ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ , ਬਰਨਾਲਾ ਜ੍ਹਿਲੇ ਨੂੰ ਪ੍ਰਦੇਸ਼ ‘ਚੋਂ ਅਤੇ ਬਰਨਾਲਾ ਸ਼ਹਿਰ ਨੂੰ ਜਿਲ੍ਹੇ ਵਿੱਚੋਂ ਨੰਬਰ 1 ਬਣਾਉਣਾ ਮੇਰਾ ਟੀਚਾ
ਹਰਿੰਦਰ ਨਿੱਕਾ, ਬਰਨਾਲਾ 7 ਅਪ੍ਰੈਲ 2021
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੱਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਸ਼ਹਿਰ ਦੇ ਚੌਗਿਰਦੇ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਨ ਅਤੇ ਨੌਜਵਾਨਾਂ ਅੰਦਰਲੀ ਪ੍ਰਤਿਭਾ ਨਿਖਾਰਣ ਲਈ ਨਿਵੇਕਲੀ ਪਹਿਲ ਕਰਦਿਆਂ ਆਈ ਲਵ ਬਰਨਾਲਾ ਸੈਲਫੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਨੌਜਵਾਨਾਂ ਨੇ ਬਹੁਤ ਹੀ ਉਤਸਾਹ ਨਾਲ ਹਿੱਸਾ ਲਿਆ। ਸਰਦਾਰ ਢਿੱਲੋਂ ਨੇ ਪਹਿਲਾਂ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਣਾਉਦੇਂ ਹੋਏ ਮੁਕਾਬਲੇ ਦੇ 10 ਜੇਤੂਆਂ ਨੂੰ ਸਮਾਰਟ ਫੋਨ ਦੇ ਕੇ ਸਨਮਾਨਿਤ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਚਿਹਰਿਆਂ ਤੋਂ ਮੁਕਾਬਲਾ ਜਿੱਤਣ ਦੀ ਖੁਸ਼ੀ ਸਾਫ ਝਲਕ ਰਹੀ ਸੀ। ਇਸ ਮੌਕੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸ਼ੋਸ਼ਲ ਮੀਡੀਏ ਦਾ ਯੁੱਗ ਹੈ, ਹਿਸ ਲਈ ਅਧੁਨਿਕ ਯੁੱਗ ਦੇ ਸਭ ਤੋਂ ਵਧੇਰੇ ਕਾਰਗਰ ਤੇ ਲੋਕਾਂ ਦੀ ਸੌਖਿਆਂ ਪਹੁੰਚ ਰੱਖਣ ਵਾਲੇ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਸ਼ਹਿਰ ਦੀ ਖੂਬਸੂਰਤੀ ਕਾਇਮ ਰੱਖਣ ਅਤੇ ਆਪਣੇ ਸ਼ਹਿਰ ਨਾਲ ਪਿਆਰ ਪੈਦਾ ਕਰਨ ਲਈ ਹੀ ਸ਼ਹਿਰ ਦੇ ਧੁਰੇ ਦੋ ਤੌਰ ਤੇ ਪਹਿਚਾਣ ਰੱਖਣ ਵਾਲੇ ਸਦਰ ਬਜ਼ਾਰ ਦੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੁੱਤ ਕੋਲ ਆਈ ਲਵ ਬਰਨਾਲਾ ਸੈਲਫੀ ਪੁਆਇੰਟ ਬਣਾਇਆ ਗਿਆ ਸੀ। ਜਿਸ ਦੇ ਕਾਫੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸੈਲਫੀ ਪੁਆਇੰਟ ਤੇ ਸੈਲਫੀ ਲੈ ਕੇ ਸ਼ਹਿਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਸ਼ੋਸ਼ਲ ਮੀਡੀਆ ਤੇ ਕੀਤਾ। ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਸ਼ਹਿਰ ਨੂੰ ਹੋਰ ਖੂਬਸੂਰਤ ਦਿੱਖ ਪ੍ਰਦਾਨ ਕਰਨ ਲਈ ਆਪਣੇ ਬੜੇ ਕੀਮਤੀ ਵਿਚਾਰ ਵੀ ਲਿਖ ਕੇ ਭੇਜੇ ਹਨ। ਜਿੰਨਾਂ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਮਲ ਕੀਤਾ ਜਾਵੇਗਾ।
