ਰਘਵੀਰ ਹੈਪੀ , ਬਰਨਾਲਾ, 12 ਮਾਰਚ 2021
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸਕੂਲਾਂ ਵਿੱਚ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਅਗਲੇ ਸਾਲ 15 ਅਗਸਤ 2022 ਨੂੰ ਮਨਾਏ ਜਾ ਰਹੇ 75ਵੇਂ ਅਜ਼ਾਦੀ ਦਿਵਸ ਤੋਂ 75 ਹਫਤੇ ਪਹਿਲਾਂ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਨਾਂ ਦੇ ਹੇਠ ਦੇਸ਼ ਭਰ ਵਿੱਚ ਸ਼ੁਰੂ ਹੋ ਰਹੇ ਸਮਾਗਮਾਂ ਦੇ ਸੰਦਰਭ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ। ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਇਸ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਕੂਲ ਮੁਖੀਆਂ ਵੱਲੋਂ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਸਬੰਧ ਵਿੱਚ ਨਾਨ ਬੋਰਡ ਕਲਾਸਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਦੇ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਦੀ ਸ਼ਰੂਆਤ ਕੀਤੀ ਗਈ ਹੈ।
ਇਹ ਮੁਕਾਬਲੇ ਸਕੂਲਾਂ ਦੀ ਸਮਾਂ ਸਾਰਣੀ ਅਨੁਸਾਰ ਸਬੰਧਿਤ ਜਮਾਤਾਂ ਦੇ ਪੀਡੀਅਡ ਦੌਰਾਨ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਸਨਮਾਨਿਤ ਵੀ ਕੀਤਾ ਗਿਆ ਹੈ।ਮੁਕਾਬਲਿਆਂ ਦੇ ਨਾਲ ਨਾਲ ਸਵੇਰ ਦੀ ਸਭਾ ਦੌਰਾਨ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਆਖਿਆ ਗਿਆ ਹੈ। ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਸਕੂਲ ਮੁਖੀ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਬਿਹਤਰੀਨ ਪੇਸ਼ਕਾਰੀਆਂ ਦੀ ਚੋਣ ਕਰਕੇ ਸਕੂਲਾਂ ਦੇ ਸ਼ੋਸ਼ਲ ਮੀਡੀਆ ਪੇਜ ਤੇ ਅਪਲੋਡ ਕਰਨਗੇ। ਇਹਨਾਂ ਵਿੱਚੋਂ ਬਿਹਤਰੀਨ ਪੇਸ਼ਕਾਰੀਆਂ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਐੱਸ.ਐੱਸ.ਰਾਹੀਂ ਮੁੱਖ ਦਫ਼ਤਰ ਦੇ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਅਤੇ ਐੱਸ.ਐੱਸ. ਨੂੰ ਭੇਜੀਆਂ ਜਾਣਗੀਆਂ।
ਸ੍ਰ ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਸਰਕਾਰੀ ਹਾਈ ਸਕੂਲ ਭੋਤਨਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਠੀਕਰੀਵਾਲਾ, ਸਰਕਾਰੀ ਕੰਨਿਆ ਹਾਈ ਸਕੂਲ ਤਪਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਧਨੌਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ,ਸਰਕਾਰੀ ਹਾਈ ਸਕੂਲ ਰਾਮਗੜ੍ਹ,ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਸਮੇਤ ਸਾਰੇ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਹਨ।