ਕਲੋਨਾਈਜਰ ਦੇ ਵਾਰੇ ਨਿਆਰੇ, ਰਗੜੇ ਜਾ ਰਹੇ ਲੋਕ ਵਿਚਾਰੇ
ਹਰਿੰਦਰ ਨਿੱਕਾ/ਮਨੀ ਗਰਗ , ਬਰਨਾਲਾ ,6 ਅਪ੍ਰੈਲ 2021
ਨਾ ਜਮੀਨ ਦੀ ਮਾਲਕੀਅਤ , ਨਾ ਕੋਈ ਸੀ.ਐਲ.ਯੂ., ਨਾ ਹੀ ਕਲੋਨੀ ਦੀ ਕੋਈ ਸਰਕਾਰ ਤੋਂ ਮੰਜੂਰੀ। ਇਲਾਕੇ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀ ਨੇ ਕਰੀਬ 38 ਏਕੜ ਵਾਹੀਯੋਗ ਜਮੀਨ ਦੇ ਮਾਲਿਕਾਂ ਨੂੰ ਸਿਰਫ ਲੱਖਾਂ ਰੁਪਏ ਬਿਆਨਾ ਦੇ ਕੇ ਹੀ ਤਾਰਿਆਂ ਦੀ ਛਾਂਵੇਂ ਛਾਂਵੇਂ ਆਪਣੇ ਦਫਤਰ ਵਿੱਚ ਬਹਿ ਕੇ ਆਰਕੀਟੈਕਟ ਤੋਂ ਤਿਆਰ ਕਰਵਾਇਆ ਨਕਸ਼ਾ ਦਿਖਾ ਕੇ ਹੀ ਇੱਕੋ ਰਾਤ ਵਿੱਚ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਕੇ ਕਰੀਬ 300 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ। ਮਾਲ ਵਿਭਾਗ ਦੇ ਕੁਝ ਅਧਿਕਾਰੀ ਵੀ ਅੱਖਾਂ ਵਿੱਚ ਸੋਨੇ ਦੀ ਸਲਾਈ ਵੱਜਣ ਕਾਰਣ ਮੂਕ ਦਰਸ਼ਕ ਬਣ ਕੇ ਬਹਿ ਗਏ। ਇਨ੍ਹੇ ਵੱਡੇ ਹਾਈ ਪ੍ਰੋਫਾਈਲ ਡਰਾਮੇ ਦੀ ਸ਼ਹਿਰ ਵਿੱਚ ਹੋ ਰਹੀ ਚਰਚਾ ਨੇ ਮੀਡੀਆ ਦੇ ਵੱਡੇ ਹਿੱਸੇ ਦੀ ਭੂਮਿਕਾ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੰਨ੍ਹੇ ਮੂੰਹ, ਉਨੀਆਂ ਗੱਲਾਂ ਵਾਲੀ ਕਹਾਵਤ ਇੱਕ ਰਾਤ ਵਿੱਚ ਬਿਨਾਂ ਵਜੂਦ ਵਾਲੀ,ਸਿਰਫ ਕਾਗਜ਼ਾਂ ਵਿੱਚ ਕੱਟੀ ਕਲੋਨੀ ਤੇ ਐਨ ਫਿੱਟ ਬੈਠਦੀ ਹੈ। ਲੋਕ ਚਰਚਾ ਅਨੁਸਾਰ ਕਲੋਨਾਈਜਰ ਨੇ ,ਕੁਝ ਪ੍ਰਸ਼ਾਸਨਿਕ ਅਧਿਕਾਰੀਆਂ, ਰਸੂਖਦਾਰ ਲੀਡਰਾਂ ਅਤੇ ਕੁੱਝ ਨਾਮਵਰ ਪੱਤਰਕਾਰਾਂ ਦੇ ਮੂੰਹ ਵੀ ਪਲਾਟ ਦੇ ਕੇ ਬੰਦ ਕਰਵਾ ਦਿੱਤੇ ਹਨ।
ਜਮੀਨ ਦਾ ਚੱਲ ਰਿਹਾ ਅਦਾਲਤ ਵਿੱਚ ਕੇਸ
