ਮੁੱਖ ਮੰਤਰੀ ਨੇ ਕਿਹਾ, 1.31 ਕਰੋੜ ਔਰਤਾਂ ਨੂੰ ਹੋਵੇਗਾ ਲਾਭ , ਔਰਤਾਂ ਦੀ ਸੁਰੱਖਿਆ ਲਈ ਬੱਸਾਂ ‘ਚ ਕੀਤੇ ਇੰਤਜਾਮ
ਬੀ.ਟੀ.ਐਨ. ਫਾਜ਼ਿਲਕਾ, 1 ਅਪ੍ਰੈਲ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵਰਚੂਅਲ ਸਮਾਗਮ ਰਾਹੀਂ ਰਾਜ ਦੀਆਂ ਵਸਨੀਕ ਔਰਤਾਂ ਲਈ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਕੀਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ 1036 ਥਾਂਵਾਂ ਤੋਂ ਆਨਲਾਈਨ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਔਰਤਾਂ ਨੂੰ 50 ਫੀਸਦੀ ਕਿਰਾਏ ਵਿਚ ਛੋਟ ਦੇ ਵਾਅਦੇ ਦੇ ਮੁਕਾਬਲੇ 100 ਫੀਸਦੀ ਕਿਰਾਇਆ ਛੋਟ ਦੇ ਕੇ ਮਹਿਲਾ ਸ਼ਸਕਤੀਕਰਨ ਲਈ ਸਰਕਾਰ ਦੀ ਵਚਨਬੱਧਤਾ ਦਿਖਾਈ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਵਿਚੋਂ 85 ਫੀਸਦੀ ਪੂਰੇ ਕਰ ਦਿੱਤੇ ਗਏ ਹਨ ਅਤੇ ਇਹ ਹੁਣ ਤੱਕ ਦਾ ਰਿਕਾਰਡ ਹੈ ਜਦ ਕਿ ਚਾਲੂ ਸਾਲ ਦੌਰਾਨ ਬਾਕੀ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਔਰਤਾਂ ਦੇ ਸ਼ਸਕਤੀਕਰਨ ਲਈ ਉਨਾਂ ਦੀ ਸਰਕਾਰ ਵੱਲੋਂ ਪਹਿਲਾਂ ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ 50 ਫੀਸਦੀ ਦਾ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਹੁਣ ਸਰਕਾਰੀ ਨੌਕਰੀਆਂ ਵਿਚ ਵੀ 33 ਫੀਸਦੀ ਦਾ ਰਾਖਵਾਂਕਰਨ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੁਲਤ ਦਾ 1.31 ਕਰੋੜ ਔਰਤਾਂ ਨੂੰ ਲਾਭ ਹੋਵੇਗਾ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਬੱਸਾਂ ਵਿਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੱਸਾਂ ਵਿਚ ਜੀਪੀਐਸ ਸਿਸਟਮ ਲਗਾਏ ਗਏ ਹਨ ਅਤੇ ਨਿੱਜੀ ਬੱਸਾਂ ਵਿਚ ਵੀ 31 ਅਗਸਤ ਤੱਕ ਇਹ ਸਿਸਟਮ ਲਗਾਉਣ ਲਈ ਕਿਹਾ ਗਿਆ ਹੈ।ਇਸ ਤੋਂ ਪਹਿਲਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਸਹਾਇਤਾ ਵੀ 21 ਹਜਾਰ ਤੋਂ ਵਧਾ ਕੇ 51 ਹਜਾਰ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਔਰਤਾਂ ਦੀ ਸੁਰੱਖਿਆ ਲਈ ਸਾਂਝ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਅਤੇ ਕਿਸੇ ਵੀ ਮੁਸਕਿਲ ਸਮੇਂ ਔਰਤਾਂ 181 ਤੇ ਕਾਲ ਕਰਕੇ ਪੁਲਿਸ ਮਦਦ ਲੈ ਸਕਦੀਆਂ ਹਨ।
ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦੱਸਿਆ ਕਿ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੁਲਤ ਪੰਜਾਬ ਰਾਜ ਦੀ ਹਦੂਦ ਅੰਦਰ ਪੰਜਾਬ ਰਾਜ ਦੀਆਂ ਵਸਨੀਕ ਸਾਰੀਆਂ ਔਰਤਾਂ ਨੂੰ ਮਿਲੇਗੀ ਅਤੇ ਇਹ ਪੀਆਰਟੀਸੀ, ਪਨਬਸ, ਪੰਜਾਬ ਰੋਡਵੇਜ ਦੀਆਂ ਸਾਰੀਆਂ ਨਾਨ ਏਸੀ ਬੱਸਾਂ ਵਿਚ ਉਪਲਬੱਧ ਹੋਵੇਗੀ।ਇਸ ਤੋਂ ਪਹਿਲਾਂ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਤੋਂ ਬਾਅਦ ਜ਼ਿਲਾ ਸਦਰ ਮੁਕਾਮ ਤੋਂ ਇਸ ਸਮਾਗਮ ਵਿਚ ਜੁੜੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਔਰਤਾਂ ਲਈ ਮੁਫ਼ਤ ਸਫਰ ਦੀ ਸਹੁਲਤ ਵਾਲੀ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਲਈ ਇਹ ਸਕੀਮ ਬਹੁਤ ਲਾਹੇਵੰਦ ਹੈ ਅਤੇ ਇਸ ਨਾਲ ਔਰਤਾਂ ਨੂੰ ਸਮਾਜਿਕ ਬਰਾਬਰੀ ਮਿਲੇਗੀ ਅਤੇ ਉਨਾਂ ਨੂੰ ਪੜਨ ਅਤੇ ਅੱਗੇ ਵੱਧਣ ਦੇ ਵੀ ਵਧੇਰੇ ਮੌਕੇ ਮਿਲਣਗੇ।
ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਹੰਸ ਰਾਜ ਜੋਸਨ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ੍ਰੀ ਰੂਬੀ ਗਿੱਲ, ਐਸ.ਡੀ.ਐਮ. ਸ੍ਰੀ ਕੇਸਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ, ਟਰਾਂਸਪੋਰਟ ਵਿਭਾਗ ਤੋਂ ਜਸਵਿੰਦਰ ਸਿੰਘ ਜੱਸੀ ਵੀ ਹਾਜਰ ਸਨ।