ਹੋਮ ਗਾਰਡਜ਼ ਅਮਲੇ ਦੇ ਸਹਿਯੋਗ ਨਾਲ ਦੁਕਾਨਾਂ ਅੱਗੇ ਲਾਏ ਜਾਗਰੂਕਤਾ ਪੋਸਟਰ
ਰਘਵੀਰ ਹੈਪੀ , ਬਰਨਾਲਾ, 3 ਅਪਰੈਲ 2021
ਕਰੋਨਾ ਮਹਾਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿਚ ‘ਨੋ ਮਾਸਕ, ਨੋ ਐਂਟਰੀ’ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਬਰਨਾਲਾ ਵਾਸੀਆਂ ਨੂੰ ਮਾਸਕ ਪਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਯੁਵਕ ਸੇਵਾਵਾਂ ਵਲੰਟੀਅਰਾਂ ਵੱਲੋਂ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਬਰਨਾਲਾ ਵਿਜਯ ਭਾਸਕਰ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਦੀਆਂ ਹਦਾਇਤਾਂ ’ਤੇ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵੱਲੋਂ ਦੋ ਟੀਮਾਂ ਦਾ ਗਠਨ ਕੀਤਾ ਗਿਆ, ਜਿਨਾਂ ਵਿਚ ਜ਼ਿਲਾ ਹੋਮ ਗਾਰਡ ਬਰਨਾਲਾ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ, ਜਿਨਾਂ ਵੱਲੋਂ ਕਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸ਼ਹਿਰ ਦੀਆਂ ਭੀੜ ਭੜੱਕੇ ਵਾਲੀਆਂ ਥਾਵਾਂ, ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ ਅਤੇ ਦੁਕਾਨਾਂ ਦੇ ਮੁੱਖ ਗੇਟਾਂ ਉਪਰ ਜਾਗਰੂਕਤਾ ਪੋਸਟਰ ਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਮੁਹਿੰਮ ਦੇ ਆਗਾਜ਼ ਦੌਰਾਨ ਸਦਰ ਬਾਜ਼ਾਰ ਦੀਆਂ ਦੁਕਾਨਾਂ ਅੱਗੇ ਜਾਗਰੂਕਤਾ ਪੋਸਟਰ ਲਾਏ ਗਏ ਅਤੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਮਾਸਕ ਪਾ ਕੇ ਹੀ ਦੁਕਾਨਾਂ ਅੰਦਰ ਜਾਇਆ ਜਾਵੇ। ਇਸ ਮੌਕੇ ਸਮਾਜਿਕ ਦੂਰੀ ਅਤੇ ਹੱਥਾਂ ਦੀ ਸਫਾਈ ਰੱਖਣ ਬਾਰੇ ਵੀ ਅਪੀਲ ਕੀਤੀ ਗਈ।
ਇਸ ਮੌਕੇ ਟੀਮ ਇੰਚਾਰਜ ਲਵਪ੍ਰੀਤ ਸ਼ਰਮਾ, ਸੁਮਿਤ ਤਿਵਾਰੀ, ਉਰਦਿਸ ਕੁਮਾਰ, ਪ੍ਰਧਾਨ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਬਰਨਾਲਾ, ਪਰਮਜੀਤ ਸਿੰਘ ਸਕੱਤਰ ਤੋਂ ਇਲਾਵਾ ਹੋਮ ਗਾਰਡਜ਼ ਤਰਫੋਂ ਸੋਹਣ ਸਿੰਘ ਥਾਣਾ ਸਦਰ ਬਰਨਾਲਾ ਅਤੇ ਜਗਜੀਤ ਸਿੰਘ ਚੌਂਕੀ ਬੱਸ ਸਟੈਂਡ ਬਰਨਾਲਾ ਸ਼ਾਮਲ ਸਨ।