Police ਦਾ ਕਮਾਲ…! ਹੱਤਿਆ ਦਾ ਪਰਚਾ ਦਰਜ ਕਰਨ ਲਈ ਲਾਏ 7 ਸਾਲ…..

Advertisement
Spread information

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ,ਫੈਸਲਾ ਸੁਣਦਿਆਂ-ਸੁਣਦਿਆਂ ਸੁਕ ਗਏ…

ਹਰਿੰਦਰ ਨਿੱਕਾ, ਬਠਿੰਡਾ 10 ਅਪ੍ਰੈਲ 2025 
       ਬੇਸ਼ੱਕ ਇਸ ਨੂੰ ਪੁਲਿਸ ਦੀ ਢਿੱਲੀ-ਮੱਠੀ ਚਾਲ ਕਹੋ ਜਾਂ ਫਿਰ ਉਨਾਂ ਦੀ ਕੰਮ ਕਰਨ ਦੇ ਢੰਗ ਤਰੀਕਿਆਂ ਦੀ ਬੇਹੱਦ ਲੰਬੀ ਪ੍ਰਕਿਰਿਆ, ਕਿ ਇੱਕ ਪਿਤਾ ਨੂੰ ਆਪਣੇ ਜੁਆਨ ਪੁੱਤ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਗੈਰ ਇਰਾਦਤਨ ਹੱਤਿਆ ਦਾ ਪਰਚਾ ਦਰਜ ਕਰਵਾਉਣ ਲਈ ਹੀ ਸੱਤ ਸਾਲ ਲੱਗ ਗਏ। ਪੀੜਤ ਪਰਿਵਾਰ ਨੂੰ ਇਨਸਾਫ ਕਦੋਂ ਮਿਲੂ, ਇਸ ਦਾ ਅੰਦਾਜਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸਭ ਤੋਂ ਵੱਧ ਹੈਰਾਨ ਤੇ ਪ੍ਰੇਸ਼ਾਨ ਕਰਨ ਦੀ ਗੱਲ ਇਹ ਹੈ ਕਿ ਪੋਸਟਮਾਰਟ ਤੋਂ ਤੁੰਰਤ ਬਾਅਦ ਭੇਜੀ ਮ੍ਰਿਤ਼ਕ ਦੀ ਵਿਸਰਾ ਰਿਪੋਰਟ ਕਰੀਬ 7 ਸਾਲ ਬਾਅਦ ਪੁਲਿਸ ਕੋਲ ਪਹੁੰਚੀ ਹੈ। ਇਹ ਗੱਲ ਪੁਲਿਸ ਨੇ ਐਫ.ਆਈ.ਆਰ. ਵਿੱਚ ਵੀ ਦਰਜ਼ ਕੀਤੀ ਹੈ।

