ਵੈਕਸੀਨੇਸ਼ਨ ਲਈ ਮੋਹਰੀ ਭੂਮਿਕਾ ਨਿਭਾਅ ਕੇ ਮਿਸਾਲ ਬਣੀ ਸੀਨੀਅਰ ਸਿਟੀਜ਼ਨ ਸੁਸਾਇਟੀ
ਰਘਵੀਰ ਹੈਪੀ , ਬਰਨਾਲਾ, 6 ਅਪਰੈਲ 2021
ਕਰੋਨਾ ਵਾਇਰਸ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਨੂੰ ਬਜ਼ੁਰਗਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਮਿਸਾਲ ਬਣੀ ਹੈ, ਜਿਸ ਦੇ ਮੈਂਬਰ ਜਿੱਥੇ ਖੁਦ ਵੈਕਸੀਨੇਸ਼ਨ ਲਈ ਅੱਗੇ ਆਏ, ਉਥੇ ਹੋਰਾਂ ਨੂੰ ਵੀ ਵੈਕਸੀਨ ਲਵਾਉਣ ਲਈ ਲਗਾਤਾਰ ਪ੍ਰੇਰਿਤ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿੱਚ ਹੁਣ ਤੱਕ 16,758 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ। ਉਨਾਂ ਕਿਹਾ ਕਿ 31 ਮਾਰਚ ਤੱਕ 60 ਸਾਲ ਤੋਂ ਉਪਰ ਦੇ ਵਿਅਕਤੀਆਂ ਦੇ 4346 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ, ਜਦੋਂਕਿ 6 ਅਪਰੈਲ ਤੱਕ ਦੀ ਰਿਪੋਰਟ ਅਨੁਸਾਰ 45 ਸਾਲ ਤੋਂ ਉੁਪਰ ਦੇ ਵਿਅਕਤੀਆਂ ਦੇ 8604 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ। ਉਨਾਂ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਵੱਲੋਂ ਕਰੋਨਾ ਟੀਕਾਕਰਨ ਮੁਹਿੰਮ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਚੇਅਰਮੈਨ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਸ੍ਰੀ ਵਕੀਲ ਚੰਦ ਗੋਇਲ ਨੇ ਦੱਸਿਆ ਕਿ ਉਹ ਖੁਦ ਵੀ ਮੁਹਿੰਮ ਦੀ ਸ਼ੁਰੂਆਤ ਦੌਰਾਨ ਟੀਕਾ ਲਗਵਾ ਚੁੱਕੇ ਹਨ ਅਤੇ ਉਨਾਂ ਦੀ ਸੁਸਾਇਟੀ ਦੇ ਹੋਰ ਮੈਂਬਰਾਂ ਨੇ ਵੀ ਵੈਕਸੀਨ ਲਗਵਾਈ ਹੈ। ਉਨਾਂ ਦੱਸਿਆ ਕਿ ਉਹ ਸਿਵਲ ਹਸਪਤਾਲ ਬਰਨਾਲਾ ਦੇ ਵੈਕਸੀਨੇਸ਼ਨ ਸੈਂਟਰ ਵਿੱਚ ਰੋਜ਼ਾਨਾ ਪੱਧਰ ’ਤੇ ਬਜ਼ੁਰਗਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਇਸ ਪ੍ਰੇਰਨਾ ਨਾਲ 600 ਤੋਂ ਵੱਧ ਬਜ਼ੁਰਗ ਵੈਕਸੀੇਨੇਸ਼ਨ ਕਰਵਾ ਚੁੱਕੇ ਹਨ ਅਤੇ ਅਜੇ ਵੀ ਉਪਰਾਲੇ ਜਾਰੀ ਹਨ ਤਾਂ ਜੋ ਸਾਰੇ ਸੀਨੀਅਰ ਸਿਟੀਜ਼ਨ ਟੀਕਾਕਰਨ ਕਰਵਾ ਕੇ ਆਪਣੇ ਆਪ ਨੂੰ ਮਹਾਮਾਰੀ ਤੋਂ ਸੁਰੱਖਿਅਤ ਰੱਖ ਸਕਣ। ਇਸ ਮੌਕੇ ਚਿੰਟੂ ਪਾਰਕ ਬਰਨਾਲਾ ਵਿਖੇ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਕਰੋਨਾ ਵੈਕਸੀਨ ਲਵਾਉਣ ਵਾਲੇ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ 75 ਸਾਲ ਤੋਂ ਉਪਰ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਉਨਾਂ ਕਿਹਾ ਕਿ ਇਹ ਸੁਸਾਇਟੀ ਇਸ ਮਹਾਮਾਰੀ ਦੌਰਾਨ ਬਜ਼ੁਰਗਾਂ ਨੂੰ ਕਰੋਨਾ ਤੋਂ ਸੁਰੱਖਿਅਤ ਕਰਨ ਲਈ ਮਿਸਾਲ ਵਜੋਂ ਅੱਗੇ ਆਈ ਹੈ, ਜੋ ਬਹੁਤ ਸ਼ਲਾਘਾਯੋਗ ਹੈ। ਉਨਾਂ ਸ਼ਹਿਰ ਦੇ 45 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਲਈ ਜ਼ਰੂਰ ਅੱਗੇ ਆਉਣ।