ਸੂਤਰਾਂ ਅਨੁਸਾਰ ਗਰੀਨ ਐਵਨਿਊ ਕਲੋਨੀ ਦੀ ਬੈਕ ਸਾਈਡ ਤੇ ਪੈਂਦੀ ਜਿਹੜੀ ਜਮੀਨ ਕਲੋਨਾਈਜਰ ਨੇ ਪ੍ਰਸਤਾਵਿਤ ਕਲੋਨੀ ਦੇ ਅਣਪਰੂਵੜ ਨਕਸ਼ੇ ਵਿੱਚ ਦਰਸਾਈ ਗਈ ਹੈ,ਉਸ ਵਿਚੋਂ ਕਰੀਬ ਸਾਢ਼ੇ 13 ਏਕੜ ਜਮੀਨ ਦਾ ਅਦਾਲਤ ਵਿੱਚ ਝਗੜਾ ਪੈਂਡਿੰਗ ਹੈ। ਇਸ ਤੋਂ ਇਲਾਵਾ ਕਰੀਬ 11 ਏਕੜ ਜਮੀਨ ਦਾ ਮਾਲਿਕ ਵਿਦੇਸ਼ ਵਿੱਚ ਹੈ। ਕਰੀਬ 4 ਏਕੜ ਜਮੀਨ ਦੇ ਮਾਲਿਕ ਨੂੰ ਸਿਰਫ 50 ਹਜਾਰ ਰੁਪੱਈਏ ਦੇ ਕੇ ਹੀ ਬਿਆਨਾ ਲਿਖਵਾਇਆ ਗਿਆ ਦੱਸਿਆ ਜਾ ਰਿਹਾ ਹੈ। ਜਿਸਨੇ ਜਮੀਨ ਵੇਚਣ ਤੋਂ ਫਿਲਹਾਲ ਨਾਂਹ ਕਰ ਦਿੱਤੀ ਹੈ। ਉਸ ਨੂੰ ਮਨਾਉਣ ਲਈ ਕਲੋਨਾਈਜਰ ਨੇ ਆਪਣੇ ਕਰੀਬੀਆਂ ਨੂੰ ਭੇਜਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ।
85 ਲੱਖ ਤੋਂ ਸੁਰੂ ਹੋ ਕੇ 2 ਕਰੋੜ 95 ਲੱਖ ਰੁਪਏ ਪ੍ਰਤੀ ਏਕੜ ਖਰੀਦੀ ਜਮੀਨ
ਪ੍ਰਾਪਤ ਸੂਚਨਾ ਮੁਤਾਬਿਕ ਕਲੋਨਾਈਜਰ ਨੇ 85 ਲੱਖ ਰੁਪਏ ਪ੍ਰਤੀ ਏਕੜ ਤੋਂ ਲੈ ਕੇ 90/95 ਲੱਖ ਰੁਪਏ ਏਕੜ ਤੱਕ ਕਰੀਬ 18 ਏਕੜ ਜਮੀਨ ਦਾ ਬਿਆਨਾ ਕੀਤਾ ਹੈ। ਜਦੋਂ।ਕਿ 20 ਏਕੜ ਦੇ ਕਰੀਬ ਜਮੀਨ ਦਾ ਸੌਦਾ 2 ਕਰੋੜ 95 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਆਨਾ ਹੋਇਆ ਦੱਸਿਆ ਜਾ ਰਿਹਾ ਹੈ। ਗਰਚਾ ਰੋਡ ਖੇਤਰ ਵਾਲੇ ਪਾਸੇ ਫਰੰਟ ਤੇ ਨਕਸ਼ੇ ਵਿੱਚ ਦਿਖਾਈ ਗਈ ਜਮੀਨ ਦੇ ਮਾਲਿਕਾਂ ਨੂੰ ਜਦੋਂ ਪਤਾ ਲੱਗਿਆ ਕਿ ਉਸ ਦੇ ਨਾਲ ਲੱਗਦੀ ਜਮੀਨ ਦਾ ਸੌਦਾ 2 ਕਰੋੜ 95 ਲੱਖ ਦੇ ਕਰੀਬ ,ਉਸੇ ਕਲੋਨਾਈਜਰ ਨੇ ਕੀਤਾ ਹੈ, ਤਾਂ ਉਸ ਨੇ ਜਮੀਨ ਨਾ ਵੇਚਣ ਲਈ ਸਿਰ ਹਿਲਾ ਦਿੱਤਾ। ਉਹਦੀ ਨਾਂਹ ਸੁਣਦਿਆਂ ਕਲੋਨਾਈਜਰ ਦੇ ਪੈਰਾਂ ਥੱਲਿਉਂ ਜਮੀਨ ਖਿਸਕ ਗਈ। ਸੌਦਾ ਭੁਗਤਾਉਣ ਲਈ ਉਸ ਤੇ ਤਰ੍ਹਾਂ ਤਰ੍ਹਾਂ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ।
ਬਿਨਾਂ ਵਜੂਦ ਕਲੋਨੀ ‘ਚ ਪਲਾਟ ਲੈਣ ਵਾਲਿਆਂ ਨਾਲ ਵੱਡਾ ਧੋਖਾ
