ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਮਨਚਲਿਆਂ ਖਿਲਾਫ ਇਸੇ ਤਰਾਂ ਜਾਰੀ ਰੱਖਾਂਗੇ ਮੁਹਿੰਮ
ਪਰਦੀਪ ਕਸਬਾ, ਬਰਨਾਲਾ 16 ਅਪ੍ਰੈਲ 2021
ਬੁਲੇਟ ਮੋਟਰਸਾਈਕਲ ਦੇ ਪਟਾਖੇ ਪਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਮਨਚਲਿਆਂ ਦੇ ਬੁਲੇਟ ਮੋਟਰਸਾਈਕਲਾਂ ਤੋਂ ਸਲੰਸਰ ਲੁਹਾ ਕੇ ਐਸ.ਐਸ.ਪੀ. ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਲੰਸਰ ਨੂੰ ਕਦੇ ਹਥੌੜੇ, ਕਦੇ ਰੋਡ ਰੂਲਰ ਅਤੇ ਕਦੇ ਬਿਜਲੀ ਕਟਰ ਨਾਲ ਚਕਨਾਚੂਰ ਕਰਵਾਇਆ ਜਾ ਰਿਹਾ ਹੈ | ਜਿਸ ਦੇ ਚਲਦਿਆਂ ਸ਼ੁਕਰਵਾਰ ਨੂੰ ਫਿਰ ਤੋਂ ਐਸ.ਐਸ.ਪੀ. ਸੰਦੀਪ ਗੋਇਲ ਦੇ ਹੁਕਮਾਂ ‘ਤੇ ਉਨ੍ਹਾਂ ਦੇ ਰੀਡਰ ਅੰਮਿ੍ਤਪਾਲ ਸਿੰਘ ਅਤੇ ਪੀਸੀਆਰ ਇੰਚਾਰਜ ਗੁਰਮੇਲ ਸਿੰਘ ਨੇ 100 ਸਲੰਸਰਾਂ ਨੂੰ ਕਚਹਿਰੀ ਚੌਂਕ ਵਿਚ ਚਿਣਵਾ ਕੇ ਪੰਜ ਹਥੌੜਿਆਂ ਦੀ ਮੱਦਦ ਨਾਲ ਫਿਰ ਤੋਂ ਚਕਨਾਚੂਰ ਕਰਵਾਇਆ। ਵਰਣਨਯੋਗ ਹੈ ਕਿ ਐਸ.ਐਸ.ਪੀ. ਸੰਦੀਪ ਗੋਇਲ ਦੇ ਕੰਨਾਂ ਵਿਚ ਜਦੋਂ ਬੁਲੇਟ ਦੇ ਪਟਾਖੇ ਪਾਉਣ ਵਾਲੇ ਮਨਚਲਿਆਂ ਦੀ ਅਵਾਜ਼ ਪਈ ਸੀ, ਤਾਂ ਉਦੋਂ ਤੋਂ ਹੀ ਉਨ੍ਹਾਂ ਨੇ ਬੁਲੇਟ ਮੋਟਰਸਾਈਕਲ ਦੇ ਸਲੰਸਰ ਉਤਰਵਾਕੇ ਚਕਨਾਚੂਰ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ । ਇਸ ਮੁਹਿੰਮ ਤਹਿਤ ਸਲੰਸਰਾਂ ਨੂੰ ਚਕਨਾਚੂਰ ਕਰਨ ਦੀਆਂ ਵੀਡਿਓ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਐਸ.ਐਸ.ਪੀ. ਸੰਦੀਪ ਗੋਇਲ ਦੇ ਇਸ ਅਨੌਖੇ ਕਾਰਜ਼ਸ਼ੈਲੀ ਦੀ ਲੋਕ ਪ੍ਰਸ਼ੰਸਾ ਵੀ ਕਰ ਰਹੇ ਹਨ ।
ਐਸ.ਐਸ.ਪੀ. ਸੰਦੀਪ ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੁਲੇਟ ਮੋਟਰਸਾਈਕਲ ਦੇ ਪਟਾਖੇ ਪਾਉਣ ਵਾਲਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਹੁਣ ਤੱਕ 300 ਦੇ ਕਰੀਬ ਸਲੰਸਰਾਂ ਨੂੰ ਚਕਨਾਚੂਰ ਕਰਵਾਇਆ ਜਾ ਚੁੱਕਾ ਹੈ । ਉਨ੍ਹਾਂ ਕਿਹਾ ਕਿ ਕਚਹਿਰੀ ਚੌਂਕ ਬਰਨਾਲਾ ਵਿਚ ਸ਼ੁਕਰਵਾਰ ਨੂੰ ਹਥੌੜੇ ਦੀ ਮੱਦਦ ਨਾਲ 100 ਸਲੰਸਰਾਂ ਨੂੰ ਚਕਨਾਚੂਰ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਬੁਲੇਟ ਮੋਟਰਸਾਈਕਲ ਦੇ ਪਟਾਖੇ ਪਾਉਣ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਰਹੇਗੀ ।