ਭਾਜਪਾ ‘ਚੋਂ ਕੱਢੇ ਹੋਏ ਨਰਿੰਦਰ ਗਰਗ ਨੀਟਾ ਨੇ ਕੀਤਾ ਪਾਰਟੀ ਛੱਡਣ ਦਾ ਡਰਾਮਾ- ਗੁਪਤਾ
ਹਰਿੰਦਰ ਨਿੱਕਾ, ਬਰਨਾਲਾ 16 ਅਪ੍ਰੈਲ 2021
ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਦਾ ਨਵਾਂ ਚੁਣਿਆ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਆਪਣੇ ਹੋਰ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਡਰਾਮਾ ਕਰਕੇ, ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਜਦੋਂ ਕਿ ਸਚਾਈ ਇਹ ਹੈ ਕਿ ਨਰਿੰਦਰ ਗਰਗ ਨੀਟਾ ਅਤੇ ਉਸਦੇ ਪਿਤਾ ਰਘਵੀਰ ਪ੍ਰਕਾਸ਼ ਗਰਗ ਦੋਵਾਂ ਨੂੰ ਹੀ ਪਾਰਟੀ ਨੇ ਅਨੁਸ਼ਾਸ਼ਨੀ ਕਾਰਵਾਈ ਕਰਦੇ ਹੋਏ ਮੁੱਢਲੀ ਮੈਂਬਰਸ਼ਿਪ ਤੋਂ ਉਸੇ ਦਿਨ ਹੀ 6 ਸਾਲ ਲਈ ਖਾਰਜ ਕਰ ਦਿੱਤਾ ਸੀ। ਜਦੋਂ ਉਨ੍ਹਾਂ ਨੇ ਪਾਰਟੀ ਤੋਂ ਵੱਖ ਹੋ ਕੇ ਆਜਾਦ ਤੌਰ ਤੇ ਚੋਣ ਲੜੀ ਸੀ। ਗੁਪਤਾ ਨੇ ਕਿਹਾ ਕਿ ਜਦੋਂ ਉਹ ਦੋਵੇਂ ਪਿਉ-ਪੁੱਤਰ ਪਾਰਟੀ ਵਿਚ ਹੈ ਹੀ ਨਹੀਂ ਸੀ ਤਾਂ ਭਾਜਪਾ ਛੱਡ ਕੇ ਕਾਂਗਰਸ ਵਿਚ ਜਾਣ ਵਾਲੀ ਗੱਲ ਕਹਿ ਕੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਲੋਕਾਂ ਨੂੰ ਐਂਵੇ ਗੁੰਮਰਾਹ ਕਰ ਰਿਹਾ ਹੈ। ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਨੁਸ਼ਾਸਨਿਕ ਪਾਰਟੀ ਹੈ, ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਦੀ ਇਸ ਵਿਚ ਕੋਈ ਜਗ੍ਹਾ ਹੀ ਨਹੀਂ ਹੈ । ਗੁਪਤਾ ਨੇ ਕੇਵਲ ਸਿੰਘ ਢਿੱਲੋਂ ਦੀ ਚੰਡੀਗੜ੍ਹ ਕੋਠੀ ਵਿੱਚ 13 ਅਪ੍ਰੈਲ ਨੂੰ ਪਾਰਟੀ ਛੱਡ ਕੇ ਨੀਟਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਕਾਰਵਾਈ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਨਰਿੰਦਰ ਗਰਗ ਨੀਟਾ ਦਾ ਡਰਾਮਾ ਕਰਾਰ ਦਿੱਤਾ।