ਸਿਹਤ ਵਿਭਾਗ ਦੀ ਸੀਨੀਅਰ ਸਿਟੀਜ਼ਨਾਂ ਨੂੰ ਵੈਕਸੀਨ ਲਵਾਉਣ ਦੀ ਅਪੀਲ, ਕਿਹਾ ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ: ਐਸਐਮਓ
ਗੁਰਸੇਵਕ ਸਹੋਤਾ , ਮਹਿਲ ਕਲਾਂ , 12 ਮਾਰਚ 2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਬਰਨਾਲਾ ਵਿੱਚ ਵੱਖ ਵੱਖ ਥਾਈਂ ਕਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਮੁਹਿੰਮ ਅਧੀਨ ਅੱਜ ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਅਤੇ ਐਸਐਮਓ ਡਾ. ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਸੀਐਚਸੀ ਮਹਿਲ ਕਲਾਂ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿਚ ਬਜ਼ੁਰਗਾਂ ਅਤੇ 45 ਸਾਲ ਤੋਂ ਉਪਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਵੱਲੋਂ ਕਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਇਆ ਗਿਆ। ਇਸ ਮੌਕੇ ‘ਬਰਨਾਲਾ ਦੀ ਸ਼ਾਨ’ ਮੁਹਿੰਮ ਤਹਿਤ ਜਾਗਰੂਕਤਾ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ।
ਇਸ ਮੌਕੇ ਡਾ. ਸੂਦ ਨੇ ਦੱਸਿਆ ਕਿ ਜੇਕਰ ਕੋਈ ਬਜ਼ੁਰਗ ਜਾਂ 45 ਸਾਲ ਤੋਂ ਉਪਰ ਦਾ ਹੋਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਵੈਕਸੀਨ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਸੀਐਚਸੀ ਮਹਿਲ ਕਲਾਂ ਵਿਖੇ ਮੌਕੇ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਟੀਕਾ ਲਗਵਾ ਸਕਦਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਬੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ ਤੇ ਬੀਈਈ ਕੁਲਜੀਤ ਸਿੰਘ ਵੱਲੋਂ ਮਹਿਲ ਕਲਾਂ ਵਾਸੀਆਂ ਨੂੰ ਵੈਕਸੀਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਇਸ ਸਬੰਧੀ ਅਫਵਾਹਾਂ ਤੋਂ ਬਚਿਆ ਜਾਵੇ।