ਬਿਨਾਂ ਵਜੂਦ ਵਾਲੀ ਪ੍ਰਸਤਾਵਿਤ ਕਲੋਨੀ ਵਿੱਚ ਚਾਵਾਂ ਨਾਲ ਪਲਾਟ ਖਰੀਦ ਕੇ ਰਾਤੋ ਰਾਤ ਅਮੀਰ ਬਨਣ ਵਾਲਿਆਂ ਨੂੰ ਕਲੋਨੀ ਵਾਲੀ ਜਮੀਨ ਦੀਆਂ ਖਾਮੀਆਂ ਦੀ ਭਿਣਕ ਪੈਂਦਿਆਂ ਹੀ, ਉਨ੍ਹਾਂ ਨੂੰ ਕੱਚੀਆਂ ਤ੍ਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੇ ਮਨ ਵਿੱਚ ਖਦਸਾ ਪੈਦਾ ਹੋ ਗਿਆ ਹੈ ਕਿ ਕਲੋਨੀ ਅਮਲੀ ਰੂਪ ਵਿੱਚ ਕਦੋਂ ਵਜੂਦ ਵਿੱਚ ਆਵੇਗੀ ਵੀ ਜਾਂ ਨਹੀਂ । 10/10-20/20 ਪਲਾਟ ਇਕੱਠੇ ਖਰੀਦ ਕੇ ਪੂੰਜੀ ਨਿਵੇਸ਼ ਕਰਨ ਵਾਲੇ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰਨ ਲੱਗ ਪਏ ਹਨ। ਜਦੋਂਕਿ ਕਿ ਰਾਤੋ ਰਾਤ ਸੱਟੇ ਦੀ ਤਰ੍ਹਾਂ ਪਲਾਟ ਦਿਵਾਉਣ ਵਾਲੇ ਕੁਝ ਦਲਾਲ ਪਲਾਟ ਖਰੀਦਦਾਰਾਂ ਨੂੰ ਛੇਤੀ ਹੀ ਸਭ ਠੀਕ ਹੋ ਜਾਣ ਦਾ ਭਰੋਸਾ ਦੇ ਕੇ ,ਸਿਰਾਹਣੇ ਬਾਂਹ ਧਰਕੇ ਸੌਂ ਜਾਣ ਦੀਆਂ ਸਲਾਹਾਂ ਦੇਣ ਵਿੱਚ ਮਸ਼ਰੂਫ ਹਨ।
ਸਰਕਾਰੀ ਖਜਾਨੇ ਨੂੰ ਕਰੋੜਾਂ ਦਾ ਚੂਨਾ
ਰੈਵਨਿਊ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਉਕਤ ਕਲੋਨਾਈਜਰ ਨੇ ਪ੍ਰਸਤਾਵਿਤ ਕਲੋਨੀ ਦੀ ਮਰਲਾ ਜਮੀਨ ਦਾ ਬਿਆਨਾ ਵੀ ਰਜਿਸ਼ਟਰਡ ਨਹੀਂ ਕਰਵਾਇਆ। ਸਾਰੇ ਹੀ ਬਿਆਨੇ ਅਸ਼ਟਾਮ ਫਰੋਸ਼ਾਂ ਰਾਹੀਂ ਨੋਟਰੀ ਤੋਂ ਅਟੈਸ਼ਟਡ ਕਰਵਾ ਕੇ ਹੀ ਮਾਲ ਵਿਭਾਗ ਨੂੰ ਮੋਟਾ ਚੂਨਾ ਲਾਇਆ ਗਿਆ ਹੈ। ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਕਲੋਨਾਈਜਰ ਬਿਆਨਿਆਂਂ ਦੇ ਅਧਾਰ ਤੇ ਰਜਿਸ਼ਟਰੀਆਂ ਨਾ ਕਰਵਾ ਕੇ ਜਮੀਨ ਦੀ ਅਸਲੀ ਖਰੀਦ ਕੀਮਤ ਤੋਂ ਘੱਟ ਰੇਟ ਤੇ ਰਜਿਸ਼ਟਰੀਆਂ ਕਰਵਾ ਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੀ ਫਿਰਾਕ ਵਿੱਚ ਹੈ। ਹੁਣ ਗੇਂਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪਾਲੇ ਵਿੱਚ ਆ ਗਈ ਹੈ ਕਿ ਕੀ ਉਹ ਜਮੀਦਾਰਾਂ ਨਾਲ ਕੀਤੇ ਬਿਆਨਿਆ ਦੀ ਜਾਂਚ ਕਰਕੇ, ਸਰਕਾਰ ਨੂੰ ਲੱਗ ਰਹੇ ਚੂਨੇ ਤੋਂ ਬਚਾਅ ਕਰਨ ਲਈ ਅਤੇ ਕਥਿਤ ਤੌਰ ਤੇ ਠੱਗੇ ਜਾ ਰਹੇ ਲੋਕਾਂ ਨੂੰ ਬਚਾਉਣ ਲਈ ਹਰਕਤ ਵਿੱਚ ਆਏਗਾ। ਜਾਂ ਫਿਰ ਸਭ ਅੱਛਾ ਹੈ ਦੀਆਂ ਰਿਪੋਰਟਾਂ ਕਰਕੇ ਹੀ ਹੱਥ ਤੇ ਹੱਥ ਧਰਕੇ ਬਹਿ ਜਾਵੇਗਾ।
