ ਬਲਬੂਤੇ ਹੀ ਸਪੱਸ਼ਟ ਬਹੁਮਤ ਮਿਲ ਗਿਆ। ਬਹੁਮਤ ਤੋਂ ਬਾਅਦ 3 ਅਜਾਦ ਕੌਂਸਲਰ ਵੀ, ਕਾਂਗਰਸ ਦੇ ਸਮਰਥਨ ਵਿੱਚ ਆ ਗਏ। ਯਾਨੀ ਕਾਂਗਰਸ ਨੂੰ 19 ਕੌਂਸਲਰਾਂ ਦਾ ਸਮਰਥਨ ਹਾਸਿਲ ਹੋ ਗਿਆ। ਫਿਰ ਵੀ ਕੇਵਲ ਸਿੰਘ ਢਿੱਲੋਂ ਦੀ ਕੌਂਸਲਰਾਂ ਤੇ ਢਿੱਲੀ ਪਕੜ ਦੇ ਕਾਰਣ , ਉਹ ਕਿਸੇ ਟਕਸਾਲੀ ਕਾਂਗਰਸੀ ਕੌਂਸਲਰ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਨਹੀਂ ਬਣਾ ਸਕੇ। ਜਿੰਨਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਇਆ ਗਿਆ, ਉਹ ਦੋਵੇਂ, ਕ੍ਰਮਾਨੁਸਾਰ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਇੱਥੇ ਹੀ ਬੱਸ ਨਹੀਂ, ਢਿੱਲੋਂ ਦੀ ਹਾਜ਼ਿਰੀ ਵਿੱਚ ਹੀ ਕਾਂਗਰਸ ਦੇ ਕੌਂਸਲਰ ਬਾਗੀ ਹੋ ਗਏ। ਢਿੱਲੋਂ ਦੇ ਬੁਲਾਉਣ ਦੇ ਬਾਵਜੂਦ ਵੀ ਗੁੱਸੇ ਵਿੱਚ ਭਰੇ ਪੀਤੇ ਕੌਂਸਲਰ, ਉਸ ਦੇ ਕੋਲ ਤੱਕ ਨਹੀਂ ਪਹੁੰਚੇ। ਸ਼ਰਮਿੰਦਗੀ ਦੀ ਹਾਲਤ ਵਿੱਚ ਹੀ ਉਨਾਂ ਨੂੰ ਆਪਣੀ ਗੱਡੀ ਵਿੱਚ ਬਿਨਾਂ ਮੀਡੀਆ ਨੂੰ ਸੰਬੋਧਨ ਕੀਤੇ ਜਾਣਾ ਪਿਆ। ਹਾਲਤ ਇੱਨੀਂ ਪਤਲੀ ਹੋ ਗਈ ਕਿ 20 ਕੌਂਸਲਰਾਂ ਦਾ ਦਾਅਵਾ ਕਰਨ ਵਾਲੇ ਢਿੱਲੋਂ ਦੀ ਕੋਠੀ ਵਿੱਚ ਚੋਣ ਉਪਰੰਤ ਅੱਧੀ ਦਰਜਨ ਕੌਂਸਲਰ ਵੀ ਨਹੀਂ ਪਹੁੰਚੇ। ਪ੍ਰਧਾਨ ਅਤੇ ਮੀਤ ਪ੍ਰਧਾਨ ਵੱਲੋਂ ਸ਼ਹਿਰ ਅੰਦਰ ਕੱਢੇ ਜਿੱਤ ਦੇ ਜਲੂਸ ਵਿੱਚ ਵੀ 4 ਤੋਂ ਵੱਧ ਕੌਂਸਲਰ ਵੀ ਸ਼ਾਮਿਲ ਨਹੀਂ ਹੋਏ। ਹੈਰਾਨੀ ਦੀ ਗੱਲ ਉਦੋਂ ਹੋਰ ਹੋ ਗਈ ਕਿ ਅੱਜ ਜਦੋਂ ਪਹਿਲੇ ਦਿਨ ਮੀਤ ਪ੍ਰਧਾਨ ਨੀਟਾ ਨੇ ਐਕਟਿੰਗ ਪ੍ਰਧਾਨ ਦੇ ਤੌਰ ਤੇ ਨਗਰ ਕੌਂਸਲ ਦਫਤਰ ਵਿੱਚ ਅਹੁਦੇ ਦਾ ਚਾਰਜ ਸੰਭਾਲਿਆ, ਉਦੋਂ ਵੀ ਕੋਈ, ਇੱਕ ਵੀ ਕਾਂਗਰਸੀ ਕੌਂਸਲਰ ਮੌਕੇ ਤੇ ਨਹੀਂ ਪਹੁੰਚਿਆ।
23 ਕੌਂਸਲਰ ਪਹੁੰਚੇ ਹਾਈਕੋਰਟ