ਇਸ ਮਾਮਲੇ ਤੇ ਮਰਹੂਮ ਕਵੀ ਸਰਜੀਤ ਪਾਤਰ ਦੀਆਂ , ਇਹ ਸਤਰਾਂ,,,,,

” ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ ” ਹੂ-ਬ-ਹੂ ਢੁੱਕਦੀਆਂ ਹਨ। ਪੁਲਿਸ ਨੇ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਹੋਈ ਮੌਤ ਦੀ ਘਟਨਾ ਤੋਂ ਸੱਤ ਸਾਲ ਬਾਅਦ ਤਿੰਨ ਨਾਮਜ਼ਦ ਦੋਸ਼ੀਆਂ ਖਿਲਾਫ ਹਾਲੇ ਐਫ.ਆਈ.ਆਰ. ਹੀ ਦਰਜ ਕੀਤੀ ਹੈ, ਜਦੋਂਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਅਤੇ ਉਨਾਂ ਨੂੰ ਸਜਾ ਦਿਵਾਉਣਾ ਤਾਂ ਹਾਲੇ ਦੂਰ ਦੀ ਕੌਡੀ ਹੀ ਕਿਹਾ ਜਾ ਸਕਦਾ ਹੈ। ਇਹ ਮਾਮਲਾ ਬਠਿੰਡਾ ਜਿਲ੍ਹੇ ਦੇ ਥਾਣਾ ਮੌੜ ਦੇ ਪਿੰਡ ਸੰਦੋਹਾ ਦਾ ਹੈ।
       ਪੁਲਿਸ ਥਾਣਾ ਮੌੜ ਵਿਖੇ ਲੰਘੀ ਕੱਲ੍ਹ ਦਰਜ ਐਫ.ਆਈ.ਆਰ. ਨੰਬਰ 36 ਅਧੀਨ ਜ਼ੁਰਮ 304/34 ਆਈਪੀਸੀ ਦੇ ਮੁਦਈ ਗੁਰਦੀਪ ਸਿੰਘ ਵਾਸੀ ਸੰਦੋਹਾ ਨੇ ਆਪਣੇ ਬਿਆਨ ‘ਚ ਲਿਖਾਇਆ ਹੈ ਕਿ ਉਸ ਦਾ ਲੜਕਾ ਚਰਨਪਾਲ ਸਿੰਘ ਜੋ ਨਸ਼ੇ ਕਰਨ ਦੀ ਆਦੀ ਸੀ। ਉਸ ਨੂੰ 17 ਅਪ੍ਰੈਲ 2018 ਨੂੰ ਦੋਸ਼ੀ ਕਾਕਾ ਸਿੰਘ ਪੁੱਤਰ ਪ੍ਰਗਟ ਸਿੰਘ, ਰੇਸ਼ਮ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਕਰਨ ਸਿੰਘ ਪੁੱਤਰ ਗੁਰਮੇਲ ਸਿੰਘ ਸਾਰੇ ਵਾਸੀ ਸੰਦੋਹਾ ਆਪਣੇ ਨਾਲ ਲੈ ਗਏ ਸਨ ਅਤੇ ਸ਼ਾਮ ਨੂੰ ਇਹੋ ਵਿਅਕਤੀ ਚਰਨਪਾਲ ਸਿੰਘ ਨੂੰ ਬੇਹੋਸੀ ਦੀ ਹਾਲਤ ਵਿੱਚ ਲੈ ਕੇ ਆਏ ਅਤੇ ਚਰਨਪਾਲ ਸਿੰਘ ਦੀ ਮੌਤ ਹੋ ਗਈ । ਇਸ ਘਟਨਾ ਦੇ ਸਬੰਧ ਵਿੱਚ ਪਹਿਲਾਂ 18/4/2018 ਨੂੰ 174 Crpc ਤਹਿਤ ਕਾਰਵਾਈ ਕੀਤੀ ਗਈ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੇ ਦੱਸਿਆ ਕਿ ਉਕਤ ਕੇਸ ਵਿੱਚ ਹੁਣ ਵਿਸਰਾ ਰਿਪੋਰਟ ਆਉਣ ਅਤੇ ਡਾਕਟਰ ਦੀ ਰਾਏ ਹਾਸਿਲ ਕਰਨ ਤੋਂ ਬਾਅਦ ਨਾਮਜ਼ਦ ਦੋਸ਼ੀਆਂ ਖਿਲਾਫ (culpable homicide not amounting to murder) ਅਧੀਨ ਜੁਰਮ 304/34 IPC ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਕੋਈ ਗਿਫਤਾਰੀ ਨਹੀ ਹੋਈ। ਵਰਨਣਯੋਗ ਹੈ ਕਿ ਉਕਤ ਗੈਰ ਇਰਾਦਤਨ ਹੱਤਿਆ ਦਾ ਜੁਰਮ ਸਾਬਿਤ ਹੋਣ ਤੇ ਦੋਸ਼ੀਆਂ ਨੂੰ ਉਮਰ ਕੈਦ ਜਾਂ 10 ਸਾਲ ਤੱਕ ਦੀ ਸਜਾ ਦੀ ਵਿਵਸਥਾ ਹੈ। 