ਸੀ.ਐਲ.ਯੂ. ਤੋਂ ਬਿਨਾ, ਹੀ ਵਧਿਆ ਭਾਅ
ਕਲੋਨੀ ਨੇੜਲੇ ਕੁਝ ਜਿਮੀਂਦਾਰਾਂ ਨੇ ਕਲੋਨਾਈਜਰ ਤੇ ਵਿਅੰਗ ਕਸਦਿਆਂ ਕਿਹਾ ਕਿ ਖੇਤੀਬਾੜੀ ਵਾਲੀ ਜਮੀਨ ਕਿਸਾਨਾਂ ਤੋਂ ਪ੍ਰਤੀ ਏਕੜ ਦੇ ਭਾਅ ਖਰੀਦ ਕਰਕੇ ਜਮੀਨ ਨੂੰ ਬਿਨਾਂ ਸੀ ਐਲ.ਯੂ ਲਿਆ ਹੀ ਖੜ੍ਹੀ ਫਸਲ ਸਣੇ ਕਰੀਬ 20 ਹਜ਼ਾਰ ਰੁਪਏ ਵਰਗ ਗਜ਼ ਦੇ ਭਾਅ ਰਾਤੋ ਰਾਤ ਹੀ ਪ੍ਰਸ਼ਾਸਨ ਅਤੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਵੇਚ ਦਿੱਤਾ ਹੈ। ਇਸ ਨਾਲ ਕਲੋਨਾਈਜਰ ਦੇ ਵਾਰੇ ਨਿਆਰੇ ਤੇ ਰਗੜੇ ਗਏ ਲੋਕ ਵਿਚਾਰੇ । ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕਲੋਨੀ ਵਿੱਚ ਕਰੀਬ ਸਾਢ਼ੇ 16 ਫੁੱਟ ਚੌੜੀ ਤੇ ਕਈ ਏਕੜ ਲੰਬੀ ਸਰਕਾਰੀ ਪਹੀ ਵੀ ਜਾਂਦੀ ਹੈ। ਕਲੋਨਾਈਜਰ ਇਹ ਸਰਕਾਰੀ ਪਹੀ ਨੂੰ ਵੀ ਆਪਣੇ ਤਿਆਰ ਕੀਤੇ ਨਕਸ਼ੇ ਵਿੱਚ ਪਲਾਟ ਕੱਟ ਕੇ ਵੇਚ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸੂਰਤ ਵਿੱਚ ਕਲੋਨਾਈਜਰ ਨੂੰ ਸਰਕਾਰੀ ਪਹੀ ਤੇ ਕਬਜਾ ਨਹੀਂ ਕਰਨ ਦੇਣਗੇ। ਉੱਧਰ ਪ੍ਰੋਪਰਟੀ ਦੇ ਧੰਦੇ ਨਾਲ ਜੁੜੇ ਕੁਝ ਲੋਕਾਂ ਨੇ ਕਿਹਾ ਕਿ ਪ੍ਰੋਪਰਟੀ ਦੇ ਭਾਅ ਆਸਮਾਨੀ ਚੜਾਉਣ ਲਈ ਕਲੋਨਾਈਜਰ ਵੱਲੋਂ ਕੁਝ ਦਲਾਲਾਂ ਨਾਲ ਰਾਇ ਸਲਾਹ ਕਰਕੇ ਇਹ ਹਾਈਫਾਈ ਡਰਾਮਾ ਰਚਿਆ ਗਿਆ ਹੈ।
ਮਾਮਲੇ ਦੀ ਗੰਭੀਰਤਾ ਨਾਲ ਕਰਾਂਗੇ ਜਾਂਚ-ਡੀ.ਸੀ ਫੂਲਕਾ
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਇਆ ਹੈ,ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਗੰਭੀਰਤਾ ਨਾਲ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।