ਡੀ.ਟੀ.ਐੱਫ ਅਤੇ ਡੀ.ਐੱਮ.ਐੱਫ ਦੇ ਕਾਫ਼ਲੇ 10 ਅਪ੍ਰੈਲ ਨੂੰ ਟਿੱਕਰੀ ਬਾਰਡਰ ਵੱਲ ਰਵਾਨਾ ਹੋਣਗੇ-ਸੁਖਪੁਰ,ਟੱਲੇਵਾਲ
ਹਰਿੰਦਰ ਨਿੱਕਾ , ਬਰਨਾਲਾ 8 ਅਪ੍ਰੈਲ 2021
ਸੰਯੁਕਤ ਕਿਸਨ ਮੋਰਚੇ ਦੀ ਅਗਵਾਈ ਹੇਠ ਤਿੰਨੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲੀ ਵਾਲਾ ਆਰਡੀਨੈਂਸ ਵਾਪਸ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਮੁਲਕ ਭਰ ਦੇ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ (ਸਿੰਘੂ, ਟਿੱਕਰੀ,ਗਾਜੀਪੁਰ) ਬਾਰਡਰਾਂ ਉੱਪਰ 26 ਨਵੰਬਰ ਤੋਂ ਡਟੇ ਬੈਠੇ ਹਨ। ਪਰੰਤੂ ਭਾਜਪਾ ਦੀ ਅਗਵਾਈ ਵਾਲੀ ਮੁਲਕ ਦੀ ਮੋਦੀ-ਸ਼ਾਹ ਦੀ ਹਕੂਮਤ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਥਾਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚਣ ਵਿੱਚ ਮਸ਼ਰੂਫ ਹੈ। ਹਰ ਆਏ ਦਿਨ ਕੋਈ ਨਾਂ ਕੋਈ ਨਵੀਂ ਕਿਸਮ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਸਭ ਕੁੱਝ ਦੇ ਬਾਵਜੂਦ ਕਿਸਾਨ / ਲੋਕ ਸੰਘਰਸ਼ ਵਿਸ਼ਾਲ ਹਿੱਸਿਆਂ ਦੀ ਹਮਾਇਤ ਹਾਸਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ।
ਅਧਿਆਪਕ ਜਥੇਬੰਦੀ ਡੀ.ਟੀ.ਐਫ ਅਤੇ ਸਮੂਹ ਮੁਲਾਜਮਾਂ ਦੀ ਪ੍ਰਤੀਨਿਧ ਜਥੇਬੰਦੀ ਡੀ.ਐੱਮ.ਐੱਫ ਜਥੇਬੰਦੀਆਂ ਦੇ ਆਗੂਆਂ ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਜਗਰਾਜ ਟੱਲੇਵਾਲ, ਖੁਸ਼ਮੰਦਰਪਾਲ ਅਤੇ ਮਹਿਮਾ ਸਿੰਘ ਨੇ ਸਾਂਝੀ ਮੀਟਿੰਗ ਉਪਰੰਤ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀਆਂ ਦੋਵੇਂ ਜਥੇਬੰਦੀਆਂ ਕਿਸਾਨ/ਲੋਕ ਸੰਘਰਸ਼ ਦੀ ਲਗਾਤਾਰ ਹਮਾਇਤ ਕਰ ਰਹੀਆਂ ਹਨ।ਉਹ ਭਾਵੇਂ ਫੰਡ ਪੱਖੋਂ ਸਹਿਯੋਗ ਦੇ ਰੂਪ’ਚ ਹੋਵੇ ਭਾਵੇਂ ਸ਼ਮੂਲੀਅਤ ਪੱਖੋਂ ਹੋਵੇ। ਹੁਣ ਜਦ ਅਪ੍ਰੈਲ ਮਹੀਨਾ ਕਣਕ ਦੀ ਵਾਢੀ ਦਾ ਮਹੀਨਾ ਹੈ ਤਾਂ ਲਾਜਮੀ ਹੈ ਕਿ ਹਾੜ੍ਹੀ ਦੀ ਫਸਲ ਸਾਂਭਣ ਲਈ ਕੁੱਝ ਕਿਸਾਨਾਂ ਨੂੰ ਵਾਪਸ ਆਉਣਾ ਪਵੇਗਾ। ਇਸ ਸਮੇਂ ਦੌਰਾਨ 10 ਅਪ੍ਰੈਲ ਤੋਂ 10 ਮਈ ਤੱਕ ਦੋਵੇਂ ਜਥੇਬੰਦੀਆਂ ਦੇ ਸੈਂਕੜੇ ਵਰਕਰ ਦੋਵੇਂ ਬਾਰਡਰਾਂ ਤੇ ਮੌਜੂਦ ਰਹਿਣਗੇ। ਇਸ ਵਿੱਚ ਅਧਿਆਪਕ ਔਰਤਾਂ ਵੀ ਭਾਗ ਲੈਣਗੀਆਂ।
ਬਰਨਾਲਾ ਜਿਲ੍ਹੇ ਦਾ ਕਾਫਲਾ 11 ਅਪ੍ਰੈਲ ਨੂੰ ਸਵੇਰ 5 ਵਜੇ ਆਪੋ -ਆਪਣੇ ਸਾਧਨਾਂ ਰਾਹੀਂ ਰਵਾਨਾ ਹੋਵੇਗਾ ਅਤੇ ਲਗਤਾਰ ਪੰਜ ਦਿਨ 14 ਅਪ੍ਰੈਲ ਦੇਰ ਰਾਤ ਤੱਕ ਦਿੱਲੀ ਦੇ ਸੰਘਰਸ਼ੀ ਮੋਰਚੇ ਤੇ ਰਹੇਗਾ। ਆਗੂਆਂ ਨੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਜੋਰਦਾਰ ਅਪੀਲ ਕੀਤੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਵਿੰਦਰ ਸਿੰਘ, ਸਤਪਾਲ ਤਪਾ,ਦਰਸ਼ਨ ਬਦਰਾ, ਗੁਰਮੇਲ ਭੁਟਾਲ, ਸੁਖਦੀਪ ਤਪਾ,ਅੰਮ੍ਰਿਤਪਾਲ ਕੋਟਦੁੱਨਾ,ਗੁਰਜੰਟ ਸਿੰਘ,ਮਾਲਵਿੰਦਰ ਬਰਨਾਲਾ, ਰਘਬੀਰ ਚੰਦ ਆਦਿ ਹਾਜਰ ਸਨ।