ਅਸਪਾਲ ਖੁਰਦ ’ਚ ਨਰੇਗਾ ਅਧੀਨ ਜੌਬ ਕਾਰਡਾਂ ਦੇ ਮਾਮਲੇ ਦੀ 6 ਮਈ ਤੱਕ ਮੰਗੀ ਜਾਂਚ ਰਿਪੋਰਟ
ਐਸ.ਸੀ. ਭਾਈਚਾਰੇ ਨੂੰ ਹੱਕਾਂ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ: ਰਾਜ ਕੁਮਾਰ ਹੰਸ
ਹਰਿੰਦਰ ਨਿੱਕਾ , ਬਰਨਾਲਾ, 16 ਅਪਰੈਲ 2021
ਪਿੰਡ ਅਸਪਾਲ ਕਲਾਂ ਦੇ ਵਿਅਕਤੀਆਂ ਵੱਲੋਂ ਅਸਪਾਲ ਖੁਰਦ ਵਿਖੇ ਕਥਿਤ ਤੌਰ ’ਤੇ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ ਐਸਸੀ ਸ਼੍ਰੇਣੀ ਜ਼ਾਹਰ ਕਰ ਕੇ ਕਥਿਤ ਜਾਅਲੀ ਜੌਬ ਕਾਰਡ ਬਣਾਉਣ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕਰਨ ’ਤੇ ਅੱਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਸ਼ਿਕਾਇਤ ਦੀ ਪੜਤਾਲ ਲਈ ਪਿੰਡ ਅਸਪਾਲ ਕਲਾਂ ਦੀ ਧਰਮਸ਼ਾਲਾ ਵਿਖੇ ਪੁੱਜੇ।
ਇਸ ਮੌਕੇ ਪਿੰਡ ਅਸਪਾਲ ਕਲਾਂ ਦੇ ਵਾਸੀਆਂ ਨੇ ਸ਼ਿਕਾਇਤ ਕਰਦੇ ਹੋਏ ਪਿੰਡ ਅਸਪਾਲ ਖੁਰਦ ਦੇ ਗ੍ਰਾਮ ਪੰਚਾਇਤ ਦੇ ਕੁਝ ਵਿਅਕਤੀਆਂ ’ਤੇ ਦੋਸ਼ ਲਾਇਆ ਕਿ ਨਰੇਗਾ ਅਧੀਨ ਜਨਰਲ ਸ਼ੇ੍ਰਣੀ ਦੇ ਜਾਅਲੀ ਜੌਬ ਕਾਰਡ ਬਣਾ ਕੇ ਗ੍ਰਾਂਟ ਵਿਚ ਕਥਿਤ ਹੇਰਾਫੇਰੀ ਕੀਤੀ ਗਈ। ਉਨਾਂ ਦੋਸ਼ ਲਾਇਆ ਕਿ ਨਰੇਗਾ ਸਕੀਮ ਵਿਚੋਂ 45 ਵਿਅਕਤੀਆਂ ਵਿਚੋਂ ਲਗਭਗ 32 ਵਿਅਕਤੀ ਜਨਰਲ ਸ਼੍ਰੇਣੀ ਦੇ ਸਨ। ਇਸ ਨਾਲ ਪਿੰਡ ਅਸਪਾਲ ਖੁਰਦ ਦੇ ਐਸਸੀ ਸ਼੍ਰੇਣੀ ਦੇ ਵਿਅਕਤੀਆਂ ਨੂੰ ਰੋਜ਼ਗਾਰ ਤੋਂ ਵਾਂਝਾ ਕਰ ਦਿੱਤਾ ਗਿਆ।
ਇਸ ਸਬੰਧੀ ਕਮਿਸ਼ਨ ਮੈਂਬਰ ਰਾਜ ਕੁਮਾਰ ਵੱਲੋਂ ਸਬੰਧਤ ਧਿਰਾਂ ਦਾ ਪੱਖ ਸੁਣਿਆ ਗਿਆ ਅਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਬਰਨਾਲਾ ਅਤੇ ਡੀਐਸਪੀ ਬਰਨਾਲਾ ਨੂੰ ਮਾਮਲੇ ਦੀ ਪੜਤਾਲੀਆ ਰਿਪੋਰਟ 6 ਮਈ ਤੱਕ ਚੰਡੀਗੜ ਵਿਖੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ। ਉਨਾਂ ਆਖਿਆ ਕਿ ਮਾਮਲੇ ਦੀ ਡੂੰਘਾਈ ਵਿਚ ਪੜਤਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਐਸਸੀ ਕਮਿਸ਼ਨਰ, ਐਸਸੀ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ ਤੇ ਭਾਈਚਾਰੇ ਨੂੰ ਹੱਕਾਂ ਤੋਂ ਵਾਂਝੇ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਵਿਧਾਇਕ ਪਿਰਮਲ ਸਿੰਘ, ਬੀਡੀਪੀਓ ਪ੍ਰਵੇਸ਼, ਤਹਿਸੀਲ ਭਲਾਈ ਅਫਸਰ ਮੈਡਮ ਸੁਨੀਤਾ, ਪੁਲੀਸ ਅਧਿਕਾਰੀਆਂ ਅਤੇ ਪਿੰਡ ਅਸਪਾਲ ਕਲਾਂ ਤੇ ਅਸਪਾਲ ਖੁਰਦ ਦੇ ਨੁਮਾਇੰਦੇ ਹਾਜ਼ਰ ਸਨ।