ਬਰਨਾਲਾ ਜਿਲ੍ਹੇ ਦੇ ਇੱਕ ਪਿੰਡ ‘ਚ ਪੰਚਾਇਤੀ ਜ਼ਮੀਨ ‘ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ
ਰਘਵੀਰ ਹੈਪੀ, ਬਰਨਾਲਾ 10 ਅਪ੍ਰੈਲ 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ- ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਪੰਧੇਰ ਵਿੱਚ 22 ਕਨਾਲਾਂ 5 ਮਰਲੇ ਪੰਚਾਇਤੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ।

ਉਕਤ ਜ਼ਮੀਨ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਬਾ-ਅਖਤਿਆਰ ਕੁਲੈਕਟਰ ਬਰਨਾਲਾ ਦੀ ਅਦਾਲਤ ਵੱਲੋਂ 21-11- 2024 ਨੂੰ ਪ੍ਰਾਈਵੇਟ ਧਿਰ ਦੇ ਵਿਰੁੱਧ ਅਤੇ ਪਿੰਡ ਪੰਧੇਰ ਦੀ ਪੰਚਾਇਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਸੀ। ਇਸ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਸ੍ਰੀ ਸੁਖਵਿੰਦਰ ਸਿੰਘ ਸਿੱਧੂ ਵੱਲੋਂ ਕਾਨੂੰਗੋ ਗੁਰਪ੍ਰੀਤ ਸਿੰਘ ਤੇ ਮਾਲ ਪਟਵਾਰੀ ਦੇ ਸਹਿਯੋਗ ਨਾਲ ਉਕਤ ਪੰਚਾਇਤ ਜ਼ਮੀਨ ਦਾ ਕਬਜ਼ਾ ਲੈ ਕੇ ਪਿੰਡ ਪੰਧੇਰ ਦੀ ਪੰਚਾਇਤ ਦੇ ਸਪੁਰਦ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਚਾਇਤਾਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ ਗਈ ਹੈ ਅਤੇ ਅਜਿਹੀਆਂ ਜ਼ਮੀਨਾਂ ਦੀ ਸ਼ਨਾਖਤ ਵੀ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਵੀ ਵਿਅਕਤੀਆਂ ਨੇ ਪੰਚਾਇਤ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਆਪ ਨਾਜਾਇਜ਼ ਕਬਜ਼ੇ ਛੱਡ ਦੇਣ ਜਿਨ੍ਹਾਂ ਨੂੰ ਪੂਰਾ ਮਾਣ – ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਮਜਬੂਰਨ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਨਜਾਇਜ਼ ਕਬਜ਼ੇ ਛੁਡਾਏ ਜਾਣਗੇ।
ਇਸ ਮੌਕੇ ਪੰਚਾਇਤ ਅਫ਼ਸਰ ਹਰਭਜਨ ਸਿੰਘ, ਸਰਪੰਚ ਨਿਰਮਲ ਸਿੰਘ ਪੰਧੇਰ, ਪੰਚਾਇਤ ਸਕੱਤਰ ਰੂਪਿੰਦਰ ਪਾਲ ਸਿੰਘ ਸਿੱਧੂ, ਜੇਈ ਜਸਵੀਰ ਸਿੰਘ, ਬਲਦੇਵ ਸਿੰਘ ਪੰਚ, ਬਿੱਕਰ ਸਿੰਘ ਪੰਚ, ਗੁਰਸੇਵਕ ਸਿੰਘ, ਜਗਦੇਵ ਸਿੰਘ, ਭੂਰਾ ਸਿੰਘ ਪਤਵੰਤੇ ਹਾਜ਼ਰ ਸਨ।