ਨਾਟਕ ‘ ਕਦੋਂ ਜਾਗਾਂਗੇ ‘ ਨੇ ਦਰਸ਼ਕਾਂ ਨੂੰ ਹਲੂਣਿਆ
ਹਰਿੰਦਰ ਨਿੱਕਾ, ਬਰਨਾਲਾ: 3 ਅਪਰੈਲ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ ਤੇ ਲਾਏ ਧਰਨੇ ਦਾ ਅੱਜ 185ਵਾਂ ਦਿਨ ਸੀ। ਅੱਜ ਸੰਨੀ ਚਾਵਰੀਆ ਦੀ ਨਿਰਦੇਸ਼ਨਾ ਹੇਠ ਸੰਨੀ ਰੰਗਮੰਚ ਸੰਗਰੂਰ ਦੀ ਟੀਮ ਨੇ ਇਹ ਬਹੁਤ ਭਾਵਪੂਰਤ ਨਾਟਕ ‘ ਕਦੋਂ ਜਾਗਾਂਗੇ ?’ ਪੇਸ਼ ਕੀਤਾ । ਇੱਕ ਘੰਟੇ ਦੇ ਇਸ ਨਾਟਕ ਰਾਹੀਂ ਕਲਾਕਾਰਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਕਾਲੇ ਮਨਸੂਬਿਆਂ ਤੇ ਬਾਰੀਕੀਆਂ ਬਾਰੇ ਦਰਸ਼ਕਾਂ ਨੂੰ ਬਹੁਤ ਰੌਚਿਕ ਤੇ ਵਧੀਆ ਤਰੀਕੇ ਨਾਲ ਸਮਝਾਇਆ। ਮੌਜੂਦਾ ਕਿਸਾਨ ਅੰਦੋਲਨ ਦੀਆਂ ਮੰਗਾਂ ਨਾਲ ਨੇੜਿਓਂ ਜੁੜੇ ਇਸ ਨਾਟਕ ਨੂੰ ਧਰਨਾਕਾਰੀਆਂ ਨੇ ਪੂਰੇ ਇਕਾਗਰਚਿੱਤ ਹੋ ਕੇ ਸੁਣਿਆ ਤੇ ਦੇਖਿਆ। ਨਾਟਕ ਟੀਮ ਦੇ ਮੈਂਬਰ ਜੋਗਿੰਦਰ ਬਿੱਲਾ ਨੇ ਬਹੁਤ ਜੋਸ਼ੀਲੇ ਅੰਦਾਜ਼ ਵਿੱਚ ਸੰਤ ਰਾਮ ਉਦਾਸੀ ਦਾ ਇਕ ਗੀਤ ਪੇਸ਼ ਕੀਤਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਦੇਵ ਸਿੰਘ ਮਾਂਗੇਵਾਲ, ਨਛੱਤਰ ਸਿੰਘ ਸਾਹੌਰ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਮੋਹਨ ਸਿੰਘ ਰੂੜੇਕੇ, ਗੋਰਾ ਸਿੰਘ ਢਿੱਲਵਾਂ, ਗੁਰਨਾਮ ਸਿੰਘ ਠੀਕਰੀਵਾਲਾ ਤੇ ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਅਲਵਰ ਰਾਜਸਥਾਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ ‘ਤੇ ਸੱਤਾਧਾਰੀ ਪਾਰਟੀ ਦੇ ਕਾਰਕੁੰਨਾਂ ਨੇ ਜਾਨਲੇਵਾ ਹਮਲਾ ਕੀਤਾ। ਇਹ ਹਮਲਾ ਸਰਕਾਰ ਦੀ ਹਿਤਾਸਾ ਦਾ ਪ੍ਰਤੀਕ ਹੈ ਜਿਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ ਨਹੀਂ ਲੱਭ ਰਿਹਾ। ਸਾਮਰਾਜੀ ਸੰਸਥਾਵਾਂ ਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਬਣਾਏ ਕਾਲੇ ਕਾਨੂੰਨਾਂ ਨੇ ਸਰਕਾਰ ਦੇ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਹਾਲਤ ਬਣਾਈ ਹੋਈ ਹੈ। ਨਾ ਉਗਲੇ ਕੁਝ ਬਣ ਰਿਹਾ ਹੈ ਅਤੇ ਨਾ ਹੀ ਨਿਗਲੇ। ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਕਦੇ ਪ੍ਰਵਾਸੀ ਮਜਦੂਰਾਂ ਨੂੰ ਬੰਦਿਕ ਮਜਦੂਰ ਬਣਾਏ ਜਾਣ ਦਾ ਸ਼ੋਸ਼ਾ ਛੱਡਿਆ ਜਾ ਰਿਹਾ ਹੈ ਅਤੇ ਕਦੇ ਬਿਜਲੀ ਸੋਧ ਬਿੱਲ ਨੂੰ ਬਸਤੇ ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਐਫਸੀਆਈ ਕਣਕ ਖਰੀਦਣ ਲਈ ਬੇਲੋੜੀਆਂ ਤੇ ਬੇਤੁਕੀਆਂ ਸ਼ਰਤਾਂ ਲਾ ਰਹੀ ਹੈ। ਪਰ ਕਿਸਾਨ ਸਰਕਾਰ ਦੇ ਸਭ ਹੱਥਕੰਡਿਆਂ ਦਾ ਜਵਾਬ ਦੇਣਾ ਬਾਖੂਬੀ ਜਾਣਦੇ ਹਨ। ਨਾ ਤਾਂ ਸਾਨੂੰ ਜਾਨਲੇਵਾ ਹਮਲੇ ਡਰਾ ਸਕਦੇ ਹਨ ਅਤੇ ਨਾ ਹੀ ਐਫਸੀਆਈ ਦੀਆਂ ਬੇਤੁਕੀਆਂ ਸ਼ਰਤਾਂ। ਸੰਯੁਕਤ ਕਿਸਾਨ ਮੋਰਚੇ ਨੇ ਅਪਰੈਲ ਮਹੀਨੇ ਲਈ ਕਈ ਪ੍ਰੋਗਰਾਮ ਉਲੀਕੇ ਹਨ। ਇਹ ਸਾਰੇ ਪ੍ਰੋਗਰਾਮ ਪੂਰੀ ਤਨਦੇਹੀ ਤੇ ਸੰਜੀਦਗੀ ਨਾਲ ਲਾਗੂ ਕੀਤੇ ਜਾਣਗੇ। ਹੁਣ ਪੰਜ ਅਪਰੈਲ ਨੂੰ ਐਫਸੀਆਈ ਦੇ ਦਫਤਰਾਂ ਦੇ ਘਿਰਾਉ ਲਈ ਤਿਆਰੀਆਂ ਜੋਰਾਂ ‘ਤੇ ਹਨ। ਅੱਜ ਬਾਜਵਾ ਪੱਤੀ ਬਰਨਾਲਾ ਦੀ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ ।