ਸੀਨੀਅਰ ਸਿਟੀਜ਼ਨਾਂ ਨੂੰ ਵੈਕਸੀਨ ਲਵਾਉਣ ਦੀ ਅਪੀਲ , ਹੁਣ ਤੱਕ 3614 ਖੁਰਾਕਾਂ ਵੈਕਸੀਨ ਲਾਈ
ਹਰਿੰਦਰ ਨਿੱਕਾ , ਬਰਨਾਲਾ, 12 ਮਾਰਚ 2021
ਕਰੋਨਾ ਵੈਕਸੀਨ ਬਿਲਕੁਲ ਸੁਰੱਖਿਆ ਹੈ, ਇਸ ਸਬੰਧੀ ਅਫਵਾਹਾਂ ਤੋਂ ਬਚਿਆ ਜਾਵੇ। ਇਹ ਪ੍ਰਗਟਾਵਾ ਕਰਦੇ ਹੋਏ ਜ਼ਿਲਾ ਟੀਕਾਕਰਨ ਅਫਸਰ ਰਾਜਿੰਦਰ ਸਿੰਗਲਾ ਨੇ ਆਖਿਆ ਕਿ ਉਹ ਖੁਦ ਵੀ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਆਖਿਆ ਕਿ ਇਸ ਵੈਕਸੀਨ ਸਬੰਧੀ ਕਈ ਲੋਕਾਂ ਦੇ ਮਨਾਂ ਵਿਚ ਖਾਸ ਕਰ ਕੇ ਬਜ਼ਰਗਾਂ ਵਿਚ ਡਰ ਅਤੇ ਵਹਿਮ ਹੈ। ਉਨਾਂ ਕਿਹਾ ਕਿ ਪਹਿਲੇ ਗੇੜ ਵਿਚ ਸਿਹਤ ਅਮਲੇ ਅਤੇ ਦੂਜੇ ਗੇੜ ਵਿਚ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਹੁਣ 60 ਸਾਲ ਤੋਂ ਉਪਰ ਦੇ ਵਿਅਕਤੀਆਂ ਅਤੇ 45 ਸਾਲ ਤੋਂ ਉਪਰ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਵੈਕਸੀਨ ਲਾਈ ਜਾ ਰਹੀ ਹੈ।
ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਹੁਣ ਤੱਕ 2491 ਡੋਜ਼ਾਂ ਵੈਕਸੀਨ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਲਾਈ ਜਾ ਚੁੱਕੀ ਹੈ, ਜਦੋਂਕਿ 1123 ਖੁਰਾਕਾਂ ਵੈਕਸੀਨ ਸੀਨੀਅਰ ਸਿਟੀਜ਼ਨਾਂ ਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਲਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 3614 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ। ਇਸ ਮੌਕੇ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਦੇ ਚੇਅਰਮੈਨ ਸ੍ਰੀ ਵਕੀਲ ਚੰਦ ਗੋਇਲ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਬਰਨਾਲਾ ਵਿਖੇ ਕਰੋਨਾ ਵਿਰੁੱਧ ਵੈਕਸੀਨ ਲਵਾ ਚੁੱਕੇ ਹਨ ਅਤੇ ਉਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਉਨਾਂ ਆਖਿਆ ਕਿ ਉਨਾਂ ਦੀ ਸੁਸਾਇਟੀ ਦੇ ਰੋਜ਼ਾਨਾ ਕਰੀਬ 20 ਮੈਂਬਰ ਇਹ ਵੈਕਸੀਨ ਲਵਾ ਰਹੇ ਹਨ ਤਾਂ ਜੋ ਉਹ ਆਪਣੇ ਅਤੇ ਆਪਣੇ ਪਰਿਵਾਰ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰੱਖ ਸਕਣ।
ਸੁਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਮੁਕੰਦ ਲਾਲ ਬਾਂਸਲ ਨੇ ਆਖਿਆ ਕਿ ਵੈਕਸੀਨ ਬਾਰੇ ਅਫਵਾਹਾਂ ’ਤੇ ਭਰੋਸਾ ਨਾ ਕੀਤਾ ਜਾਵੇ, ਉਹ ਖੁਦ ਵੀ ਕਰੋਨਾ ਵਿਰੁੁੱਧ ਟੀਕਾ ਲਵਾ ਚੁੱਕੇ ਹਨ। ਇਸ ਮੌਕੇ ਸੀਨੀਅਰ ਸਿਟੀਜ਼ਨ ਸੇਵਾਮੁਕਤ ਪਿ੍ਰੰਸੀਪਲ ਦੁਰਗਾ ਦਾਸ ਜਿੰਦਲ ਨੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਵੈਕਸੀਨ ਮੁਫਤ ਲਾਈ ਜਾ ਰਹੀ ਹੈ ਅਤੇ ਸੀਨੀਅਰ ਸਿਟੀਜ਼ਨ ਸਰਕਾਰ ਦੀ ਇਸ ਸਹੂਲਤ ਦਾ ਲਾਭ ਲੈਣ।