ਰਘਬੀਰ ਹੈਪੀ ,ਬਰਨਾਲਾ: 5 ਅਪਰੈਲ, 2021
ਸੰਯੁਕਤ ਕਿਸਾਨ ਮੋਰਚੇ ਦਾ ਪਿਛਲੇ ਲਗਾਤਾਰ 187 ਦਿਨ ਤੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗਣ ਵਾਲਾ ਧਰਨਾ ਅੱਜ ਐਫਸੀਆਈ ਦੇ ਸੇਖਾ ਰੋਡ ‘ਤੇ ਸਥਿਤ ਦਫਤਰ ਮੂਹਰੇ ਲਾਇਆ ਗਿਆ। ਹਜਾਰਾਂ ਦੀ ਗਿਣਤੀ ਵਿੱਚ ਜੁਝਾਰੂ ਕਿਸਾਨ ਮਰਦ ਔਰਤਾਂ ਦੇ ਕਾਫਲੇ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਐਫਸੀਆਈ ਦੇ ਦਫਤਰ ਮੂਹਰੇ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ 11 ਵਜੇ ਦਫਤਰ ਦੇ ਗੇਟ ਮੂਹਰੇ ਧਰਨਾ ਲਾ ਦਿੱਤਾ ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਧਰਨਾ/ ਘਿਰਾਉ ਸ਼ਾਮ ਛੇ ਵਜੇ ਤੱਕ ਜਾਰੀ ਰਿਹਾ।
ਧਰਨੇ ਨੂੰ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਮਨਜੀਤ ਰਾਜ, ਨਛੱਤਰ ਸਿੰਘ ਸਹੌਰ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਹਰਚਰਨ ਸਿੰਘ ਚੰਨਾ, ਨਿਰਭੈ ਸਿੰਘ ਛੀਨੀਵਾਲ, ਮੋਹਨ ਸਿੰਘ ਰੂੜੇਕੇ, ਨਾਨਕ ਸਿੰਘ, ਗੁਰਚਰਨ ਸਿੰਘ ਸੁਰਜੀਤਪੁਰਾ, ਗੁਰਪ੍ਰੀਤ ਸਿੰਘ ਬਦਰਾ, ਵਰਿੰਦਰ ਸਿੰਘ ਆਜਾਦ, ਕਰਮਜੀਤ ਕੌਰ ਹਮੀਦੀ , ਜਗਰਾਜ ਰਾਮਾ,ਪ੍ਰਮਿੰਦਰ ਹੰਢਿਆਇਆ ਤੇ ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ‘ਐਮਐਸਪੀ ਜਾਰੀ ਰਹੇਗੀ‘ ਵਾਲੇ ਵਾਅਦਿਆਂ ਦੀ ਬੈਂਗਣੀ ਬਹੁਤ ਜਲਦੀ ਉਘੜਨੀ ਸ਼ੁਰੂ ਹੋ ਗਈ ਹੈ। ਐਫਸੀਆਈ ਦਾ ਫਸਲ ਵੇਚਣ ਲਈ ਜਮੀਨ ਦਾ ਰਿਕਾਰਡ ਪੇਸ਼ ਕਰਨ ਵਾਲਾ ਨਵਾਂ ਤੁਗਲਕੀ ਫਰਮਾਨ ਐਮਐਸਪੀ ਵਿਵਸਥਾ ਖਤਮ ਕਰਨ ਵੱਲ ਸ਼ੁਰੂਆਤੀ ਕਦਮ ਹੈ। ਪਿਛਲੇ ਕਈ ਸਾਲਾਂ ਤੋਂ ਸਰਕਾਰ ਐਮਐਸਪੀ ਨਿਜਾਮ ਖਤਮ ਕਰਨ ਦੇ ਸੰਕੇਤ ਦਿੰਦੀ ਆ ਰਹੀ ਹੈ,ਅਦਾਲਤਾਂ ਵਿੱਚ ਸਾਰੀਆਂ ਫਸਲਾਂ ਖਰੀਦਣ ਦੀ ਗਾਰੰਟੀ ਦੇਣ ਤੋਂ ਨਾਂਹ ਕਰਦੀ ਆਈ ਹੈ।
ਸਰਕਾਰ ਚਾਹੇ ਲੱਖ ਵਾਅਦੇ ਕਰੀ ਜਾਵੇ, ਐਮਐਸਪੀ ਤੇ ਸਰਕਾਰੀ ਮੰਡੀਆਂ ਖਤਮ ਕਰਨ ਦੇ ਇਸ ਦੇ ਕਾਲੇ ਮਨਸੂਬੇ ਹਰ ਆਏ ਦਿਨ ਵਧੇਰੇ ਸਪੱਸ਼ਟ ਹੋ ਰਹੇ ਹਨ। ਜੇਕਰ ਸਰਕਾਰ ਦੇ ਕਾਲੇ ਮਨਸੂਬੇ ਕਾਮਯਾਬ ਹੋ ਜਾਂਦੇ ਹਨ ਤਾਂ ਕਿਸਾਨ ਚੰਦ ਕਾਰਪੋਰੇਟ ਘਰਾਣਿਆਂ ਦੀ ਇਜਾਰੇਦਾਰੀ ਦੇ ਗੁਲਾਮ ਬਣ ਕੇ ਰਹਿ ਜਾਣਗੇ। ਉਨਾਂ ਦੀਆਂ ਫਸਲਾਂ ਕੌਡੀਆਂ ਦੇ ਭਾਅ ਵਿਕਣਗੀਆਂ। ਸਰਕਾਰੀ ਮੰਡੀਆਂ ਖਤਮ ਹੋਣ ਦਾ ਸਿੱਧਾ ਅਸਰ ਇਹ ਪਵੇਗਾ ਕਿ ਜਨਤਕ ਵੰਡ ਪ੍ਰਣਾਲੀ ਲਈ ਲੋੜੀਂਦਾ ਅਨਾਜ ਨਹੀਂ ਖਰੀਦਿਆ ਜਾਵੇਗਾ। ਸੋ ਖੁਰਾਕ ਸੁਰੱਖਿਆ ਕਾਨੂੰਨ ਅਧੀਨ ਸਸਤਾ ਅਨਾਜ ਹਾਸਲ ਕਰਨ ਵਾਲੀ 66 ਫੀ ਸਦੀ ਜਨਤਾ ਇਸ ਸਹੂਲਤ ਤੋਂ ਵਾਂਝੀ ਹੋ ਜਾਵੇਗੀ। ਸੋ ਇਹ ਕਾਲੇ ਖੇਤੀ ਕਾਨੂੰਨ ਸਿਰਫ ਕਿਸਾਨਾਂ ਲਈ ਹੀ ਨਹੀਂ ਸਗੋਂ ਸਮਾਜ ਦੇ ਸਾਰੇ ਵਰਗਾਂ ਲਈ ਖਤਰਨਾਕ ਹਨ।ਇਸੇ ਲਈ ਕਿਸਾਨਾਂ ਨੇ ਪੱਕੀ ਧਾਰੀ ਹੋਈ ਹੈ ਕਿ ਉਹ ਇਹ ਕਾਲੇ ਕਾਨੂੰਨ ਵਾਪਸ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ।ਐਫਸੀਆਈ ਦੇ ਜਿਲਾ ਡਿਪੂ ਮੈਨੇਜਰ ਨੇ ਧਰਨੇ ‘ਚ ਆ ਕੇ ਸੰਚਾਲਨ ਕਮੇਟੀ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਇਸ ਪੱਤਰ ਨੂੰ ਆਪਣੇ ਉੱਚ-ਅਧਿਕਾਰੀਆਂ ਤੱਕ ਤੁਰੰਤ ਪਹੁੰਚਦਾ ਕਰਨ ਦਾ ਵਾਅਦਾ ਕੀਤਾ।