ਰਘਵੀਰ ਹੈਪੀ , ਬਰਨਾਲਾ, 3 ਅਪਰੈਲ 2021
ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਸੂਬੇ ਦੀਆਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫਤ ਬੱਸ ਸਫਰ ਦੀ ਸਹੂਲਤ ਔਰਤਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ ਅਤੇ ਇਸ ਸਹੂਲਤ ਪ੍ਰਤੀ ਔਰਤਾਂ ਵੱਲੋਂ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਬਰਨਾਲਾ ਤੋਂ ਲੁਧਿਆਣਾ ਸਫਰ ਦੌਰਾਨ ਬਜ਼ੁਰਗ ਨਸੀਬ ਕੌਰ ਨੇ ਦੱਸਿਆ ਕਿ ਉਸ ਨੂੰ ਆਪਣੇ ਇਲਾਜ ਖਾਤਰ ਲੁਧਿਆਣਾ ਦੇ ਕਈ ਗੇੜੇ ਮਾਰਨੇ ਪੈਂਦੇ ਹਨ। ਇਸ ਕਰਕੇ ਮਹਿੰਗੇ ਇਲਾਜ ਦੇ ਨਾਲ ਨਾਲ ਆਉਣ ਜਾਣ ਦੇ ਸਫਰ ’ਤੇ ਵੀ ਕਾਫੀ ਖਰਚ ਹੋ ਜਾਂਦਾ ਸੀ। ਹੁਣ ਉਸ ਬੱਸ ਦਾ ਸਫਰ ਮੁਫਤ ਹੋਣ ਨਾਲ ਕਾਫੀ ਰਾਹਤ ਮਿਲੀ ਹੈ।
ਇਸ ਮੌਕੇ ਪੀਆਰਟੀਸੀ ਬਰਨਾਲਾ ਡਿਪੂ ਦੇ ਜਨਰਲ ਮੈਨੇਜਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੁਫਤ ਸਫਰ ਸੇਵਾ ਦੇ ਐਲਾਨ ਤੋਂ ਬਾਅਦ ਪਹਿਲੇ ਦਿਨ 1 ਅਪਰੈਲ ਨੂੰ ਬਰਨਾਲਾ ਡਿਪੂ ਅਧੀਨ 4000 ਹਜ਼ਾਰ ਔਰਤਾਂ, ਜਦੋਂਕਿ ਦੂਜੇ ਦਿਨ 7915 ਔਰਤਾਂ ਨੇ ਮੁਫਤ ਬੱਸ ਸਫਰ ਸਹੂਲਤ ਦਾ ਲਾਭ ਲਿਆ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਫਤ ਬੱਸ ਸਫਰ ਦੀ ਸਹੂਲਤ ਦੇ ਕੇ ਕੰਮਕਾਜੀ ਔਰਤਾਂ, ਸਕੂਲਾਂ ਕਾਲਜਾਂ ਵਿੱਚ ਪੜਦੀਆਂ ਲੜਕੀਆਂ ਤੇ ਵਿੱਤੀ ਪੱਖ ਤੋਂ ਕਮਜ਼ੋਰ ਪਰਿਵਾਰਾਂ ਨੂੰ ਵੱਡੀ ਸੁਵਿਧਾ ਮਿਲ ਰਹੀ ਹੈ।
ਉਨਾਂ ਦੱਸਿਆ ਕਿ ਇਸ ਸਹੂਲਤ ਤਹਿਤ ਨਾਨ ਏਸੀ ਪੀਆਰਟੀਸੀ ਤੇ ਪਨਬੱਸ ਬੱਸਾਂ ਵਿਚ ਇਹ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸਕੀਮ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਬੂਤ ਲੋੜੀਂਦਾ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਰਹਿੰਦੀਆਂ ਔਰਤਾਂ ਚੰਡੀਗੜ ਤੱਕ ਦਾ ਸਫਰ ਵੀ ਮੁਫਤ ਕਰ ਸਕਦੀਆਂ ਹਨ।