ਢਿੱਲੋਂ ਨੇ ਕਿਹਾ ਕਿ ਸਾਡਾ ਮਿਸ਼ਨ ਜਿਲ੍ਹੇ ਦਾ ਅਤੇ ਖਾਸ ਕਰ ਬਰਨਾਲਾ ਸ਼ਹਿਰ ਦਾ ਚੌਮੁਖੀ ਵਿਕਾਸ ਕਰਕੇ,ਸ਼ਹਿਰ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਕੇ ਜਿਲ੍ਹੇ ਨੂੰ ਪ੍ਰਦੇਸ਼ ਦਾ ਨੰਬਰ 1 ਜਿਲ੍ਹਾ ਬਣਾਉਣਾ ਅਤੇ ਬਰਨਾਲਾ ਸ਼ਹਿਰ ਨੂੰ ਜਿਲ੍ਹੇ ਦਾ ਨੰਬਰ 1 ਸ਼ਹਿਰ ਬਣਾਉਣ ਦਾ ਹੈ। ਜਿਸ ਨੂੰ ਪੂਰਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਰਨਾਲਾ ਜਿਲ੍ਹੇ ਨੂੰ ਨੰਬਰ 1 ਬਣਾਉਣ ਲਈ ਵਿਕਾਸ ਫੰਡਾਂ ਦੀ ਕੋਈ ਘਾਟ ਨਹੀਂ ਛੱਡ ਰਹੀ। ਉਨਾਂ ਕਿਹਾ ਕਿ ਹੁਣ ਅਸੀਂ ਸ਼ਹਿਰ ਵਿੱਚ ਪਲਾਂਟੇਸ਼ਨ ਕਰਨ ਤੇ ਜ਼ੋਰ ਦੇ ਰਹੇ ਹਾਂ। ਤਾਂ ਕਿ ਸ਼ਹਿਰ ਦੀ ਖੂਬਸੂਰਤੀ ਦੇ ਨਾਲ ਨਾਲ ਸ਼ਹਿਰ ਦਾ ਚੰਗਾ ਵਾਤਾਵਰਣ ਵੀ ਚੰਗਾ ਬਣਾਇਆ ਜਾ ਸਕੇ।
ਪ੍ਰਧਾਨਗੀ ਦਾ ਫੈਸਲਾ ਮੈਂਬਰਾਂ ਦੀ ਰਾਇ ਨਾਲ ਜਲਦ ਹੀ ਕਰਾਂਗੇ-ਢਿੱਲੋਂ
ਢਿੱਲੋਂ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਪ੍ਰਧਾਨ ਦੀ ਚੋਣ ਪਾਰਟੀ ਦੇ ਐਮ.ਸੀਜ ਦੀ ਰਾਇ ਨਾਲ ਹੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪ੍ਰਧਾਨ ਅਤੇ ਐਮ.ਸੀ ਵਿੱਚ ਕੋਈ ਬਹੁਤਾ ਵੱਡਾ ਅੰਤਰ ਨਹੀਂ ਹੁੰਦਾ। ਪ੍ਰਧਾਨ ਦੀ ਚੋਣ ਆਪਣੇ ਵਿੱਚੋਂ ਕਿਸੇ ਇੱਕ ਮੈਂਬਰ ਦੀ ਹੀ ਕਰਦੇ ਹਨ। ਉਨਾਂ ਕਿਹਾ ਕਿ ਆਖਿਰ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ 2 ਹੀ ਅਹੁਦੇ ਹਨ, ਜਿੰਨਾਂ ਵਿੱਚੋਂ ਆਖਿਰ 2 ਮੈਂਬਰਾਂ ਨੇ ਹੀ ਚੁਣਿਆ ਜਾਣਾ ਹੈ। ਉਨਾਂ ਹੱਸਦਿਆਂ ਕਿਹਾ ਕਿ ਨਗਰ ਕੌਂਸਲ ਦਾ ਪ੍ਰਧਾਨ ਕੋਈ ਵੀ ਹੋਵੇ, ਸਾਰੇ ਮੈਂਬਰਾਂ ਦਾ ਪ੍ਰਧਾਨ ਦੇ ਬਰਾਬਰ ਹੀ ਮਾਣ ਸਨਮਾਨ ਬਰਕਾਰ ਰਹੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ,ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ , ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਸਮੇਤ ਚੁਣੇ ਹੋਏ ਕਾਂਗਰਸੀ ਐਮ.ਸੀ. ਅਤੇ ਕਾਂਗਰਸੀ ਆਗੂ ਮੰਗਤ ਰਾਏ ਮੰਗਾ ਵੀ ਮੌਜੂਦ ਰਹੇ। ਸਾਬਕਾ ਐਮ.ਸੀ ਕੁਲਦੀਪ ਧਰਮਾ ਅਤੇ ਉਨਾਂ ਦੀ ਪਤਨੀ ਮੌਜੂਦਾ ਐਮਸੀ ਰੇਨੂੰ ਧਰਮਾ ਅਤੇ ਹੋਰ ਐਮ.ਸੀਜ ਨੇ ਮਤਾ ਪਾ ਕੇ ਕੌਂਸਲ ਦਾ ਪ੍ਰਧਾਨ ਚੁਣਨ ਦੇ ਅਧਿਕਾਰ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੇ। ਚੁਣੇ ਹੋਏ ਸਾਰੇ ਨੁਮਾਇੰਦਿਆਂ ਨੇ ਕਿਹਾ ਕਿ ਸਾਡੇ ਸਭ ਦੇ ਆਗੂ ਸਰਦਾਰ ਢਿੱਲੋਂ ਹਨ,ਢਿੱਲੋਂ ਸਾਹਿਬ ਜਿਸ ਵੀ ਐਮ.ਸੀ ਨੂੰ ਪ੍ਰਧਾਨ ਬਣਾਉਣਗੇ, ਉਹ ਸਾਨੂੰ ਮੰਜੂਰ ਹੋਵੇਗਾ।