ਨਗਰ ਕੌਂਸਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਚੋਣ ਤੋਂ ਦੂਜੇ ਹੀ ਦਿਨ 31 ਵਿੱਚੋਂ 23 ਕੌਂਸਲਰ ਹਾਈਕੋਰਟ ਵਿੱਚ ਰਿੱਟ ਦਾਇਰ ਕਰਨ ਪਹੁੰਚ ਗਏ। ਰਿੱਟ ਦਾਇਰ ਕਰਨ ਵਾਲਿਆਂ ਵਿੱਚੋਂ ਇੱਕ ਕੌਂਸਲਰ ਦੇ ਪਤੀ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਮੰਗਤ ਰਾਏ ਮੰਗਾ ਨੇ ਕਿਹਾ ਕਿ ਨਗਰ ਕੌਂਸਲ ਦੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਰਾਜਸੀ ਤੌਰ ਤੇ ਆਤਮਹੱਤਿਆ ਵਰਗਾ ਕਦਮ ਉਠਾਇਆ ਹੈ। ਉਨਾਂ ਕਿਹਾ ਕਿ ਕਾਂਗਰਸ ਨੂੰ ਆਪਣੇ ਪੁਰਾਣੇ ਵਫਾਦਾਰ ਕਾਂਗਰਸੀ ਕੌਂਸਲਰਾਂ ਵਿੱਚੋਂ ਇੱਕ ਵੀ ਕਾਂਗਰਸੀ ਕੌਂਸਲਰ ਤੇ ਭਰੋਸਾ ਨਹੀਂ ਰਿਹਾ, ਇਹ ਸਾਡੇ ਸਾਰੇ ਕਾਂਗਰਸੀਆਂ ਲਈ ਡੁੱਬ ਮਰਨ ਵਾਲੀ ਹਾਲਤ ਹੈ।
ਪ੍ਰਧਾਨ ਅਤੇ ਢਿੱਲੋਂ ਦੇ ਪੀਏ ਨੂੰ ਮੀਡੀਆ ਦੀਆਂ ਲੇਲੜੀਆਂ ਕੱਢਣੀਆਂ ਪਈਆਂ
ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਸਮੇਂ ਬੀਤੇ ਕੱਲ੍ਹ ਕਾਂਗਰਸ ਦੀ ਜਬਰਦਸਤ ਬਗਾਵਤ ਅਤੇ ਵਿਰੋਧ ਦੀਆਂ ਖਬਰਾਂ ਨੂੰ ਰੋਕਣ ਲਈ ਨਵੇਂ ਚੁਣੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਅਤੇ ਕੇਵਲ ਸਿੰਘ ਢਿੱਲੋਂ ਦੇ ਪੀ ਏ ਨੂੰ ਮੀਡੀਆ ਦੀਆਂ ਲੇਲੜੀਆਂ ਕੱਢਣੀਆਂ ਪਈਆਂ ਕਿ ਨੈਗੇਟਿਵ ਕਵਰੇਜ਼ ਨਾ ਕੀਤੀ ਜਾਵੇ। ਸੂਤਰਾਂ ਅਨੁਸਾਰ ਮੀਡੀਆ ‘ਚ ਨੈਗੇਟਿਵ ਕਵਰੇਜ ਰੋਕਣ ਤੇ ਕਰੀਬ 14 ਲੱਖ ਰੁਪਏ ਖਰਚ ਕੀਤਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਕੁਝ ਪੱਤਰਕਾਰ, ਜਿਨਾਂ ਨੂੰ ਮੋਟੇ ਇਸ਼ਤਿਹਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਵਾਅਦਾ ਕਰਨ ਵਾਲਿਆਂ ਨੂੰ ਦਿਨ ਭਰ ਭਾਲਦੇ ਰਹੇ। ਪਰੰਤੂ ਰਾਤ ਵਾਲੇ ਵਪਾਰੀ, ਲੱਦ ਗਏ।