ਰਜਨੀਸ਼ ਆਲੂ ਨੂੰ ਮੀਤ ਪ੍ਰਧਾਨ ਦੇ ਅਹੁਦੇ ਤੇ ਹੀ ਕਰਨਾ ਪਿਆ ਸਬਰ
ਹਰਿੰਦਰ ਨਿੱਕਾ , ਬਰਨਾਲਾ 16 ਅਪ੍ਰੈਲ 2021
ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਲਈ ਅੱਜ ਹੋਈ ਚੋਣ ਵਿੱਚ ਕਾਂਗਰਸੀ ਕੌਂਸਲਰ ਰਣਜੀਤ ਕੌਰ ਸੋਢੀ ਨੂੰ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨਗੀ ਅਹੁਦੇ ਦੇ ਸਭ ਤੋਂ ਮਜਬੂਤ ਦਾਵੇਦਾਰ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਕਰੀਬੀਆਂ ਵਿੱਚ ਸ਼ੁਮਾਰ ਕੌਸਲਰ ਰਜਨੀਸ਼ ਕੁਮਾਰ ਆਲੂ ਨੂੰ ਮੀਤ ਪ੍ਰਧਾਨ ਦੇ ਅਹੁਦੇ ਤੇ ਹੀ ਸਬਰ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੌਸਲਰ ਰਣਜੀਤ ਕੌਰ ਸੋਢੀ ਦਾ ਨਾਮ ਉਨਾਂ ਦੀ ਕੌਂਸਲਰ ਨੂੰਹ ਜਸਪਾਲ ਕੌਰ ਨੇ ਪੇਸ਼ ਕੀਤਾ। ਜਿਸ ਦੀ ਤਾਈਦ ਕੌਂਸਲਰ ਕਾਂਤਾ ਰਾਣੀ ਨੇ ਕੀਤੀ । ਇਸ ਤਰਾਂ ਹਾਊਸ ਨੇ ਰਣਜੀਤ ਕੌਰ ਸੋਢੀ ਨੂੰ ਪ੍ਰਧਾਨ ਚੁਣ ਲਿਆ। ਇਸੇ ਤਰਾਂ ਕਾਂਗਰਸੀ ਆਗੂ ਰਜਨੀਸ਼ ਆਲੂ ਦਾ ਨਾਮ ਕੌਂਸਲਰ ਸੁਖਵਿੰਦਰ ਸਿੰਘ ਨੇ ਮੀਤ ਪ੍ਰਧਾਨ ਵਜੋਂ ਪੇਸ਼ ਕੀਤਾ ਅਤੇ ਇਸ ਦੀ ਤਾਈਦ ਕੌਂਸਲਰ ਕੇਵਲ ਸਿੰਘ ਨੇ ਕੀਤੀ। ਹਾਊਸ ਨੇ ਰਜਨੀਸ਼ ਆਲੂ ਨੂੰ ਮੀਤ ਪ੍ਰਧਾਨ ਚੁਣ ਲਿਆ।
ਪ੍ਰਧਾਨ ਰਣਜੀਤ ਕੌਰ ਸੋਢੀ ਅਤੇ ਮੀਤ ਪ੍ਰਧਾਨ ਰਜਨੀਸ਼ ਆਲੂ ਨੇ ਚੋਣ ਲਈ ਹਾਊਸ ਦੇ ਮੈਂਬਰਾਂ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਚੋਣ ਲਈ ਨਿਯੁਕਤ ਆਬਜਰਬਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦਾ ਧੰਨਵਾਦ ਕੀਤਾ। ਨਵੇਂ ਚੁਣੇ ਦੋਵੇਂ ਅਹੁਦੇਦਾਰਾਂ ਦਾ ਉਨਾਂ ਦੇ ਸਮਰੱਥਕਾਂ ਨੇ ਹਾਰ ਪਾ ਕੇ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਰਣਜੀਤ ਕੌਰ ਸੋਢੀ ਨੇ ਕਿਹਾ ਕਿ ਉਹ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਅਸ਼ੀਰਵਾਦ ਨਾਲ ਸ਼ਹਿਰ ਦੀ ਨੁਹਾਰ ਬਦਲਣ ਲਈ ਸਿਰਤੌੜ ਯਤਨ ਕਰਨਗੇ।
ਸ਼ਾਂਤੀਪੂਰਨ ਢੰਗ ਨਾਲ ਚੋਣ ਸੰਪੰਨ ਹੋਣ ਤੋਂ ਬਾਅਦ ਕਾਂਗਰਸ ਦੇ ਚੋਣ ਲਈ ਨਿਯੁਕਤ ਆਬਜਰਬਰ ਮੱਖਣ ਸ਼ਰਮਾ ਨੇ ਦੱਸਿਆ ਕਿ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੋਣ ਤੋਂ ਪਹਿਲਾਂ ਕੌਂਸਲਰਾਂ ਨਾਲ ਮੀਟਿੰਗ ਕਰਕੇ, ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਰਾਇ ਲਈ ਗਈ। ਕੌਂਸਲਰਾਂ ਦੀ ਰਾਇ ਤੋਂ ਬਾਅਦ ਹੀ ਪ੍ਰਧਾਨ ਦੇ ਤੌਰ ਤੇ ਰਣਜੀਤ ਕੌਰ ਸੋਢੀ ਅਤੇ ਮੀਤ ਪ੍ਰਧਾਨ ਲਈ ਰਜਨੀਸ਼ ਕੁਮਾਰ ਆਲੂ ਦੇ ਨਾਮ ਤੇ ਸਹਿਮਤੀ ਬਣੀ। ਸ਼ਰਮਾ ਨੇ ਸਾਰੇ ਕੌਂਸਲਰਾਂ ਦਾ ਸ਼ਾਂਤੀ ਪੂਰਣ ਢੰਗ ਨਾਲ ਚੋਣ ਨੇਪਰੇ ਚੜਨ ਲਈ ਸ਼ੁਕਰੀਆ ਕੀਤਾ। ਇਸ ਮੌਕੇ ਪ੍ਰਧਾਨ ਰਣਜੀਤ ਕੌਰ ਸੋਢੀ ਦੇ ਪੁੱਤਰ ਅਤੇ ਸੀਨੀਅਰ ਯੂਥ ਕਾਂਗਰਸੀ ਆਗੂ ਹਰਦੀਪ ਸਿੰਘ ਸੋਢੀ ਨੇ ਕਿਹਾ ਕਿ ਸਾਡੇ ਸੋਢੀ ਪਰਿਵਾਰ ਨੂੰ ਸ਼ਹਿਰ ਦੀ ਪ੍ਰਧਾਨਗੀ ਦਾ ਮਾਣ ਦੇਣ ਲਈ, ਅਸੀਂ ਸਰਦਾਰ ਕੇਵਲ ਸਿੰਘ ਢਿੱਲੋਂ ,ਸਮੂਹ ਕੌਂਸਲਰਾਂ ਦਾ ਅਤੇ ਆਬਜਰਬਰ ਮੱਖਣ ਸ਼ਰਮਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਸਾਡੇ ਪਰਿਵਾਰ ਦੇ 2 ਮੈਂਬਰਾਂ ਨੂੰ ਕੌਸਲਰ ਬਣਾ ਕੇ ਪਹਿਲਾਂ ਹੀ ਬਹੁਤ ਮਾਣ ਦਿੱਤਾ। ਜਿਸ ਦਾ ਕਰਜ਼ ਸਾਡਾ ਪਰਿਵਾਰ ਸ਼ਹਿਰ ਵਾਸੀਆਂ ਦੀ ਦਿਨ ਰਾਤ ਸੇਵਾ ਕਰਕੇ ਅਤੇ ਸ਼ਹਿਰ ਦਾ ਵਿਕਾਸ ਕਰਕੇ ਉਤਾਰਨ ਦੀ ਕੋਸ਼ਿਸ਼ ਕਰੇਗਾ।