ਵਿਸਰਾ ਰਿਪੋਰਟ ਦੀ ਕੀ ਐ ਪ੍ਰਕਿਰਿਆ
     ਸਿਹਤ ਵਿਭਾਗ ਦੇ ਰਿਟਾਇਰਡ ਸੀ.ਐਮ.ਓ. ਡਾਕਟਰ ਜਸਬੀਰ ਸਿੰਘ ਔਲਖ ਅਨੁਸਾਰ ਜਦੋਂ ਵੀ ਕਿਸੇ ਵਿਅਕਤੀ ਦੀ ਮੌਤ  ਸ਼ੱਕੀ ਹਾਲਤਾਂ ਵਿੱਚ ਹੋਣ ਦਾ ਕੇਸ ਆਉਂਦਾ ਹੈ, ਅਜਿਹੀ ਹਾਲਤ ਵਿੱਚ ਮੌਤ ਦੀ ਵਜ੍ਹਾ/ਕਾਰਣ ਸਪੱਸਟ ਕਰਨ ਲਈ ਮ੍ਰਿਤਕ ਦਾ ਵਿਸਰਾ ਲੈ ਕੇ, ਕੈਮੀਕਲ ਐਗਜਾਮੀਨਰ ਲੈਬੋਰਟਰੀ ਖਰੜ (ਪੰਜਾਬ) ਕੋਲ ਜਾਂਚ ਲਈ ਪੁਲਿਸ ਦੇ ਤਫਤੀਸ਼ੀ ਅਫਸਰ ਰਾਹੀਂ ਭੇਜਿਆ ਜਾਂਦਾ ਹੈ। ਇਸ ਦੀ ਰਿਪੋਰਟ ਵੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੁਲਿਸ ਕੋਲ ਭੇਜੀ ਜਾਂਦੀ ਹੈ। ਤਾਂ ਜੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਚਲਾਨ ਪੇਸ਼ ਕੀਤਾ ਜਾ ਸਕੇ। ਜੇਕਰ ਵਿਸਰਾ ਰਿਪੋਰਟ ਸਮੇਂ ਸਿਰ ਨਹੀਂ ਪਹੁੰਚਦੀ ਤਾਂ ਇਹ ਪ੍ਰਾਪਤ ਕਰਨ ਲਈ ਪੈਰਵੀ ਪੁਲਿਸ ਨੇ ਹੀ ਕਰਨੀ ਹੁੰਦੀ ਹੈ। ਉੱਧਰ ਪਤਾ ਇਹ ਵੀ ਲੱਗਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਣ ਤੋਂ ਖਫਾ ਹੋ ਕੇ, ਮਾਨਯੋਗ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇਸਤਗਾਸਾ ਵੀ ਦਾਇਰ ਕੀਤਾ , ਜਿਹੜਾ ਹਾਲੇ ਪੈਂਡਿੰਗ ਹੈ। ਇਸਤਗਾਸੇ ਦੀ ਪੁਸ਼ਟੀ ਥਾਣਾ ਮੌੜ ਦੇ ਐਸਐਚਓ ਇੰਸ: ਮਨਜੀਤ ਸਿੰਘ ਨੇ ਵੀ ਕੀਤੀ ਹੈ। ਉਨਾਂ ਕਿਹਾ ਕਿ ਕੇਸ ਦਰਜ ਹੋਣ ਵਿੱਚ ਦੇਰੀ ਦਾ ਕਾਰਣ, ਵਿਸਰਾ ਰਿਪੋਰਟ ਦਾ ਦੇਰੀ ਨਾਲ ਆਉਣਾ ਹੀ ਹੈ। ਉਨਾਂ ਕਿਹਾ ਕਿ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਵਿਸਰਾ ਰਿਪੋਰਟ ਵਿੱਚ ਹੋਈ ਦੇਰੀ ਲਈ, ਮਾਨਯੋਗ ਅਦਾਲਤ ਜਾਂ ਪੁਲਿਸ ਦੇ ਆਲ੍ਹਾ ਅਧਿਕਾਰੀ ਕਿੰਨ੍ਹਾਂ ਨੂੰ ਜਿੰਮੇਵਾਰ ਠਹਿਰਾਉਣਗੇ। 
Advertisement
Advertisement
Advertisement
Advertisement
error: Content is protected !!